ਪੁਲੀਸ ਨੇ ਦਰਜ ਕੀਤੇ ਕੇਸ ’ਚ ਚਾਰ ਸਾਲ ਪਹਿਲਾਂ ਮਰੇ ਵਿਅਕਤੀ ਨੂੰ ਕੀਤਾ ਨਾਮਜ਼ਦ

ਕੌਂਸਲ ਚੋਣਾਂ ਦੌਰਾਨ ਰਾਏਕੋਟ ’ਚ ਕਾਂਗਰਸ ਅਤੇ ‘ਆਪ’ ਵਾਲਿਆਂ ’ਚ ਹੋਏ ਝੱਗੜੇ ਦੌਰਾਨ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਉਪਰ ਵੋਟਾਂ ਵਾਲੇ ਦਿਨ ਸਵੇਰੇ ਹੋਏ ਹਮਲੇ ਨੂੰ ਲੈ ਕੇ ਰਾਏਕੋਟ ਪੁਲੀਸ ਵੱਲੋਂ ਦਰਜ ਕੀਤੇ ਕੇਸ ਵਿੱਚ ਇੱਕ ਅਜਿਹੇ ਵਿਅਕਤੀ ਦਾ ਨਾਮ ਦਰਜ ਕੀਤਾ ਹੈ, ਜੋ ਕਰੀਬ ਚਾਰ ਸਾਲ ਪਹਿਲਾਂ ਦੁਨੀਆਂ ਤੋਂ ਰੁਖਸਤ ਹੋ ਚੁੱਕਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਖੁਲਾਸਾ ਕੀਤਾ। ਵਿਧਾਇਕ ਨੇ ਦੱਸਿਆ ਕਿ ਰਾਤ ਨੂੰ ਹੋਏ ਤਕਰਾਰ ਅਤੇ ਝਗੜੇ ਨੂੰ ਲੈ ਕੇ ਰਾਏਕੋਟ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਅਗਲੇ ਦਿਨ ਜਗਦੇਵ ਸਿੰਘ ਦੇ ਧੜੇ ਨੇ ਵੀ ਕੇਸ ਦਰਜ ਕਰਵਾ ਦਿੱਤਾ। ਉਸ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ ਦੇ ਚਾਚਾ ਤੋਚੀ ਦਾ ਨਾਮ ਵੀ ਲਿਖਵਾ ਦਿੱਤਾ। ਉਨ੍ਹਾਂ ਆਖਿਆ ਕਿ ਤੋਚੀ ਨੂੰ ਮਰੇ ਨੂੰ ਵੀ ਕਰੀਬ ਚਾਰ ਵਰ੍ਹੇ ਬੀਤ ਗਏ ਹਨ। ਥਾਣਾ ਮੁਖੀ ਸੁਰਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜਗਦੇਵ ਸਿੰਘ ਜੱਗਾ ਉਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਹੇਠ, ਜੋ ਪੀੜਤ ਧਿਰ ਨੇ ਨਾਮ ਲਿਖਾਏ ਹਨ, ਉਨ੍ਹਾਂ ’ਚ ਬਿੰਦਰਜੀਤ ਸਿੰਘ, ਗੁਰਜੀਤ ਸਿੰਘ, ਕਾਲਾ, ਤੋਚੀ, ਰਵੀ, ਅਮਨਜੀਤ ਸਿੰਘ ਮਾਂਗਟ ਅਤੇ ਮਨੀ ਸਮੇਤ 7 ਮੁਲਜ਼ਮ ਸ਼ਾਮਲ ਹਨ। ਜਗਦੇਵ ਸਿੰਘ ਵਾਲੇ ਧੜੇ ਨਾਲ ਪੱਖ ਜਾਨਣ ਲਈ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਸੱਟਾਂ ਜ਼ਿਆਦਾ ਹੋਣ ਕਾਰਨ ਉਹ ਲੁਧਿਆਣਾ ਹਸਪਤਾਲ ’ਚ ਜ਼ੇਰੇ ਇਲਾਜ ਹਨ।

Total Views: 2 ,
Real Estate