ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਲਗਪਗ ਤੈਅ ਹੈ। ਸੱਤਾਧਾਰੀ ਖੇਮੇ ਦੇ ਉੱਚ ਪੱਧਰ ਤੋਂ ਮਿਲੇ ਸੰਕੇਤਾਂ ਅਨੁਸਾਰ ਇਹ ਪ੍ਰਕਿਰਿਆ ਹੁਣ ਤੋਂ ਲੈ ਕੇ ਕਿਸੇ ਵੀ ਸਮੇਂ, ਸੰਭਵ ਤੌਰ ’ਤੇ ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਨੇਪਰੇ ਚਾੜ੍ਹੀ ਜਾ ਸਕਦੀ ਹੈ। ਇਸ ਫੇਰਬਦਲ ਦੌਰਾਨ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਭਵਿੱਖ ’ਤੇ ਸੰਕਟ ਦੇ ਬੱਦਲ ਘਿਰ ਰਹੇ ਹਨ। ਇਸ ਤੋਂ ਇਲਾਵਾ ਕੁਝ ਕੇਂਦਰੀ ਮੰਤਰੀਆਂ ਨੂੰ ਪਾਰਟੀ ’ਚ ਜ਼ਿੰਮੇਵਾਰੀਆਂ ਸੌਂਪੀਆਂ ਜਾ ਸਕਦੀਆਂ ਹਨ ਅਤੇ ਪਾਰਟੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਕੁਝ ਆਗੂਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਸਬੰਧੀ ਖਬਰਾਂ ਹਨ ਕਿ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਇਹ ਫੇਰਬਦਲ ਭਾਜਪਾ ਦੇ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਪਾਰਟੀ ਦੀ ਨਵੀਂ ਟੀਮ ਦੇ ਐਲਾਨ ਦੇ ਨਾਲ-ਨਾਲ ਕੀਤਾ ਜਾਵੇਗਾ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਕੁਝ ਕੇਂਦਰੀ ਮੰਤਰੀਆਂ ਨੂੰ ਭਾਜਪਾ ਵਿੱਚ ਜਥੇਬੰਦਕ ਭੂਮਿਕਾਵਾਂ ਨਿਭਾਉਣ ਲਈ ਭੇਜਿਆ ਜਾ ਸਕਦਾ ਹੈ ਅਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਬਾਰੇ ਵੀ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਹਨ। ਦੂਜੇ ਪਾਸੇ, ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਭਵਿੱਖ ’ਤੇ ਸੰਕਟ ਦੇ ਬੱਦਲ ਘਿਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਮੰਤਰਾਲੇ ਅਧੀਨ ਆਉਂਦੇ ਮਾਮਲਿਆਂ, ਖ਼ਾਸ ਕਰ ਕੇ ਨੀਟ ਪੇਪਰ ਲੀਕ ਅਤੇ ਸੀ ਬੀ ਐੱਸ ਈ ਡਿਜੀਟਲ ਮਾਰਕਿੰਗ ਸਿਸਟਮ ਵਿੱਚ ਬੇਨਿਯਮੀਆਂ ਕਾਰਨ ਕਈ ਵਿਵਾਦ ਖੜ੍ਹੇ ਹੋਏ ਹਨ।ਜੇ ਇਹ ਬਦਲਾਅ ਹੁੰਦਾ ਹੈ ਤਾਂ ਇਹ ਜੁਲਾਈ ਦੇ ਸ਼ੁਰੂ ਵਿੱਚ ਕਿਸੇ ਵੀ ਸਮੇਂ ਹੋ ਸਕਦਾ ਹੈ, ਜੋ ਕਿ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਹੋਵੇਗਾ। ਮੌਨਸੂਨ ਇਜਲਾਸ ਆਮ ਤੌਰ ’ਤੇ ਮਹੀਨੇ ਦੇ ਤੀਜੇ ਹਫ਼ਤੇ ਸ਼ੁਰੂ ਹੁੰਦਾ ਹੈ। ਮੰਤਰੀ ਮੰਡਲ ਵਿੱਚ ਇਸ ਵੱਡੇ ਬਦਲਾਅ ਦੀ ਤਰੀਕ ਪ੍ਰਧਾਨ ਮੰਤਰੀ ਦੇ ਰੁਝੇਵਿਆਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੇ ਜਾਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਸਰਕਾਰ ਦੀ ਉੱਚ ਲੀਡਰਸ਼ਿਪ ਵਿੱਚ ਇਹ ਰਾਇ ਮਜ਼ਬੂਤ ਹੋ ਰਹੀ ਹੈ ਕਿ ਮੁੱਖ ਮੰਤਰਾਲਿਆਂ ਵਿੱਚ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਲੋੜ ਹੈ। ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ ਕਿ ਭਾਜਪਾ ਆਪਣੇ ‘ਇੱਕ ਵਿਅਕਤੀ, ਇੱਕ ਅਹੁਦਾ’ ਦੇ ਨਿਯਮ ਦੀ ਪਾਲਣਾ ਕਰੇਗੀ।
ਮੋਦੀ ਵਜ਼ਾਰਤ ’ਚ ਵੱਡਾ ਫੇਰਬਦਲ ਤੈਅ
Total Views: 1 ,
Real Estate





















