Punjab : ਦਰਿਆਵਾਂ ’ਚੋਂ ਰੇਤਾ ਕੱਢਣ ਨੂੰ ਹਰੀ ਝੰਡੀ; 85 ਥਾਵਾਂ ਦੀ ਚੋਣ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦਰਿਆਵਾਂ ’ਚ ਹੜ੍ਹਾਂ ਕਾਰਨ ਭਰਿਆ ਰੇਤਾ ਕੱਢਣ (ਡੀਸਿਲਟਿੰਗ) ਦਾ ਫ਼ੈਸਲਾ ਕੀਤਾ ਗਿਆ ਹੈ । ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਹਾਊਸਿੰਗ ਪ੍ਰਾਜੈਕਟਾਂ ਨਾਲ ਸਬੰਧਤ ਕਈ ਤਬਦੀਲੀਆਂ ਕੀਤੇ ਜਾਣ ਨੂੰ ਪ੍ਰਵਾਨਗੀ ਵੀ ਦਿੱਤੀ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ’ਚੋਂ ਲੰਘਦੇ ਦਰਿਆਵਾਂ ’ਚੋਂ ਰੇਤਾ ਕੱਢਣ ਲਈ 85 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚੋਂ ਇਕੱਲੇ ਬਿਆਸ ਦਰਿਆ ਵਿੱਚ 28 ਥਾਵਾਂ ਹਨ। ਬਿਆਸ ਦਰਿਆ ’ਚ ਡੀਸਿਲਟਿੰਗ ਨਹੀਂ ਕਰਵਾਈ ਜਾ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚੋਂ 190 ਕਰੋੜ ਕਿਊਬਿਕ ਫੁੱਟ ਰੇਤਾ ਕੱਢਿਆ ਜਾਵੇਗਾ। ਸੂਬਾ ਸਰਕਾਰ ਰੇਤਾ ਕੱਢਣ ਦਾ ਕੰਮ ਬੋਲੀ ਰਾਹੀਂ ਕਰਵਾਏਗੀ ਤੇ ਇਸ ਲਈ ਟੈਂਡਰ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਟੈਂਡਰ ਦਾ ਸਮਾਂ 21 ਦਿਨਾਂ ਤੋਂ ਘਟਾ ਕੇ 14 ਦਿਨ ਦਾ ਕੀਤਾ ਹੈ।

Total Views: 130 ,
Real Estate