ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਲਾਹੌਰ ਵਿੱਚ ਉਦਘਾਟਨ

ਸਿੱਖ ਰਾਜ ਨੂੰ ਅਫਗਾਨਿਸਤਾਨ ਤੱਕ ਫੈਲਾਉਣ ਵਾਲੇ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਕੱਲ੍ਹ ਉਨ੍ਹਾਂ ਦੀ ਬਰਸੀ ਮੌਕੇ ਲਾਹੌਰ ਦੇ ਇਤਿਹਾਸਕ ਕਿਲੇ ਵਿੱਚ ਉਦਘਾਟਨ ਕੀਤਾ ਗਿਆ। ਇਸ ਬੁੱਤ ਵਿੱਚ ਮਹਾਰਾਜੇ ਨੂੰ ਘੋੜੇ ਉੱਤੇ ਬੈਠਿਆਂ ਦਿਖਾਇਆ ਗਿਆ ਹੈ। ਇਸ ਬੁੱਤ ਨੂੰ ਲਾਹੌਰ ਦੇ ਕਿਲੇ ਵਿੱਚ ਮਾਈ ਜਿੰਦਾ ਹਵੇਲੀ ਦੀ ਸਿੱਖ ਗੈਲਰੀ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਸਮਾਰੋਹ ਵਿੱਚ ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਪੰਜਾਬੀ ਸਿੱਖ ਮਹਾਰਾਜੇ ਦਾ ਇਹ ਬੁੱਤ ਭਾਰਤ ਤੇ ਪਕਿਸਤਾਨ ਵਿੱਚ ਆਪਣੇ ਆਪ ਵਿੱਚ ਪਹਿਲਾ ਅਤੇ ਵਿਲੱਖਣ ਬੁੱਤ ਹੈ। ਇਸ ਪਹਿਲਕਦਮੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕਲਾ ਪ੍ਰੇਮੀਆਂ ’ਚ ਉਤਸ਼ਾਹ ਦਾ ਮਾਹੌਲ ਹੈ। ਇਸ ਬੁੱਤ ਨੂੰ ਤਿਆਰ ਕਰਨ ਵਾਲੇ ਕਲਾਕਾਰ ਨੇ ‘ਐਕਸਪ੍ਰੈਸ ਨਿਊਜ਼’ ਨੂੰ ਦੱਸਿਆ ਕਿ ਬੁੱਤ ਵਿੱਚ ਮਹਾਰਾਜੇ ਦੀਆਂ ਸਾਰੀਆਂ ਖੂਬੀਆਂ ਨੂੰ ਦਰਸਾਇਆ ਗਿਆ ਹੈ। ਇਸ ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਮਨਪਸੰਦ ਅਰਬੀ ਘੋੜੇ ਕਹਾਰ ਬਹਾਰ ਉੱਤੇ ਬੈਠਾ ਹੈ। ਇਹ ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਨੇ ਤੋਹਫ਼ੇ ਵਿੱਚ ਦਿੱਤਾ ਸੀ। ਬੁੱਤ ਫਕੀਰਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸੈਫ਼ਉਦੀਨ ਸੋਜ਼ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ।
ਫਕੀਰ ਸੈਫਉਦੀਨ ਨੇ ਦੱਸਿਆ ਕਿ ਇਹ ਬੁੱਤ ਇਸ ਖਿੱਤੇ ਵਿੱਚ ਬਣੇ ਹੋਰਨਾਂ ਬੁੱਤਾਂ ਤੋਂ ਇਸ ਕਰਕੇ ਵਿਲੱਖਣ ਹੈ, ਕਿਉਂਕਿ ਇਸ ਨੂੰ ਤਿਆਰ ਕਰਨ ਲਈ ਫਾਈਬਰ ਕੋਲਡ ਬਰੌਨਜ਼ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਇਹ ਬੁੱਤ ਅੱਠ ਮਹੀਨਿਆਂ ਵਿੱਚ ਤਿਆਰ ਕੀਤਾ ਗਿਆ ਹੈ।

Total Views: 323 ,
Real Estate