ਲੋਕਤੰਤਰ ਦੀ ਜਾਗਰੂਕਤਾ ਅਤੇ ਪੰਜਾਬ ਦੇ ਪਿੰਡਾਂ ਦੀ ਖਾਮੋਸ਼ ਹਕੀਕਤ

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਹੈ, ਜਿੱਥੇ ਪਿੰਡ ਦੇ ਸਰਪੰਚ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਹਰ ਨੇਤਾ ਵੋਟ ਪ੍ਰਣਾਲੀ ਰਾਹੀਂ ਚੁਣਿਆ ਜਾਂਦਾ ਹੈ। ਲੋਕਤੰਤਰ ਦੀ ਅਸਲ ਤਾਕਤ ਉਸ ਵੇਲੇ ਸਾਹਮਣੇ ਆਉਂਦੀ ਹੈ, ਜਦੋਂ ਆਮ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਨੂੰ ਸੋਚ ਸਮਝ ਕੇ ਉਸਦਾ ਪ੍ਰਯੋਗ ਕਰਦਾ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਹੋਈਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ੀਦ ਦੀਆਂ ਚੋਣਾਂ ਦੌਰਾਨ ਇਹ ਗੱਲ ਬਹੁਤ ਨੇੜੇ ਤੋਂ ਮਹਿਸੂਸ ਕਰਨ ਦਾ ਮੌਕਾ ਮਿਲਿਆ।
ਚੋਣਾਂ ਸਮੇਂ ਇੱਕ ਵੱਡੇ ਪਿੰਡ ਵਿੱਚ ਡਿਊਟੀ ਨਿਭਾਉਂਦਿਆਂ ਦੇਖਿਆ ਕਿ ਵੋਟਾਂ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਚੱਲੀ। ਲਗਭਗ 1100 ਤੋਂ ਵੱਧ ਵੋਟਰਾਂ ਵਾਲੇ ਇਸ ਪਿੰਡ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਬਜ਼ੁਰਗਾਂ ਦੀ ਭਾਗੀਦਾਰੀ ਕਾਬਿਲ-ਏ-ਤਾਰੀਫ਼ ਸੀ। ਕਈ ਬਜ਼ੁਰਗ ਐਸੇ ਸਨ ਜੋ ਆਪਣੇ ਪੈਰਾਂ ‘ਤੇ ਠੀਕ ਤਰ੍ਹਾਂ ਚਲ ਵੀ ਨਹੀਂ ਸਕਦੇ ਸਨ, ਪਰ ਪਰਿਵਾਰਕ ਮੈਂਬਰਾਂ ਜਾਂ ਵਲੰਟੀਅਰਾਂ ਦੀ ਮਦਦ ਨਾਲ ਵੋਟ ਪਾਉਣ ਜ਼ਰੂਰ ਪਹੁੰਚੇ। ਇੱਥੋਂ ਤੱਕ ਕਿ ਗੰਭੀਰ ਬੀਮਾਰੀ ਨਾਲ ਪੀੜਤ ਕੁਝ ਵਿਅਕਤੀ ਵੀ ਵੋਟ ਪਾਉਣ ਆਏ। ਇਹ ਦ੍ਰਿਸ਼ ਸਾਫ਼ ਦਰਸਾਉਂਦਾ ਹੈ ਕਿ ਬਜ਼ੁਰਗ ਪੀੜੀ ਲਈ ਵੋਟ ਸਿਰਫ਼ ਅਧਿਕਾਰ ਨਹੀਂ, ਸਗੋਂ ਫਰਜ਼ ਹੈ।
ਪਹਿਲੀ ਨਜ਼ਰ ਵਿੱਚ ਲੱਗਦਾ ਹੈ ਕਿ ਨੌਜਵਾਨ ਪੀੜੀ ਵੋਟਾਂ ਪ੍ਰਤੀ ਬੇਪਰਵਾਹ ਹੈ, ਪਰ ਅਸਲ ਹਕੀਕਤ ਇਸ ਤੋਂ ਵੱਖਰੀ ਹੈ। ਅੱਜ ਪੰਜਾਬ ਦੇ ਕਈ ਪਿੰਡਾਂ ਵਿੱਚ ਨੌਜਵਾਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਪੜ੍ਹੇ-ਲਿਖੇ ਨੌਜਵਾਨ ਰੋਜ਼ਗਾਰ ਅਤੇ ਚੰਗੇ ਭਵਿੱਖ ਦੀ ਖੋਜ ਵਿੱਚ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਨਤੀਜਾ ਇਹ ਹੈ ਕਿ ਪਿੰਡਾਂ ਵਿੱਚ ਪਿੱਛੇ ਰਹਿ ਜਾਂਦੇ ਹਨ ਬਜ਼ੁਰਗ ਮਾਪੇ। ਕਈ ਥਾਵਾਂ ‘ਤੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਕਿਸੇ ਬਜ਼ੁਰਗ ਦੇ ਗੁਜ਼ਰ ਜਾਣ ‘ਤੇ ਅੰਤਿਮ ਸੰਸਕਾਰ ਲਈ ਚਾਰ ਮੋਢੇ ਲੱਭਣੇ ਵੀ ਔਖੇ ਹੋ ਜਾਂਦੇ ਹਨ।
ਇੱਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਦੇਸ਼ ਦੀਆਂ ਹੋਰ ਸਟੇਟਾਂ ਤੋਂ ਲੋਕ ਇੱਥੇ ਆ ਕੇ ਮਿਹਨਤ ਨਾ ਕਰਦੇ। ਅੱਜ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਰਾਜਾਂ ਦੇ ਲੋਕ ਪੰਜਾਬ ਵਿੱਚ ਰੋਜ਼ਗਾਰ ਕਮਾ ਰਹੇ ਹਨ ਅਤੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ। ਕਈ ਤਾਂ ਇੱਥੇ ਆ ਕੇ ਸਦਾ ਲਈ ਵੱਸ ਵੀ ਜਾਂਦੇ ਹਨ। ਇਸ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸਮੱਸਿਆ ਕੰਮ ਦੀ ਨਹੀਂ, ਸਗੋਂ ਉਹ ਹਾਲਾਤਾਂ ਦੀ ਹੈ ਜਿੱਥੇ ਪੰਜਾਬ ਦਾ ਨੌਜਵਾਨ ਆਪਣੇ ਭਵਿੱਖ ਨੂੰ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦਾ।
ਸਿੱਟਾ: ਇਹ ਮੰਨਣਾ ਪਵੇਗਾ ਕਿ ਕੁਝ ਕਮੀਆਂ ਜ਼ਰੂਰ ਹਨ, ਜਿਨ੍ਹਾਂ ਕਰਕੇ ਪੰਜਾਬ ਦੀ ਨੌਜਵਾਨ ਪੀੜੀ ਆਪਣੇ ਇੰਨੇ ਪਿਆਰੇ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਲਈ ਮਜਬੂਰ ਹੋ ਰਹੀ ਹੈ। ਇਹ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਪੀੜ ਹੈ। ਖਾਲੀ ਘਰ, ਸੁੰਨੇ ਪਿੰਡ ਅਤੇ ਉਡੀਕ ਭਰੀਆਂ ਅੱਖਾਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਰਫ਼ ਗੱਲਾਂ ਤੱਕ ਸੀਮਿਤ ਨਾ ਰਹੀਏ, ਸਗੋਂ ਗੰਭੀਰਤਾ ਨਾਲ ਸੋਚ ਕੇ ਪੰਜਾਬ ਦਾ ਐਸਾ ਮਾਹੌਲ ਬਣਾਈਏ ਕਿ ਪੰਜਾਬ ਦਾ ਨੌਜਵਾਨ ਆਪਣੇ ਹੀ ਪੰਜਾਬ ਵਿੱਚ ਰਹਿ ਕੇ ਇੱਜਤ ਨਾਲ ਮਿਹਨਤ ਕਰ ਸਕੇ। ਕਿਉਂਕਿ ਜੇ ਨੌਜਵਾਨ ਪੰਜਾਬ ਨਾਲ ਜੁੜਿਆ ਰਹੇਗਾ, ਤਦ ਹੀ ਪੰਜਾਬ ਦੀ ਰੂਹ ਜਿੰਦਾ ਰਹੇਗੀ।
ਪਵਨ ਕੁਮਾਰ ਅੱਤਰੀ (ਕਪੂਰਥਲਾ)
8427791277
Total Views: 9 ,
Real Estate