ਸੁਖਨਾ ਝੀਲ ਦੇ ਸੁੰਗੜਦੇ ਆਕਾਰ ’ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਤਿੱਖੀ ਟਿੱਪਣੀ

ਬਿਲਡਰ ਮਾਫੀਆ ਅਤੇ ਅਫਸਰਾਂ ਵਿਚਾਲੇ ਗੰਢ-ਤੁੱਪ ਕਾਰਨ ਚੰਡੀਗੜ੍ਹ ਦੀ ਪਛਾਣ ਵਜੋਂ ਜਾਣੀ ਜਾਂਦੀ ਸੁਖਨਾ ਝੀਲ ਦੇ ਸੁੰਗੜਦੇ ਆਕਾਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਤਿੱਖੀ ਟਿੱਪਣੀ ਕੀਤੀ ਅਤੇ ਪੁੱਛਿਆ ਕਿ ‘ਸੁਖਨਾ ਝੀਲ ਨੂੰ ਹੋਰ ਕਿੰਨਾ ਸੁਕਾਇਆ ਜਾਵੇਗਾ?’ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੁਆਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ ਪੰਚੋਲੀ ਦਾ ਬੈਂਚ 1995 ’ਚ ਬਕਾਇਆ ਜਨਹਿੱਤ ਪਟੀਸ਼ਨ ‘ਇਨ ਰੀ: ਟੀ ਐੱਨ ਗੋਦਾਵਰਮਨ ਥਿਰੂਮੁਲਪਾਦ’ ’ਚ ਦਾਖ਼ਲ ਅੰਤਰਿਮ ਅਰਜ਼ੀਆਂ ਦੀ ਸੁਣਵਾਈ ਕਰ ਰਿਹਾ ਸੀ।ਚੀਫ ਜਸਟਿਸ ਸੂਰਿਆਕਾਂਤ ਨੇ ਇਕ ਵਕੀਲ ਵੱਲੋਂ ਝੀਲ ਨਾਲ ਸਬੰਧਤ ਅਰਜ਼ੀ ਦਾ ਜ਼ਿਕਰ ਕਰਨ ’ਤੇ ਟਿੱਪਣੀ ਕੀਤੀ, ‘‘ਹੋਰ ਕਿੰਨਾ ਸੁਕਾਓਗੇ ਸੁਖਨਾ ਝੀਲ ਨੂੰ? ਪੰਜਾਬ ’ਚ ਸਿਆਸੀ ਪਾਰਟੀਆਂ ਦੀ ਹਮਾਇਤ ਅਤੇ ਅਫਸਰਾਂ ਦੀ ਮਿਲੀਭੁਗਤ ਨਾਲ ਗ਼ੈਰ-ਕਾਨੂੰਨੀ ਉਸਾਰੀਆਂ ਹੋ ਰਹੀਆਂ ਹਨ ਜਿਸ ਦੇ ਸਿੱਟੇ ਵਜੋਂ ਝੀਲ ਪੂਰੀ ਤਰ੍ਹਾਂ ਤਬਾਹ ਹੋ ਰਹੀ ਹੈ। ਉਥੇ ਸਾਰੇ ਬਿਲਡਰ ਮਾਫੀਏ ਸਰਗਰਮ ਹਨ।’’ਇਸ ਤੋਂ ਪਹਿਲਾਂ ਅਦਾਲਤ ਨੇ ਹੈਰਾਨੀ ਜਤਾਈ ਸੀ ਕਿ ਜੰਗਲਾਂ ਅਤੇ ਝੀਲਾਂ ਨਾਲ ਸਬੰਧਤ ਸਾਰੇ ਮਾਮਲੇ ਹਾਈ ਕੋਰਟਾਂ ਨੂੰ ਦਰਕਿਨਾਰ ਕਰਦਿਆਂ ਸੁਪਰੀਮ ਕੋਰਟ ’ਚ ਕਿਉਂ ਆ ਰਹੇ ਹਨ, ਉਹ ਵੀ 1995 ਦੀ ਬਕਾਇਆ ਜਨਹਿੱਤ ਪਟੀਸ਼ਨ ’ਚ ਅੰਤਰਿਮ ਅਰਜ਼ੀਆਂ ਵਜੋਂ ਦਾਖਲ ਕੀਤੇ ਜਾ ਰਹੇ ਹਨ। ਬੈਂਚ ਨੇ ਸੁਣਵਾਈ ਦੇ ਸ਼ੁਰੂ ’ਚ ਹੈਰਾਨੀ ਜਤਾਈ ਕਿ ਜੰਗਲਾਤ ਸਬੰਧੀ ਸਾਰੇ ਕੇਸ ਇਸੇ ਅਦਾਲਤ ’ਚ ਕਿਉਂ ਆ ਰਹੇ ਹਨ। ਚੀਫ ਜਸਟਿਸ ਨੇ ਸੁਖਨਾ ਝੀਲ ਮਾਮਲੇ ਨਾਲ ਸਬੰਧਤ ਅਰਜ਼ੀ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਕੁਝ ਨਿੱਜੀ ਡਿਵੈਲਪਰਾਂ ਅਤੇ ਹੋਰ ਲੋਕਾਂ ਦੇ ਇਸ਼ਾਰੇ ’ਤੇ ਦੋਸਤਾਨਾ ਮੁਕਾਬਲਾ ਚੱਲ ਰਿਹਾ ਹੈ। ਬੈਂਚ ਨੇ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਅਤੇ ਜੰਗਲਾਤ ਮਾਮਲੇ ’ਚ ਅਦਾਲਤੀ ਮਿੱਤਰ ਦੀ ਭੂਮਿਕਾ ਨਿਭਾ ਰਹੇ ਸੀਨੀਅਰ ਵਕੀਲ ਕੇ ਪਰਮੇਸ਼ਵਰ ਨੂੰ ਉਨ੍ਹਾਂ ਸਥਾਨਕ ਮੁੱਦਿਆਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਸੀ ਜਿਨ੍ਹਾਂ ਨੂੰ ਹਾਈ ਕੋਰਟ ਖੁਦ ਸਿੱਝ ਸਕਦੇ ਹਨ।

Total Views: 91 ,
Real Estate