ਨਿਵੇਸ਼ਕਾਂ ਦੇ 12.87 ਲੱਖ ਕਰੋੜ ਡੁੱਬੇ

ਕੱਚੇ ਤੇਲ ਦੇ ਭਾਅ ਵਿੱਚ ਤੇਜ਼ੀ ਤੇ ਆਲਮੀ ਪੱਧਰ ’ਤੇ ਕਮਜ਼ੋਰ ਰੁਖ਼ ਕਰ ਕੇ ਵੀਰਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਵੱਡਾ ਨਿਘਾਰ ਆਇਆ। ਬੰਬੇ ਸਟਾਕ ਐਕਸਚੇਂਜ (ਬੀ ਐੱਸ ਈ) ਦਾ ਸੂਚਕ ਅੰਕ (ਸੈਂਸੈਕਸ) 2497 ਅੰਕ ਡਿੱਗ ਗਿਆ ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ ਨੂੰ 775 ਅੰਕਾਂ ਦਾ ਗੋਤਾ ਲੱਗਾ। ਇਸ ਨਾਲ ਬਾਜ਼ਾਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਤੇਜ਼ੀ ’ਤੇ ਰੋਕ ਲੱਗ ਗਈ। ਸ਼ੇਅਰ ਬਾਜ਼ਾਰ ਡਿੱਗਣ ਨਾਲ ਨਿਵੇਸ਼ਕਾਂ ਨੂੰ ਇਕ ਦਿਨ ’ਚ 12.87 ਲੱਖ ਕਰੋੜ ਰੁਪਏ ਦਾ ਖੋਰਾ ਲੱਗਾ ਹੈ। ਪੱਛਮੀ ਏਸ਼ੀਆ ਸੰਕਟ ਮਗਰੋਂ ਨਿਵੇਸ਼ਕ ਹੁਣ ਤੱਕ 37 ਲੱਖ ਕਰੋੜ ਰੁਪਏ ਗੁਆ ਚੁੱਕੇ ਹਨ। ਪੱਛਮੀ ਏਸ਼ੀਆ ਵਿੱਚ ਤੇਲ ਤੇ ਗੈਸ ਪਲਾਂਟਾਂ ਉੱਤੇ ਹਮਲਿਆਂ ਨਾਲ ਕੱਚੇ ਤੇਲ ਦੇ ਭਾਅ ਨੇ ਸ਼ੂਟ ਵੱਟੀ ਹੈ। ਇਸ ਦੌਰਾਨ ਸੋਨੇ ਤੇ ਚਾਂਦੀ ਦੀ ਚਮਕ ਵੀ ਫਿੱਕੀ ਪੈ ਗਈ। ਸੋਨਾ 7000 ਰੁਪਏ ਡਿੱਗ ਕੇ 1,53,300 ਪ੍ਰਤੀ ਤੋਲੇ ਨੂੰ ਜਦੋਂਕਿ ਚਾਂਦੀ 17,800 ਰੁਪਏ ਟੁੱਟ ਕੇ 2.38 ਲੱਖ ਰੁਪਏ ਪ੍ਰਤੀ ਕਿਲੋ ਨੂੰ ਪਹੁੰਚ ਗਈ।ਤੀਹ ਕੰਪਨੀਆਂ ਦੇ ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 2,496.89 ਨੁਕਤੇ ਭਾਵ 3.26 ਫੀਸਦ ਦੇ ਗੋਤੇ ਨਾਲ 74,207.24 ਅੰਕਾਂ ’ਤੇ ਬੰਦ ਹੋਇਆ। ਜੂਨ 2024 ਮਗਰੋਂ ਸੈਂਸੈਕਸ ਵਿੱਚ ਇਹ ਇੱਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਹੈ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਹ 2,753.18 ਅੰਕ ਟੁੱਟ ਕੇ 73,950.95 ਅੰਕਾਂ ’ਤੇ ਵੀ ਆਇਆ। ਉੱਧਰ ਪੰਜਾਹ ਸ਼ੇਅਰਾਂ ’ਤੇ ਅਧਾਰਿਤ ਐੱਨ ਐੱਸ ਈ ਨਿਫਟੀ ਵੀ 775.65 ਅੰਕ ਭਾਵ 3.26 ਫੀਸਦ ਟੁੱਟ ਕੇ 23,002.15 ਅੰਕਾਂ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਪਿਛਲੇ ਤਿੰਨ ਕਾਰੋਬਾਰੀ ਸੈਸ਼ਨਾਂ ਦੌਰਾਨ ਸੈਂਸੈਕਸ 2,140 ਅੰਕ ਚੜ੍ਹਿਆ ਸੀ ਜਦੋਂਕਿ ਨਿਫਟੀ ਵਿੱਚ 626 ਅੰਕਾਂ ਦੀ ਤੇਜ਼ੀ ਰਹੀ ਸੀ। ਸੈਂਸੈਕਸ ’ਚ ਸ਼ਾਮਲ ਕੰਪਨੀਆਂ ’ਚੋਂ ਇਟਰਨਲ, ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਐੱਚ ਡੀ ਐੱਫ ਸੀ ਬੈਂਕ, ਲਾਰਸਨ ਐਂਡ ਟੂਬਰੋ ਤੇ ਬਜਾਜ ਫਿਨਸਰਵ ਦੇ ਸ਼ੇਅਰ ਘਾਟੇ ਵਿੱਚ ਰਹੇ। ਐੱਚ ਡੀ ਐੱਫ ਸੀ ਬੈਂਕ ਦੇ ਚੇਅਰਮੈਨ ਅਤਨੂ ਚੱਕਰਵਰਤੀ ਦੇ ਅਸਤੀਫੇ਼ ਮਗਰੋਂ ਬੈਂਕ ਦੇ ਸ਼ੇਅਰ 5.13 ਫੀਸਦ ਤੱਕ ਹੇਠਾਂ ਆ ਗਏ। ਆਲਮੀ ਤੇਲ ਮਾਣਕ ਬਰੈਂਟ ਕਰੂਡ ਦੀ ਕੀਮਤ 6.75 ਫੀਸਦ ਵਧ ਕੇ 114.8 ਡਾਲਰ ਪ੍ਰਤੀ ਬੈਰਲ ਨੂੰ ਪਹੁੰਚ ਗਈ।

Total Views: 33 ,
Real Estate