ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਅਪੀਲ-ਅਜਿਹੇ ਲੁਟੇਰੇ ਦੁਬਾਰਾ ਆਉਣ ਤਾਂ ਜਥੇਬੰਦੀ ਨੂੰ ਸੂਚਿਤ ਕਰੋ
ਬਠਿੰਡਾ , 28 ਜੁਲਾਈ (ਪਰਮਿੰਦਰ ਸਿੰਘ ਸਿੱਧੂ)- ਦੇਸ਼ ਦੇ ਚੌਥੇ ਥੰਮ ਮੀਡੀਆ ਨਾਲ ਜੁੜੇ ਪੱਤਰਕਾਰਾਂ ਦਾ ਸੂਝਵਾਨ ਹੋਣਾ ਤੇ ਲੋਕਹਿੱਤੀ ਹੋਣਾ ਬੇਹੱਦ ਜਰੂਰੀ ਹੈ ਅਤੇ ਪੱਤਰਕਾਰਾਂ ਦੀ ਕਲਮ ਅਤੇ ਮਾਈਕ ਸਰਕਾਰ ਲਈ ਪੁਲ ਦਾ ਕੰਮ ਕਰਦੇ ਹਨ ਪ੍ਰੰਤੂ ਇਸ ਪਵਿੱਤਰ ਖੇਤਰ ‘ਚ ਅਜਿਹੇ ਵਪਾਰੀ ਕਿਸਮ ਦੇ ਵਿਅਕਤੀ ਘੁਸਪੈਠ ਕਰ ਰਹੇ ਹਨ, ਜਿਨ੍ਹਾਂ ਦਾ ਪੱਤਰਕਾਰਤਾ ਨਾਲ ਕੋਈ ਸੰਬੰਧ ਨਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਬਠਿੰਡਾ ਜਿਲ੍ਹੇ ਦੇ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਅਤੇ ਜਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੰਘ ਸਿੱਧੂ ਅਤੇ ਜਿਲ੍ਹਾ ਸੈਕਟਰੀ ਕੁਲਦੀਪ ਮਤਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਲ੍ਹਾ ਬਠਿੰਡਾ ਦੇ ਅਧੀਨ ਆਉਂਦੀਆਂ ਤਹਿਸੀਲਾਂ ਤੇ ਕਚਹਿਰੀਆਂ ‘ਚੋਂ ਕੁਝ ਲੋਕ ਪੱਤਰਕਾਰਾਂ ਦੇ ਨਾਮ ‘ਤੇ ਅਫਸਰਾਂ ਤੋਂ ਫ਼ਿਰੌਤੀਆਂ ਮੰਗਣ ਦਾ ਮਾਮਲਾ ਧਿਆਨ ‘ਚ ਆਇਆ ਹੈ। ਉਨ੍ਹਾਂ ਕਿਹਾ ਕਿ ਕੁਝ ਅਖੌਤੀ ਪੱਤਰਕਾਰ ਜੋ ਨਾ ਕਿਸੇ ਪ੍ਰਿੰਟ ਮੀਡੀਆ ਅਤੇ ਨਾ ਕੋਈ ਇਲੈਕਟਰੋਨਿਕ ਮੀਡੀਆ ਨਾਲ ਜੁੜੇ ਹੁੰਦੇ ਹਨ, ਪ੍ਰੰਤੂ ਉਹ ਪੱਤਰਕਾਰਤਾ ਦੀ ਧੌਂਸ ਵਿਖਾ ਕੇ ਜਿਲ੍ਹਾ ਬਠਿੰਡਾ ਦੇ ਸਰਕਾਰੀ ਦਫ਼ਤਰਾਂ, ਤਹਿਸੀਲਾਂ ਤੇ ਕਚਹਿਰੀਆਂ ਸਮੇਤ ਹੋਰ ਸਰਕਾਰੀ ਵਿਭਾਗਾਂ ‘ਚ ਜਾ ਕੇ ਪੱਤਰਕਾਰਤਾ ਦੀ ਆੜ ਵਿਚ ਬਲੈਕਮੇਲ ਕਰਨ ਦੇ ਇਰਾਦੇ ਨਾਲ ਮਹੀਨੇ-ਦੋ ਮਹੀਨਿਆਂ ਬਾਅਦ ਸਰਕਾਰੀ ਦਫ਼ਤਰਾਂ ਚ ਜਾ ਕੇ 4,000 ਤੋਂ 5,000 ਰੁਪਏ ‘ਫ਼ਿਰੌਤੀ’ ਵਜੋਂ ਲੈ ਜਾਂਦੇ ਹਨ, ਜਦਕਿ ਉਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਨਹੀਂ ਬਖਸ਼ਦੇ। ਜ਼ਿਲ੍ਹਾ ਪ੍ਰਧਾਨ ਜੌੜਾ ਤੇ ਜਿਲ੍ਹਾ ਜ.ਸ. ਸਿੱਧੂ ਨੇ ਇਸ ਗੰਭੀਰ ਮਾਮਲੇ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਲਈ ਪੱਤਰਕਾਰ ਸ਼ਬਦ ਵਰਤਣਾ ਵੀ ਪੱਤਰਕਾਰਤਾ ਦਾ ਅਪਮਾਨ ਕਰਨ ਵਾਂਗ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਵਪਾਰੀ ਕਿਸਮ ਦੇ ਲੋਕਾਂ ਨੇ ਵੀ ਪੱਤਾਰਕਾਰਤਾ ਵਰਗੇ ਪਵਿੱਤਰ ਖੇਤਰਾਂ ‘ਚ ਸੰਨ੍ਹ ਲਗਾਇਆ ਹੈ। ਉਨ੍ਹਾਂ ਨੇ ਅਜਿਹੇ ਬਲੈਕਮੇਲਰ ਕਿਸਮ ਦੇ ਲੋਕਾਂ ਨੂੰ ਤਾੜਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਜਿਲ੍ਹਾ ਬਠਿੰਡਾ ਦੇ ਕਿਸੇ ਵੀ ਦਫ਼ਤਰ ‘ਚ ਇਸ਼ਤਿਹਾਰ ਦੇ ਨਾਮ ‘ਤੇ ਫਿਰੋਤੀ ਮੰਗੀ ਤਾਂ ਜੇਲ ਦੀਆਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹਿਣ। ਇਸ ਮੌਕੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੰਘ ਸਿੱਧੂ ਅਤੇ ਜਿਲ੍ਹਾ ਸੈਕਟਰੀ ਕੁਲਦੀਪ ਮਤਵਾਲਾ ਨੇ ਜਿਲ੍ਹੇ ਭਰ ਦੀਆਂ ਸਮੂਹ ਤਹਿਸੀਲਾਂ ਤੇ ਕਚਹਿਰੀਆਂ ਤੇ ਸਕੂਲਾਂ ਅਤੇ ਹੋਰ ਸਰਕਾਰੀ ਤੇ ਗੈਰ ਸਰਕਾਰੀ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਚਿੰਤਾ ਨਾ ਕਰਨ, ਸਗੋਂ ਜੇਕਰ ਹੁਣ ਤੁਹਾਡੇ ਕੋਲ ਕੋਈ ਅਜਿਹੇ ਬਲੈਕਮੇਲਰ ਵਿਅਕਤੀ ਪੱਤਰਕਾਰ ਬਣਕੇ ਆਉਣ ਤਾਂ ਉਨ੍ਹਾਂ ਨਾਲ ਬਹਿਸ ਨਹੀਂ ਕਰਨੀ ਸਗੋਂ ਪਿਆਰ ਨਾਲ ਬਿਠਾ ਕੇ ਚਾਹ-ਪਾਣੀ ਪਿਲਾਉਣ ਅਤੇ ਸਾਨੂੰ ਤੁਰੰਤ ਸੂਚਿਤ ਕਰਨ, ਸਾਡੀ ਟੀਮ ਅੱਧੇ ਘੰਟੇ ਦੇ ਵਿਚ-ਵਿਚ ਤੁਹਾਡੇ ਤੱਕ ਪਹੁੰਚੇਗੀ ਅਤੇ ਪੱਤਰਕਾਰਾਂ ਨੂੰ ਢਾਹ ਲਗਾਉਣ ਵਾਲੇ ਤੇ ਫਿਰੋਤੀਆਂ ਮੰਗਣ ਵਾਲੇ ਆਪੋ-ਧਾਪ ਬਣੇ ਪੱਤਰਕਾਰਾਂ ਦੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਚ ਘੁੰਮ ਰਹੇ ਅਜਿਹੇ ਗ੍ਰੋਹਾਂ ‘ਤੇ ਨਕੇਲ ਕਸੀ ਜਾ ਸਕੇ।






















