ਡਾਕਟਰ ਬਲਜਿੰਦਰ ਸੇਖੋਂ ਦੀ ਯਾਦ ਵਿੱਚ ਸਮਾਗਮ

ਟੋਰਾਂਟੋ (ਬਲਜਿੰਦਰ ਸੇਖਾ)- ਤਰਕਸ਼ੀਲ ਸੁਸਾਇਟੀ ਕਨੇਡਾ ਵਲੋਂ ਡਾਕਟਰ ਬਲਜਿੰਦਰ ਸਿੰਘ ਸੇਖੋਂ ਦੀ ਯਾਦ ਨੂੰ ਸਮਰਪਿਤ ਮਾਨਸਿਕ ਰੋਗਾਂ ਉਪਰ ਗਰੀਨ ਬਰੀਅਨ ਕਮਿਊਨਿਟੀ ਸੈਂਟਰ ਬਰੈਮਪਟਨ ਵਿਖੇ ਵਰਕਸ਼ਾਪ ਕੀਤੀ ਗਈ । ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ । ਪਹਿਲੇ ਸੈਸਨ ਵਿੱਚ ਡਾਕਟਰ ਸੇਖੋਂ ਦੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਥੀ ਰਹੇ ਡਾਕਟਰ ਮਨਜਿੰਦਰ ਢੀਂਡਸਾ ਨੇ ਉਹਨਾਂ ਨਾਲ ਆਪਣੇ ਬਿਤਾਏ ਦਿਨ ਯਾਦ ਕੀਤੇ। ਉਹਨਾਂ ਕਿਹਾ ਕਿ ਪੀ ਐਚ ਡੀ ਕਰਦੇ ਸਮੇਂ ਉਹ ਸਾਡੇ ਗਾਈਡ ਰਹੇ। ਉਹ ਤੇਜ ਬੁੱਧੀ ਦੇ ਮਾਲਕ ਸਨ। ਸੁਸਾਇਟੀ ਦੇ ਕੌਮੀ ਪ੍ਰਧਾਨ ਬਲਦੇਵ ਰਹਿਪਾ ਨੇ ਡਾਕਟਰ ਸੇਖੋਂ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਸੁਸਾਇਟੀ ਲਈ ਬੌਧਿਕ ਸਲਾਹਕਾਰ ਸਨ ਅਤੇ ਸੁਸਾਇਟੀ ਦੇ ਸਿੱਖਿਆ ਅਤੇ ਮੀਡੀਆ ਮੁਖੀ ਸਨ । ਉਨ੍ਹਾਂ ਦਾ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਸੁਸਾਇਟੀ ਦੇ ਕੌਮੀ ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਨੇ ਯਾਦ ਕਰਦਿਆਂ ਕਿਹਾ ਕਿ ਸੇਖੋਂ ਸਾਹਿਬ ਵਿਗਿਆਨ ਨੂੰ ਸਰਲ ਪੰਜਾਬੀ ਵਿਚ ਪੇਸ਼ ਕਰਨ ਦੀ ਮੁਹਾਰਤ ਰੱਖਦੇ ਸਨ। ਉਹ ਕੀਟ ਵਿਗਿਆਨੀ ਹੋਣ ਕਾਰਨ ਜੀਵ ਵਿਗਿਆਨ ਉੱਪਰ ਕਾਫ਼ੀ ਚੰਗੀ ਪਕੜ ਰੱਖਦੇ ਸਨ।
ਸੈਸਨ ਦੇ ਦੂਸਰੇ ਭਾਗ ਵਿਚ ਦਿਮਾਗੀ ਸਿਹਤ ਕਿਵੇਂ ਠੀਕ ਰੱਖੀ ਜਾ ਸਕਦੀ ਹੈ ਬਾਰੇ ਜਾਣਕਾਰੀ ਦਿੱਤੀ ਗਈ। ਜਸਮੀਨ ਚਾਹਲ ਅਤੇ ਜਸਮੀਨ ਸੋਕਰ ਵਲੋਂ ਉਦਾਸੀ ਰੋਗ ( ਡਿਪਰੈਸਨ) ਦੇ ਲੱਛਣ , ਕਾਰਨ ਅਤੇ ਇਲਾਜ ਬਾਰੇ ਪ੍ਰੋਜੈਕਟਰ ਰਾਹੀਂ ਜਾਣਕਾਰੀ ਦਿੱਤੀ । ਬਲਵਿੰਦਰ ਬਰਨਾਲਾ ਜੋ ਮਾਨਸਿਕ ਰੋਗਾਂ ਦੇ ਮਾਹਰ ਸਾਈਕੋਥੇਰਾਪਿਸਟ ਹਨ ਵਲੋਂ ਮਾਨਸਿਕ ਸਿਹਤ ਦਾ ਸਰੀਰਕ ਸਿਹਤ, ਜਜ਼ਬਾਤੀ ਸਿਹਤ ਅਤੇ ਸਮਾਜੀਕਰਨ ਨਾਲ ਸੰਬੰਧਾਂ ਵਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ।ਉਹਨਾਂ ਕਿਹਾ ਕਿ ਬਾਹਰੀ ਅਨੁਭਵ ਨੂੰ ਅੰਦਰੂਨੀ ਅਨੁਭਵ ਨਾਲ਼ ਦਰੁਸਤ ਕਰਕੇ ਉਸਦੀ ਉਚਿਤਤਾ ਪਰਖੀ ਜਾ ਸਕਦੀ ਹੈ । ਦਰਸ਼ਕਾਂ ਵਲੋਂ ਬਹੁਤ ਦਿਲਚਸਪੀ ਵਿਖਾਈ ਗਈ ਤੇ ਸੁਆਲ ਪੁੱਛੇ ਗਏ ।ਰਾਮ ਕੁਮਾਰ ਭਦੌੜ ਵਲੋਂ ਸੁਰਜੀਤ ਪਾਤਰ ਦੀਆਂ ਦੋ ਗਜ਼ਲਾਂ ਦੀ ਮਹੌਲ ਮੁਤਾਬਿਕ ਢੁਕਵੀਂ ਪੇਸ਼ਕਾਰੀ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਬਲਰਾਜ ਸੋਕਰ ਜੀ ਵਲੋਂ ਨਿਭਾਈ ਗਈ ।

Total Views: 182 ,
Real Estate