ਅਮਰੀਕਾ ਦਾ ਢਿੱਡ ਖ਼ਾਲੀ! 75 ਸਾਲਾਂ ਵਿਚ ਪਹਿਲੀ ਵਾਰ ‘ਮਹਾਨ’ ਅਰਥਵਿਵਸਥਾ ਕੋਲ ਭੋਜਨ ਦੀ ਕਮੀ

ਅਮਰੀਕਾ ਦੀਆਂ ਧੌਂਸਕਾਰੀ ਨੀਤੀਆਂ ਨੇ ਅਸ਼ਾਂਤੀ ਦਾ ਮਾਹੌਲ ਸਿਰਜ ਦਿਤਾ ਹੈ। ਸਾਰੇ ਮੁਲਕਾਂ ਉਤੇ ਟੈਰਿਫ਼ ਦਾ ਡਰਾਵਾ ਦੇ ਕੇ ਡੋਨਾਲਡ ਟਰੰਪ ਇਹ ਜਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੁਨੀਆ ਭਰ ਦੇ ਦੇਸ਼ਾਂ ’ਤੇ ਲਗਾਏ ਗਏ ਟੈਰਿਫ਼ ਅਮਰੀਕਾ ਦੇ ਖਜ਼ਾਨੇ ਭਰ ਰਹੇ ਹਨ ਅਤੇ ਇਸ ਦੇ ਵਪਾਰਕ ਘਾਟੇ ਨੂੰ 78 ਫ਼ੀਸਦ ਘਟਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਸਾਲ ਵਪਾਰ ਸਰਪਲੱਸ ਤਕ ਪਹੁੰਚ ਜਾਵੇਗਾ।ਹਾਲਾਂਕਿ ਟਰੰਪ ਵਲੋਂ ਜੋ ਦਿਖਾਇਆ ਜਾ ਰਿਹਾ ਹੈ ਜਾਂ ਪੇਸ਼ ਕੀਤਾ ਜਾ ਰਿਹਾ ਹੈ, ਸਥਿਤੀ ਉਸ ਦੇ ਉਲਟ ਹੈ। ਟਰੰਪ ਦੀਆਂ ਨੀਤੀਆਂ ਨੇ ਅਮਰੀਕਾ ਵਿਚ ਵੱਡਾ ਸੰਕਟ ਪੈਦਾ ਕਰ ਦਿਤਾ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ (ਯੂ.ਐਸ.ਡੀ.ਏ.) ਅਨੁਸਾਰ ਦੇਸ਼ ਵਿਚ ਪਾਲਤੂ ਪਸ਼ੂਆਂ (ਮੱਝਾਂ, ਗਾਵਾਂ, ਭੇਡਾਂ, ਵਛੇਰੇ ਆਦਿ) ਦੀ ਗਿਣਤੀ ਘੱਟ ਕੇ 8.5 ਕਰੋੜ ਹੋ ਗਈ ਹੈ, ਜੋ ਕਿ 1951 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਸਿਰਫ਼ ਆਮ ਗਿਰਾਵਟ ਨਹੀਂ, ਸਗੋਂ ਅਮਰੀਕਾ ਦੀ ਖੁਰਾਕ ਸੁਰੱਖਿਆ, ਮਾਸ ਉਦਯੋਗ ਅਤੇ ਖੇਤੀਬਾੜੀ ਪ੍ਰਣਾਲੀ ਲਈ ਗੰਭੀਰ ਚੇਤਾਵਨੀ ਹੈ।ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਮਾਸ ਉਤਪਾਦਕ ਅਤੇ ਐਕਸਪੋਰਟ ਕਰਨ ਵਾਲੇ ਦੇਸ਼ਾਂ ਵਿਚੋਂ ਇਕ ਹੈ। ਇਸ ਲਈ ਉੱਥੇ ਉਤਪਾਦਨ ਘਟਣ ਦਾ ਪ੍ਰਭਾਵ ਸਿਰਫ਼ ਅਮਰੀਕਾ ਤਕ ਸੀਮਤ ਨਹੀਂ ਰਹੇਗਾ, ਸਗੋਂ ਵਿਸ਼ਵ ਬਾਜ਼ਾਰ ’ਤੇ ਵੀ ਪਵੇਗਾ। ਮਾਸ ਦੀਆਂ ਕੀਮਤਾਂ ਵਿਸ਼ਵ ਪੱਧਰ ’ਤੇ ਵਧ ਸਕਦੀਆਂ ਹਨ ਅਤੇ ਖੁਰਾਕੀ ਮਹਿੰਗਾਈ ਵਧਣ ਦਾ ਖਤਰਾ ਹੈ। ਅਮਰੀਕਾ ਦੀ ਤਿਜੋਰੀ ਭਾਵੇਂ ਟੈਰਿਫ਼ਾਂ ਨਾਲ ਭਰ ਰਹੀ ਹੋਵੇ, ਪਰ ਉਸ ਦੇ ਖੇਤ ਅਤੇ ਪਸ਼ੂਆਂ ਦੇ ਥਾਂ ਖਾਲੀ ਹੋ ਰਹੇ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਸਿਰਫ਼ ਵਪਾਰਕ ਨੀਤੀਆਂ ਅਤੇ ਆਰਥਿਕ ਦਾਅਵਿਆਂ ਨਾਲ ਕਿਸੇ ਦੇਸ਼ ਦੀ ਅਸਲੀ ਤਾਕਤ ਨਹੀਂ ਬਣਦੀ। ਖੁਰਾਕੀ ਸੁਰੱਖਿਆ, ਖੇਤੀਬਾੜੀ ਅਤੇ ਪਸ਼ੂ ਪਾਲਣ ਦੀ ਮਜ਼ਬੂਤੀ ਹੀ ਕਿਸੇ ਵੀ ਅਰਥਵਿਵਸਥਾ ਦੀ ਅਸਲ ਨੀਂਹ ਹੁੰਦੀ ਹੈ। ਅਮਰੀਕਾ ਵਿਚ ਪੈਦਾ ਹੋਇਆ ਇਹ ਸੰਕਟ ਸਿਰਫ਼ ਇਕ ਦੇਸ਼ ਦੀ ਸਮੱਸਿਆ ਨਹੀਂ, ਸਗੋਂ ਪੂਰੀ ਦੁਨੀਆ ਲਈ ਇਕ ਗੰਭੀਰ ਸਬਕ ਹੈ।ਵਿਭਾਗ ਅਨੁਸਾਰ ਅਮਰੀਕਾ ਵਿਚ ਪਾਲਤੂ ਪਸ਼ੂਆਂ ਦੀ ਤਦਾਦ 1975 ਵਿਚ 13 ਕਰੋੜ ’ਤੇ ਪਹੁੰਚ ਗਈ ਸੀ। ਇਸ ਨਾਲ ਤੁਲਨਾ ਕਰੀਏ ਤਾਂ ਅੱਜ ਇਹ ਗਿਣਤੀ ਲਗਭਗ 4.5 ਕਰੋੜ ਘੱਟ ਹੋ ਚੁੱਕੀ ਹੈ। ਸਿਰਫ਼ ਪਿਛਲੇ ਪੰਜ ਸਾਲਾਂ ਵਿਚ ਹੀ 1 ਕਰੋੜ ਤੋਂ ਵੱਧ ਪਸ਼ੂ ਘਟੇ ਹਨ। ਇਸ ਦਾ ਮਤਲਬ ਹੈ ਕਿ ਪਸ਼ੂ ਪਾਲਣ ਵਰਗਾ ਮਜ਼ਬੂਤ ਖੇਤਰ ਵੀ ਹੁਣ ਸੰਕਟ ਵਿਚ ਹੈ। ਇਸ ਗਿਰਾਵਟ ਦਾ ਸਿੱਧਾ ਪ੍ਰਭਾਵ ਖੁਰਾਕੀ ਕੀਮਤਾਂ ’ਤੇ ਪੈ ਰਿਹਾ ਹੈ। ਦੇਸ਼ ਵਿਚ ਬੀਫ਼ ਦੀ ਕੀਮਤ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ ਲਗਭਗ 15 ਫ਼ੀਸਦ ਵਧ ਗਈ ਹੈ।

Total Views: 30 ,
Real Estate