ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਚੋਣ ਪ੍ਰਚਾਰ ਕਮੇਟੀ ਚੇਅਰਮੈਨ, ਰਾਜਾ ਵੜਿੰਗ ਦੀ ਕੁਰਸੀ ਬਚੀ

ਆਲ ਇੰਡੀਆ ਕਾਂਗਰਸ ਕਮੇਟੀ ਨੇ ਆਖ਼ਰਕਾਰ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿੱਚ ਬਿਨਾਂ ਕੋਈ ਫੇਰਬਦਲ ਕੀਤੇ, ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਾਰ ਪ੍ਰਮੁੱਖ ਕਮੇਟੀਆਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੁਣ ਤਿੰਨ ਵਰਕਿੰਗ ਪ੍ਰਧਾਨ ਕੰਮ ਕਰਨਗੇ, ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜ਼ੀਆ ਦੇ ਨਾਮ ਸ਼ਾਮਲ ਹਨ। ਕਾਂਗਰਸ ਪ੍ਰਧਾਨ ਵੜਿੰਗ ਆਪਣੀ ਕੁਰਸੀ ਬਚਾਉਣ ਵਿੱਚ ਕਾਮਯਾਬ ਰਹੇ ਹਨ, ਪ੍ਰੰਤੂ ਖ਼ਾਸ ਗੱਲ ਇਹ ਹੈ ਕਿ ਸਭ ਤੋਂ ਅਹਿਮ ਚੋਣ ਪ੍ਰਚਾਰ ਕਮੇਟੀ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ।ਕਾਂਗਰਸ ਹਾਈਕਮਾਂਡ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਿਸੇ ਅੰਦਰੂਨੀ ਕਲੇਸ਼ ਦੇ ਡਰੋਂ ਸਭ ਧੜਿਆਂ ਅਤੇ ਸੀਨੀਅਰ ਆਗੂਆਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ। ਜਾਤੀ ਅਤੇ ਵਰਗਾਂ ਵਿੱਚ ਤਵਾਜ਼ਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਂਡ ਨੇ ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੁੱਖੂ ਨੂੰ ਵੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਰਹਿਣਗੇ।

Real Estate