ਵੱਡਾ ਖ਼ਤਰਾ: ਦੁਨੀਆ ਭਰ ਦੇ ਦਰਿਆਵਾਂ ਵਿੱਚ ਘਟ ਰਿਹਾ ਆਕਸੀਜਨ ਦਾ ਪੱਧਰ

ਧਰਤੀ ਦੇ ਵਧ ਰਹੇ ਤਾਪਮਾਨ ਭਾਵ ਆਲਮੀ ਤਪਸ਼ ਕਾਰਨ ਦੁਨੀਆ ਭਰ ਦੇ ਦਰਿਆਵਾਂ ਵਿੱਚ ਆਕਸੀਜਨ ਦਾ ਪੱਧਰ ਹੌਲੀ-ਹੌਲੀ ਘਟ ਰਿਹਾ ਹੈ, ਜਿਸ ਕਾਰਨ ਮੱਛੀਆਂ ਅਤੇ ਪਾਣੀ ਵਾਲੇ ਹੋਰ ਜੀਵਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ ਹੈ।‘ਸਾਇੰਸ ਐਡਵਾਂਸਿਜ਼’ ਰਸਾਲੇ ਵਿੱਚ ਪ੍ਰਕਾਸ਼ਿਤ ਨਵੇਂ ਅਧਿਐਨ ਮੁਤਾਬਕ ਸਾਲ 1985 ਤੋਂ ਹੁਣ ਤੱਕ ਦੁਨੀਆ ਭਰ ਦੇ ਦਰਿਆਵਾਂ ਵਿੱਚ ਆਕਸੀਜਨ ਦੇ ਪੱਧਰ ਵਿੱਚ ਔਸਤਨ 2.1 ਫ਼ੀਸਦੀ ਦੀ ਗਿਰਾਵਟ ਆਈ ਹੈ। ਚੀਨ ਦੇ ਖੋਜੀਆਂ ਨੇ ਸੈਟੇਲਾਈਟ ਅਤੇ ਮਸਨੂਈ ਬੌਧਿਕਤਾ (ਏ ਆਈ) ਦੀ ਮਦਦ ਨਾਲ ਸੰਸਾਰ ਭਰ ਦੇ 21 ਹਜ਼ਾਰ ਤੋਂ ਵੱਧ ਦਰਿਆਵਾਂ ਦਾ ਅਧਿਐਨ ਕਰ ਕੇ ਇਹ ਚਿੰਤਾਜਨਕ ਨਤੀਜਾ ਕੱਢਿਆ ਹੈ।ਵਿਗਿਆਨੀਆਂ ਮੁਤਾਬਕ ਰਸਾਇਣ ਵਿਗਿਆਨ ਦਾ ਨਿਯਮ ਹੈ ਕਿ ਗਰਮ ਪਾਣੀ ਵਿੱਚ ਆਕਸੀਜਨ ਰੋਕਣ ਦੀ ਸਮਰੱਥਾ ਘੱਟ ਹੁੰਦੀ ਹੈ। ਇਨਸਾਨੀ ਸਰਗਰਮੀਆਂ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਕਰ ਕੇ ਜਦੋਂ ਪਾਣੀ ਗਰਮ ਹੁੰਦਾ ਹੈ, ਤਾਂ ਇਹ ਆਕਸੀਜਨ ਨੂੰ ਵਾਯੂਮੰਡਲ ਵਿੱਚ ਛੱਡ ਦਿੰਦਾ ਹੈ। ਜੇ ਆਕਸੀਜਨ ਘਟਣ ਦੀ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ, ਤਾਂ ਸਦੀ ਦੇ ਅੰਤ ਤੱਕ ਦਰਿਆਵਾਂ ਵਿੱਚ 4 ਤੋਂ 5 ਫ਼ੀਸਦੀ ਤੱਕ ਆਕਸੀਜਨ ਹੋਰ ਘਟ ਜਾਵੇਗੀ।ਚੀਨੀ ਅਕੈਡਮੀ ਆਫ਼ ਸਾਇੰਸਿਜ਼ ਦੇ ਵਾਤਾਵਰਨ ਵਿਗਿਆਨੀ ਸ਼ੀ ਗੁਆਨ ਨੇ ਖ਼ਬਰਦਾਰ ਕੀਤਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਦਰਿਆਵਾਂ ਵਿੱਚ ‘ਡੈੱਡ ਜ਼ੋਨ’ ਬਣ ਸਕਦੇ ਹਨ। ਇਸ ਨਾਲ ਜੈਵ ਵੰਨ-ਸੁਵੰਨਤਾ ਦਾ ਨੁਕਸਾਨ ਹੁੰਦਾ ਹੈ ਅਤੇ ਪਾਣੀ ਦੀ ਗੁਣਵੱਤਾ ਵੀ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਇਨਸਾਨਾਂ ’ਤੇ ਵੀ ਪੈਂਦਾ ਹੈ। ਐਰੀਜ਼ੋਨਾ ਯੂਨੀਵਰਸਿਟੀ ਦੇ ਭੂ-ਵਿਗਿਆਨੀ ਕਾਰਲ ਫਲੈਸਾ ਮੁਤਾਬਕ ਲੂ ਦੌਰਾਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ।

Total Views: 4 ,
Real Estate