GST ਦੀਆਂ ਨਵੀਆਂ ਦਰਾਂ ਲਾਗੂ, ਕੀ ਹੋਇਆ ਸਸਤਾ?

ਸਰਕਾਰ ਦੁਆਰਾ ਐਲਾਨੀਆਂ ਗਈਆਂ ਮਾਲ ਅਤੇ ਸੇਵਾ ਕਰ (GST) ਦੀਆਂ ਨਵੀਆਂ ਦਰਾਂ ਅੱਜ, 22 ਸਤੰਬਰ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਹਨ । ਇਨ੍ਹਾਂ ਇਤਿਹਾਸਕ ਸੁਧਾਰਾਂ ਤਹਿਤ ਹੁਣ ਚਾਰ ਦੀ ਥਾਂ ਸਿਰਫ਼ ਦੋ ਮੁੱਖ ਟੈਕਸ ਸਲੈਬ ਹੋਣਗੇ, ਜਿਸ ਨਾਲ ਰੋਜ਼ਮਰ੍ਹਾ ਦੀਆਂ ਲੋੜਾਂ ਤੋਂ ਲੈ ਕੇ ਗੱਡੀਆਂ ਅਤੇ ਇਲੈਕਟ੍ਰੋਨਿਕਸ ਤੱਕ, ਕਈ ਚੀਜ਼ਾਂ ਸਸਤੀਆਂ ਹੋ ਗਈਆਂ ਹਨ ।ਹੁਣ ਮੁੱਖ ਤੌਰ ‘ਤੇ ਇਹ ਸਲੈਬ ਰੱਖੇ ਹਨ : 5% ਸਲੈਬ: ਇਸ ਵਿੱਚ ਅਨਾਜ, ਦਵਾਈਆਂ ਅਤੇ ਰੋਜ਼ਮਰ੍ਹਾ ਦੀਆਂ ਜ਼ਰੂਰੀ ਵਸਤਾਂ ਸ਼ਾਮਲ ਹਨ। 18% ਸਲੈਬ: ਇਸ ਵਿੱਚ ਜ਼ਿਆਦਾਤਰ ਹੋਰ ਵਸਤਾਂ ਅਤੇ ਸੇਵਾਵਾਂ ਆਉਂਦੀਆਂ ਹਨ।
40% ਸਲੈਬ (ਸਿਨ ਟੈਕਸ): ਇਹ ਇੱਕ ਵਿਸ਼ੇਸ਼ ਦਰ ਹੈ ਜੋ ਸਿਗਰਟ, ਤੰਬਾਕੂ, ਪਾਨ ਮਸਾਲਾ, ਆਨਲਾਈਨ ਗੇਮਿੰਗ ਅਤੇ ਵੱਡੀਆਂ ਗੱਡੀਆਂ (1200cc ਤੋਂ ਉੱਪਰ) ਵਰਗੀਆਂ ਲਗਜ਼ਰੀ ਅਤੇ ਹਾਨੀਕਾਰਕ ਵਸਤਾਂ ‘ਤੇ ਲਾਗੂ ਹੋਵੇਗੀ ।
0% GST: ਹੁਣ ਪੈਕਡ ਪਨੀਰ, ਟੈਟਰਾ-ਪੈਕ ਦੁੱਧ, ਰੋਟੀ, ਪਰਾਂਠਾ ਅਤੇ ਖਾਖਰਾ ਵਰਗੀਆਂ ਚੀਜ਼ਾਂ ‘ਤੇ ਕੋਈ ਟੈਕਸ ਨਹੀਂ ਲੱਗੇਗਾ । 5% GST: ਪਹਿਲਾਂ 12% ਜਾਂ 18% ਦੇ ਸਲੈਬ ਵਿੱਚ ਆਉਣ ਵਾਲੇ ਮੱਖਣ, ਘਿਓ, ਬਿਸਕੁਟ, ਚਾਕਲੇਟ, ਕੌਫੀ, ਟੂਥਪੇਸਟ, ਸਾਬਣ, ਸ਼ੈਂਪੂ ਵਰਗੇ ਦਰਜਨਾਂ ਉਤਪਾਦ ਹੁਣ 5% ਦੇ ਸਲੈਬ ਵਿੱਚ ਆ ਗਏ ਹਨ, ਜਿਸ ਨਾਲ ਉਹ ਸਸਤੇ ਹੋ ਗਏ ਹਨ ।
ਸਸਤੇ ਹੋਏ TV, AC, ਫਰਿੱਜ: ਪਹਿਲਾਂ 28% ਟੈਕਸ ਦੇ ਦਾਇਰੇ ਵਿੱਚ ਆਉਣ ਵਾਲੇ ਟੀਵੀ, ਏਸੀ, ਫਰਿੱਜ ਅਤੇ ਵਾਸ਼ਿੰਗ ਮਸ਼ੀਨ ਵਰਗੇ ਇਲੈਕਟ੍ਰਾਨਿਕ ਸਮਾਨ ਹੁਣ 18% ਦੇ ਸਲੈਬ ਵਿੱਚ ਆ ਗਏ ਹਨ ।
ਗੱਡੀਆਂ ‘ਤੇ ਵੱਡੀ ਰਾਹਤ: ਛੋਟੀਆਂ ਕਾਰਾਂ ਅਤੇ ਦੋਪਹੀਆ ਵਾਹਨਾਂ (350cc ਤੱਕ) ‘ਤੇ GST 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ। ਉੱਥੇ ਹੀ, ਵੱਡੀਆਂ ਗੱਡੀਆਂ (SUV/MPV) ‘ਤੇ ਲੱਗਣ ਵਾਲਾ ਸੈੱਸ (Cess) ਹਟਣ ਨਾਲ ਉਨ੍ਹਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆਵੇਗੀ ।
ਸੀਮਿੰਟ ਹੋਇਆ ਸਸਤਾ: ਸੀਮਿੰਟ ‘ਤੇ GST 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ, ਜਿਸ ਨਾਲ ਘਰ ਬਣਾਉਣ ਦੀ ਲਾਗਤ ਘੱਟ ਹੋਵੇਗੀ ।
ਦਵਾਈਆਂ ਅਤੇ ਇਲਾਜ: ਗਲੂਕੋਮੀਟਰ, ਡਾਇਗਨੌਸਟਿਕ ਕਿੱਟਾਂ ਅਤੇ ਜ਼ਿਆਦਾਤਰ ਦਵਾਈਆਂ ‘ਤੇ ਹੁਣ ਸਿਰਫ਼ 5% GST ਲੱਗੇਗਾ, ਜਿਸ ਨਾਲ ਮੈਡੀਕਲ ਖਰਚ ਵਿੱਚ ਕਮੀ ਆਵੇਗੀ ।
40% ‘ਸਿਨ ਟੈਕਸ’ (Sin Tax): ਸਿਗਰਟ, ਗੁਟਖਾ, ਪਾਨ ਮਸਾਲਾ, ਸਾਫਟ ਡਰਿੰਕਸ, ਆਨਲਾਈਨ ਜੂਆ ਅਤੇ 350cc ਤੋਂ ਉੱਪਰ ਦੀਆਂ ਬਾਈਕਾਂ ‘ਤੇ ਹੁਣ 40% ਦੀ ਵਿਸ਼ੇਸ਼ ਦਰ ਨਾਲ ਟੈਕਸ ਲੱਗੇਗਾ, ਜਿਸ ਨਾਲ ਇਹ ਵਸਤਾਂ ਮਹਿੰਗੀਆਂ ਹੋ ਜਾਣਗੀਆਂ ।

Total Views: 140 ,
Real Estate