Nestle ਦੇ ਤਿੰਨ ਬੱਚਿਆਂ ਨਾਲ ਸਬੰਧਤ ਉਤਪਾਦ ਗ਼ੈਰ-ਮਿਆਰੀ ਕਰਾਰ

ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫ ਐੱਸ ਐੱਸ ਏ ਆਈ) ਨੇ ਬੱਚਿਆਂ ਦੇ ਪੋਸ਼ਣ ਨਾਲ ਸਬੰਧਤ ਨੇੈਸਲੇ ਇੰਡੀਆ ਦੇ ਤਿੰਨ ਉਤਪਾਦਾਂ ਖ਼ਿਲਾਫ਼ ਨਿਯਮਾਂ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਉਧਰ, ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਉਤਪਾਦ ਲਾਗੂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ।ਐੱਫ ਐੱਸ ਐੱਸ ਏ ਆਈ ਨੇ ‘ਨੈਨ ਐਕਸੇਲਾ ਪ੍ਰੋ ਸਟੇਜ-1’, ‘ਲੈਕਟੋਜਨ ਪ੍ਰੋ-1’ ਅਤੇ ਇੱਕ ਫਾਲੋ-ਅੱਪ ਫਾਰਮੂਲੇ ਸਬੰਧੀ ਕਾਰਵਾਈ ਕੀਤੀ ਹੈ। ਅਥਾਰਿਟੀ ਨੇ ਨੈਨ ਐਕਸੇਲਾ ਪ੍ਰੋ ਸਟੇਜ-1 ’ਤੇ ‘5 ਐੱਚ ਐੱਮ ਓਜ਼’ ਅਤੇ ‘ਵੇਅ ਪ੍ਰੋਟੀਨ’ ਨਾਲ ਜੁੜੇ ਦਾਅਵਿਆਂ, ਜਦਕਿ ਲੈਕਟੋਜਨ ਪ੍ਰੋ-1 ਤੇ ‘ਵੇਅ ਪ੍ਰੋਟੀਨ’ ਨੂੰ ਆਸਾਨੀ ਨਾਲ ਹਜ਼ਮ ਹੋਣ ਸਬੰਧੀ ਦਾਅਵਿਆਂ ’ਤੇ ਇਤਰਾਜ਼ ਕੀਤਾ ਗਿਆ ਹੈ। ਖ਼ੁਰਾਕ ਨਿਗਰਾਨ ਅਥਾਰਿਟੀ ਨੇ ਈ-ਕਾਮਰਸ ਪਲੈਟਫਾਰਮਾਂ ’ਤੇ ਉਪਲਬਧ ਪ੍ਰਚਾਰ ਸਮੱਗਰੀ ਦੀ ਜਾਂਚ ਤੋਂ ਬਾਅਦ ਕੰਪਨੀ ਤੋਂ ਸਪੱਸ਼ਟੀਕਰਨ ਮੰਗਿਆ ਸੀ। ਅਥਾਰਿਟੀ ਨੇ ਕਿਹਾ ਕਿ ਦੋਵੇਂ ਉਤਪਾਦ 2020 ਦੇ ਬਾਲ ਪੋਸ਼ਣ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ। ਨਾਲ ਹੀ 1992 ਦੇ ਕਾਨੂੰਨ ਤਹਿਤ ਅਜਿਹੇ ਉਤਪਾਦਾਂ ਦੇ ਇਸ਼ਤਿਹਾਰ ਜਾਂ ਪ੍ਰਚਾਰ ’ਤੇ ਪਾਬੰਦੀ ਦੀ ਉਲੰਘਣਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਫਾਲੋ-ਅੱਪ ਫਾਰਮੂਲੇ ਦੇ ਨਮੂਨੇ ਵਿੱਚ ਬਾਇਓਟਿਨ ਦੀ ਮਾਤਰਾ ਨਿਰਧਾਰਤ ਮਿਆਰ ਤੋਂ ਘੱਟ ਮਿਲੀ। ਮੁੜ ਜਾਂਚ ਵਿੱਚ ਵੀ ਨਮੂਨਾ ਮਾਪਦੰਡਾਂ ਅਨੁਸਾਰ ਨਹੀਂ ਪਾਇਆ ਗਿਆ। ਅਥਾਰਿਟੀ ਨੇ ਤਿੰਨ ਕੇਸ ਦਰਜ ਕੀਤੇ ਹਨ। ਨੇੈਸਲੇ ਇੰਡੀਆ ਨੇ ਕਿਹਾ ਹੈ ਕਿ ਉਸ ਦੇ ਉਤਪਾਦ ਅਤੇ ਲੇਬਲ ਨਿਗਰਾਨ ਅਥਾਰਿਟੀ ਦੀ ਮਾਹਿਰ ਕਮੇਟੀ ਵੱਲੋਂ ਮਨਜ਼ੂਰ ਕੀਤੇ ਗਏ ਹਨ। ਕੰਪਨੀ ਨੇ ਕਿਹਾ ਕਿ ਲੇਬਲ ’ਤੇ ਦਿੱਤੇ ਦਾਅਵੇ ਵਿਗਿਆਨਕ ਤੱਥਾਂ ’ਤੇ ਆਧਾਰਿਤ ਹਨ ਅਤੇ ਉਹ ਅਥਾਰਿਟੀ ਨਾਲ ਸਹਿਯੋਗ ਜਾਰੀ ਰੱਖੇਗੀ।

Total Views: 1 ,
Real Estate