ਸਿਵੇ, ਲੇਡੀ ਸਾਇਕਲ ਅਤੇ ਪੀ. ਐੱਚ. ਡੀ ਮੈਥ

ਸ਼ਾਇਦ ਪਾਠਕਾ ਨੂੰ ਇਸਦਾ ਸਿਰਲੇਖ ਕੁਝ ਅਜੀਬ ਲੱਗਿਆ ਹੋਵੇ, ਕਿ ਇਹਨਾਂ ਸ਼ਬਦਾਂ ਦਾ ਆਪਸ ਵਿੱਚ ਕਿਸੇ ਵੀ ਕਿਸਮ ਦਾ ਕੋਈ ਤਾਲਮੇਲ ਨਹੀਂ, ਫਿਰ ਇਹ ਸਿਰਲੇਖ ਕਿਉਂ ? ਤੁਸੀਂ ਬਿਲਕੁਲ ਠੀਕ ਸੋਚ ਰਹੇ ਹੋ, ਇਹਨਾਂ ਸ਼ਬਦਾਂ ਦੇ ਸੰਬੰਧ ਨੂੰ ਸਮਝਣ ਲਈ ਤੁਹਾਨੂੰ ਇਹ ਪੂਰਾ ਪੜ੍ਹਨਾ ਪਵੇਗਾ।
ਇਹ ਗੱਲ ਹੈ ਲੱਗਭਗ ਤਿੰਨ ਕੁ ਦਹਾਕੇ ਪੁਰਾਣੀ ਜਦ ਮੈਂ ਆਪਣੇ ਪਿੰਡ ਭੂਪਾਲ ਦੇ ਸਰਕਾਰੀ ਮਿਡਲ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਸਮੇਂ ਸਕੂਲ ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕ ਉਪਸਤਿਤ ਸਨ ਤੇ ਸਾਡੀ ਪੜ੍ਹਾਈ ਸਮੇ ਦੀ ਨਜਾਕਤ ਅਤੇ ਪਿੰਡ ਦੇ ਸਰਕਾਰੀ ਸਕੂਲ ਮੁਤਾਬਕ ਠੀਕ ਚੱਲ ਰਹੀ ਸੀ ! ਅੱਠਵੀਂ ਜਮਾਤ ਦੇ ਕੁਝ ਕੁ ਹੀ ਮਹੀਨੇ ਬੀਤੇ ਤੇ ਲੱਗ ਗਈ ਕਿਸੇ ਚੰਦਰੇ ਨੀ ਭੈੜੀ ਨਜ਼ਰ, ਹੋਇਆ ਕੀ? ਅਸਲ ਚ ਸਾਡੇ ਸਤਿਕਾਰਯੋਗ ਅਧਿਆਪਕ ਸ੍ਰੀ ਮਹਿੰਦਰ ਪਾਲ ਜੀ ਜੋ ਸਾਨੂੰ ਗਣਿਤ ਤੇ ਸਾਇੰਸ ਦੇ ਵਿਸ਼ੇ ਪੜ੍ਹਾਉਂਦੇ ਸਨ, ਉਹਨਾਂ ਦੀ ਬਦਲੀ ਹੋ ਗਈ।
ਇਸ ਨਾਲ ਸਾਡਾ ਦੋ ਵਿਸ਼ਿਆਂ ਨੂੰ ਖੁਦ ਪੜਨਾ ਮੁਸ਼ਕਿਲ ਸੀ ਤੇ ਦੋਵੇਂ ਹੈ ਗੇ ਵੀ ਬਹੁਤ ਅਹਿਮ ਵਿਸ਼ੇ ! ਸਾਡੀ ਹਾਲਤ ਲਾਚਾਰਾਂ ਵਰਗੀ ਹੋ ਗਈ, ਕਿਉਕਿ ਅੱਠਵੀ ਦੇ ਬੋਰਡ ਦੇ ਇਮਤਿਹਾਨ ਹੁੰਦੇ ਸਨ। ਕੋਈ ਹੋਰ ਅਧਿਆਪਕ ਦੀ ਉਪਲੱਬਧਤਾ ਨਾ ਹੋਣ ਕਰਕੇ ਮਜ਼ਬੂਰੀ ਵੱਸ ਸਾਨੂੰ ਇਹ ਦੋਵੇਂ ਵਿਸ਼ੇ ਆਪ ਹੀ ਪੜਨੇ ਪੈਣੇ ਸਨ ਜੋ ਕਿ ਅਸੰਭਵ ਸੀ ! ਉਸ ਵਕਤ ਟਿਊਸ਼ਨ ਨਾਮ ਦੀ ਕੋਈ ਚੀਜ਼ ਨਹੀਂ ਸੀ ।
ਅੱਖਾਂ ਅੱਗੇ ਨਿਰਾ ਹੀ ਘੋਰ ਹਨੇਰਾ ! ਇੱਕ ਦਿਨ ਮਾਸਟਰ ਜੀ ਸਾਡੇ ਸਕੂਲ ਆਏ ਤੇ ਉਹਨਾਂ ਸਾਹਮਣੇ ਮੇਰੇ ਵਰਗਿਆਂ ਇੱਕ ਦੋ ਹੋਰ ਨੇ ਆਪਣੀ ਅਸਲ ਸਥਿਤੀ ਬਿਆਨ ਕੀਤੀ, ਮਾਸਟਰ ਜੀ ਨੇ ਸਾਡੀ ਹਾਲਤ ਤੇ ਮਜਬੂਰੀ ਦੇਖਕੇ, ਇਸ ਗੱਲ ਨਾਲ ਸਹਿਮਤ ਹੋ ਗਏ ਕਿ ਤੁਸੀਂ ਮੇਰੇ ਪਿੰਡ ਆਕੇ ਮੇਰੇ ਘਰ ਇੱਕ ਘੰਟਾ ਪੜ ਸਕਦੇ ਹੋ ਤੇ ਤੁਹਾਡਾ ਸਾਰਾ ਸਿਲੇਬਸ ਪੂਰਾ ਕਰਾਉਣ ਦਾ ਮੈਂ ਵਾਅਦਾ ਕਰਦਾ, ਇਸਦਾ ਫਿਕਰ ਨਾ ਕਰੋ ! ਪਰ ਮੈਂ ਕੋਈ ਪੈਸਾ ਜਾਂ ਫੀਸ ਨਹੀਂ ਲੈਣੀ, ਫਿਰ ਅੰਨਾ ਕੀ ਭਾਲੇ ਦੋ ਅੱਖਾਂ !
ਮੈਂ ਆਪਣੇ ਪਿੰਡੋਂ ਇਕੱਲਾ ਹੀ ਸੀ, ਇੱਕ ਦੋ ਮੁੰਡੇ ਨਾਲ ਦੇ ਪਿੰਡ ਤੋਂ ਤਿਆਰ ਹੋ ਗਏ, ਪਹੁੰਚਗੇ ਅਗਲੇ ਦਿਨ ਸ਼ਾਮ 6 ਕੁ ਵਜੇ ਡਿਗਦੇ ਡਗਾਉਂਦੇ ਸਾਈਕਲ ਤੇ । ਉਦੋਂ ਸਾਡੇ ਘਰ ਇੱਕ ਪੁਰਾਣਾ ਲੇਡੀ ਸਾਈਕਲ ਹੁੰਦਾ ਸੀ ਤੇ ਉਸ ਦੀ ਇੱਕ ਸਮੱਸਿਆ ਸੀ ਕਿ ਜਿਆਦਾ ਪੈਡਲ ਮਾਰਨ ਜਾਂ ਤੇਜ਼ ਚਲਾਉਣ ਨਾਲ ਉਸਦੀ ਚੇਨ ਉਤਰ ਜਾਂਦੀ, ਸ਼ਾਇਦ ਢਿੱਲੀ ਹੋਣ ਕਰਕੇ !
ਪੜਨ ਲਈ ਮੈਨੂੰ ਤਕਰੀਬਨ ਪੰਜ ਕਿਲੋਮੀਟਰ ਦਾ ਪੈਂਡਾ ਤਹਿ ਕਰਨਾ ਪੈਂਦਾ ਸੀ ! ਇਸ ਰਸਤੇ ਤੇ ਬਹੁਤ ਵੱਡੀ ਤੇ ਸੰਘਣੀ ਝਿੜੀ ਹੁੰਦੀ ਸੀ ਜਿਸ ਵਿੱਚ ਜੰਗਲੀ ਜਾਨਵਰ ਅਤੇ ਕੁੱਤੇ ਬਹੁਤਾਤ ਵਿੱਚ ਹੁੰਦੇ ਸਨ ! ਇਸ ਤੋਂ ਵੱਡੀ ਗੱਲ ਇਹ ਸੀ ਕਿ ਝਿੜੀ ਵਿੱਚ ਐਨ ਰਸਤੇ ਤੇ ਸਿਵੇ ਵੀ ਸਨ ! ਦਿਨੇ ਤਾਂ ਰਸਤੇ ਤੇ ਥੋਹੜੀ ਬਹੁਤ ਆਵਾਜਾਈ ਹੁੰਦੀ ਸੀ ਪਰ ਦਿਨ ਛਿਪਣ ਤੇ ਕੋਈ ਟਾਵਾਂ ਟਾਵਾਂ ਹੀ ਨਜ਼ਰ ਆਉਂਦਾ ਸੀ ! ਜਾਣ ਵੇਲੇ ਕੋਈ ਦਿੱਕਤ ਨਾ ਆਉਣੀ ਪਰ ਥੋੜੀਆਂ ਸਰਦੀਆਂ ਸ਼ੁਰੂ ਹੋਣ ਤੇ ਮੂੰਹ ਹਨੇਰਾ ਜਲਦੀ ਹੋਣ ਲੱਗ ਪਿਆ, ਜਿਸ ਕਾਰਨ ਝਿੜੀ ਤੇ ਸਿਵਿਆਂ ਵਿੱਚੋਂ ਲੰਘਣਾ ਮੇਰੇ ਲਈ ਮਾਨਸਿਕ ਡਰ ਤੇ ਜਜਬਾਤੀ ਸਮੱਸਿਆ ਸੀ !
ਮੈਂ ਤੇ ਨਾਲ ਦੇ ਪਿੰਡ ਵਾਲਾ ਮੁੰਡਾ ਇਕ ਰੇਹੜੇ ਦੇ ਪਿੱਛੇ ਲੱਗ ਜਾਂਦੇ ਜੋ ਸਬਜ਼ੀ ਵੇਚ ਕੇ ਉਸੇ ਰਸਤੇ ਤੇ ਆਉਂਦਾ ਹੁੰਦਾ ਸੀ ਉਸੇ ਵੇਲੇ ! ਅਸੀਂ ਉਸ ਤੋਂ ਅੱਠਣੀ ਦਾ ਮਰੂੰਡਾਂ ਲੈ ਕੇ ਖਾਂਦੇ ਤੇ ਉਸਦੇ ਪਿੱਛੇ-ਪਿੱਛੇ ਲਾ ਲੈਣੇ ਆਪਣੇ ਸਾਈਕਲ ! ਉਸ ਨਾਲ ਕਹਿ ਲਵੋ ਕਿ ਇੱਕ ਤਰਾਂ ਦੀ ਮਿੱਤਰਤਾ ਜਿਹੀ ਬਣ ਗਈ ! ਇਸ ਤਰ੍ਹਾਂ ਅੱਧਾ ਸਫ਼ਰ ਤੈਅ ਹੋ ਜਾਂਦਾ ਤੇ ਦੂਸਰਾ ਮੁੰਡਾ ਆਪਣੇ ਪਿੰਡ ਚਲਾ ਜਾਂਦਾ ਤੇ ਰੇਹੜੇ ਵਾਲਾ ਵੀ ਆਪਣੇ ਪਿੰਡ ਰੱਲੇ ਚਲਾ ਜਾਂਦਾ, ਉਸ ਤੋਂ ਬਾਅਦ ਮੈਨੂੰ ਇਕੱਲੇ ਨੂੰ ਝਿੜੀ ਤੇ ਸਿਵਿਆਂ ਵਾਲੇ ਰਸਤੇ ਤੇ ਆਉਣਾ ਪੈਂਦਾ ਸੀ।
ਜਦ ਥੋਹੜੀ ਜੀ ਸਰਦੀ ਹੋਰ ਵਧੀ ਤੇ ਹਨੇਰਾ ਜਲਦੀ ਹੋਣ ਲੱਗ ਗਿਆ ਤਾਂ ਮੇਰੇ ਨਾਲ ਦੇ ਪਿੰਡ ਵਾਲੇ ਮੁੰਡੇ ਨੇ ਜਾਣਾ ਬੰਦ ਕਰ ਦਿੱਤਾ, ਮੈਨੂੰ ਗਣਿਤ ਵਿਸ਼ੇ ਵਿੱਚ ਬੇਪਨਾਹ ਦਿਲਚਸਪੀ ਅਤੇ ਮੋਹ ਹੋਣ ਕਰਕੇ ਹਟਣਾ ਚੰਗਾ ਨਾ ਲੱਗਾ, ਦੂਜਾ ਬੋਰਡ ਦੇ ਪੇਪਰ ਹੋਣ ਕਰਕੇ ਫੇਲ ਹੋਣ ਦਾ ਡਰ ਵੀ ਸੀ । ਫਿਰ ਕੀ ਸੀ, ਹਿਮੰਤ ਜੀ ਕਰਕੇ ਮੈਂ ਇਕੱਲਾ ਹੀ ਜਾਣ ਲੱਗਾ, ਹਰ ਰੋਜ਼ ਦੀ ਤਰ੍ਹਾਂ ਮੈਂ ਰੇਹੜੇ ਦੇ ਪਿੱਛੇ-ਪਿੱਛੇ ਵਾਪਿਸ ਆ ਜਾਂਦਾ, ਮੇਰੀ ਮਾੜੀ ਕਿਸਮਤ ਕਿ ਉਹ ਰੇਹੜੇ ਵਾਲੇ ਨੇ ਵੀ ਆਪਣਾ ਸਮਾਂ ਬਾਦਲ ਲਿਆ ਤੇ ਹੁਣ ਮੇਰਾ ਕੋਈ ਰਾਹ ਦਾ ਸਾਥੀ ਨਹੀਂ ਰਿਹਾ। ਜਦੋਂ ਦਿਲ ਕਰੜਾ ਜਿਹਾ ਕਰਕੇ ਇਕੱਲੇ ਨੇ ਜਾਣਾ ਸ਼ੁਰੂ ਕੀਤਾ ਤਾਂ ਬਹੁਤ ਡਰ ਲੱਗਦਾ !
ਬਾਕੀ ਤਾਂ ਸਭ ਵਧੀਆ ਸੀ, ਸਮੱਸਿਆ ਆਉਂਦੀ ਝਿੜੀ ਤੇ ਸਿਵਿਆਂ ਕੋਲ ਆਕੇ ! ਜੇ ਮੈਂ ਸਾਇਕਲ ਤੇਜ਼ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਕੁੱਤੇ ਮਗਰ ਪੈਣ ਦੇ ਨਾਲ ਨਾਲ ਸਾਇਕਲ ਦੀ ਚੇਨ ਉੱਤਰ ਜਾਂਦੀ ! ਰੱਬ ਰੱਬ ਕਰਕੇ ਉਹ ਇੱਕ ਕਿਲੋਮੀਟਰ ਦਾ ਰਸਤਾ ਤਹਿ ਕਰਨਾ ਹਜ਼ਾਰਾਂ ਮੀਲਾਂ ਦੇ ਪੈਂਡੇ ਦੇ ਬਰਾਬਰ ਲੱਗਦਾ ਸੀ !
ਇਸ ਬਾਰੇ ਮੈਂ ਆਪਣੇ ਘਰ ਵੀ ਨੀ ਦੱਸ ਸਕਿਆ ਕਿਉਕਿ ਘਰਦਿਆਂ ਨੇ ਮੈਨੂੰ ਜਾਣ ਤੋਂ ਹੀ ਰੋਕ ਦੇਣਾ ਸੀ, ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਸਿਲੇਬਸ ਪੂਰਾ ਕਰਨਾ ਹੈ ਭਾਵੇ ਕੁਝ ਵੀ ਹੋਵੇ, ਤੇ ਮੈਂ ਕਿਵੇਂ ਨਾ ਕਿਵੇਂ ਇਹ ‘ਬੁਰਾ’ ਵਕਤ ਲੰਘਾਇਆ ਤੇ ਆਪਣਾ ਸਿਲੇਬਸ ਪੂਰਾ ਕੀਤਾ ! ਬੋਰਡ ਦੇ ਪੇਪਰਾਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ।
ਉਹਨਾਂ ਦਿਨਾਂ ਨੇ ਗਣਿਤ ਵਿਸ਼ੇ ਵਿੱਚ ਇਹੋ ਜਿਹੀ ਰੁਚੀ ਬਣਾਈ ਕਿ ਮੈਂ ਬੀ. ਐੱਸ. ਸੀ. ਮਹਿੰਦਰਾ ਕਾਲਜ ਪਟਿਆਲਾ ਅਤੇ ਐੱਮ.ਐੱਸ.ਸੀ. ਜਲੰਧਰੋਂ ਅਤੇ ਫਿਰ ਐੱਮ.ਫਿੱਲ. ਗਣਿਤ ਵਿਸ਼ੇ ਵਿੱਚ ਕੀਤੀ। ਕੁਝ ਸਮਾਂ ਬਠਿੰਡੇ ਇੱਕ ਕਾਲਜ ਵਿੱਚ ਪੜਾਇਆ ਤੇ ਆਪਣੇ ਵੱਡੇ ਵੀਰ ਦੀ ਹੱਲਾਸ਼ੇਰੀ ਨਾਲ ਕੁਝ ਵੱਡਾ ਕਰਨ ਤੇ ਸੋਚਣ ਦਾ ਮਨ ਬਣਾਇਆ ! ਸਭ ਕੁਝ ਛੱਡ ਕੇ ਪਹੁੰਚ ਗਏ ਦਿੱਲੀ ਜੇ ਆਰ ਐੱਫ ਦੀ ਤਿਆਰੀ ਕਰਨ ! ਉੱਥੇ ਜਾ ਕੇ ਦਿਨ ਰਾਤ ਇੱਕ ਕੀਤਾ ਤੇ ਯੂ.ਜੀ.ਯੀ.-ਸੀ.ਐਸ.ਆਈ.ਆਰ (ੂਘਛ ) ਦੀ ਪ੍ਰੀਖਿਆ ਵਿਚੋਂ ਕੌਮੀ ਪੱਧਰ ਤੇ 79 ਵਾਂ ਰੈਂਕ ਲਿਆ ! ਬਹੁਤ ਵਧੀਆਂ ਰੈਂਕ ਆਉਣ ਕਰਕੇ ਪੀ.ਐੱਚ.ਡੀ. ਮੈਥ ਲਈ ਸਲਾਈਟ ਲੌਂਗੋਵਾਲ ਵਿਖੇ ਦਾਖਲਾ ਮਿਲ ਗਿਆ ਤੇ ਸਰਕਾਰ ਤੋਂ ਤਨਖਾਹ ਜਿਨ੍ਹਾਂ ਵਜ਼ੀਫ਼ਾ ਮਿਲ ਜਾਂਦਾ ਤੇ ਕੁਝ ਵੱਡਾ ਕਰਨ ਦੀ ਇੱਛਾ ਪੂਰੀ ਹੋ ਗਈ, ਬਸ ਮੇਹਨਤ ਤੇ ਲਗਨ ਦਾ ਪੱਲਾ ਨਾ ਛੱਡਿਆ !
ਸ਼ਾਇਦ ਮੈਂ ਸ਼ਬਦਾਂ ਰਾਹੀਂ ਆਪਣੀਆਂ ਭਾਵਨਾਵਾਂ ਬਿਆਨ ਨੀ ਕਰ ਸਕਦਾ ! ਮੈਂ ਹਮੇਸ਼ਾ ਰਿਣੀ ਰਹਾਗਾਂ ਮਾਸਟਰ ਮਹਿੰਦਰ ਪਾਲ ਜੀ ਦਾ ਜਿਨ੍ਹਾਂ ਸਦਕਾ ਇੱਕ ਪੇਂਡੂ ਵਿਦਿਆਰਥੀ ਇਸ ਕਾਬਿਲ ਬਣਿਆ ਤੇ ਨਾਲ ਹੀ ਆਪਣੇ ਮਾਪੇ ਤੇ ਵੱਡੇ ਵੀਰੇ ਦਾ ਇੰਨੀ ਉੱਚੀ ਸੋਚ ਰੱਖੀ ਤੇ ਹਰ ਵਕਤ ਸਿਰਫ ਹੌਂਸਲਾਂ ਤੇ ਹੱਲਾਸ਼ੇਰੀ ਹੀ ਦਿੱਤੀ । ਦੋਸਤੋ ਪਿੰਡਾਂ ਵਾਲੇ ਵਿਦਿਆਰਥੀ ਨਲਾਇਕ ਨਹੀਂ ਹੁੰਦੇ ਬੱਸ ਉਹ ਮਜਬੂਰ ਹੁੰਦੇ ਹਨ, ਸਿਰਫ ਜਰੂਰਤ ਹੈ ਹੱਲਾਸ਼ੇਰੀ ਤੇ ਰਾਹ ਦਸੇਰੇ ਬਣਨ ਦੀ । ਵਾਰਿਸ ਸ਼ਾਹ ਦੀਆਂ ਇਹ ਸਤਰਾਂ ਮੇਰੇ ਜ਼ਿਹਨ ਵਿੱਚ ਅਕਸਰ ਹੀ ਆ ਜਾਂਦੀਆਂ ਹਨ- “ਬਾਝ ਮੁਰਸ਼ਦਾਂ ਰਾਹ ਨਾ ਹੱਥ ਆਉਂਦੇ, ਦੁੱਧਾਂ ਬਾਝ ਨਾ ਰਿਝਦੀ ਖੀਰ ਮੀਆਂ”।

ਡਾ. ਰਾਜਿੰਦਰ ਭੂਪਾਲ
ਸਹਾਇਕ ਪ੍ਰੋਫੈਸਰ (ਮੈਥ), ਮਾਤਾ ਗੁਜਰੀ ਕਾਲਜ, ਸ਼੍ਰੀ ਫਤਹਿਗੜ੍ਹ ਸਾਹਿਬ
ਫੋਨ: 9501621144

Total Views: 55 ,
Real Estate