ਨਾਟਕ ਸਮਰਾਟ ” ਸਾਹਿਬ ਸਿੰਘ”

ਮਨ ਮਾਨ 

28 ਦਸੰਬਰ 2024 ਦਾ ਵੇਖਿਆ ਨਾਟਕ ਤੁਹਾਡੇ ਨਾਲ ਅੱਜ ਸਾਂਝਾ ਕਰ ਰਹੀ ਹਾਂ। ਹੁਣ ਤੁਸੀਂ ਸੋਚੋਗੇ ਕਿ ਏਨੀ ਦੇਰ ਬਾਅਦ…… ਤਾਂ ਹਿਨਾ ਮੂਵੀ ਦਾ ਇੱਕ ਗੀਤ ਮੈਨੂੰ ਬਹੁਤ ਪਿਆਰਾ ਹੈ ਅਤੇ ਇਹ ਮੇਰੇ ਕੰਮ ਕਾਰ ਵਿੱਚੋਂ ਅਕਸਰ ਹੀ ਝਲਕਦਾ ਹੈ। ” ਮੈਂ ਦੇਰ ਕਰਤਾ ਨਹੀਂ ਦੇਰ ਹੋ ਜਾਤੀ ਹੈ।” ਹੁਣ ਤੁਸੀਂ ਆਖੋਗੇ ਕਿ ਤੀਆਂ ਮਗਰੋਂ ਤੰਬਾ ਕੀ ਕਰਨਾ ਤਾਂ ਮੈਂ ਤੁਹਾਨੂੰ ਦੱਸਾਂ ਕਿ ਸਾਹਿਬ ਸਿੰਘ ਲਈ ਤੀਆਂ ਚੱਤੋ ਪਹਿਰ ਹੀ ਲੱਗੀਆਂ ਰਹਿੰਦੀਆਂ। ਸਮਾਜ ਦੀਆਂ ਕਮੀਆਂ, ਤੰਗੀਆਂ ਤੁਰਸ਼ੀਆਂ ਜਦੋਂ ਸਾਹਿਬ ਦੇ ਮਨ ਦੇ ਮੌਸਮ ਵਿੱਚ ਤਾਅ ਹੁੰਮਸ ਪੈਦਾ ਕਰਦੀਆਂ ਤਾਂ ਉਹਦੀ ਸੂਝ ਦੀ ਪੈਨੀ ਨਿਗਾਹ ਇਹਨਾਂ ਸਮੱਸਿਆਵਾਂ ਉੱਪਰ ਪੈਦੀ ਹੈ। ਉਦੋਂ ਹੀ ਸਾਹਿਬ ਦੇ ਮਨ ਉੱਤੇ ਖ਼ਿਆਲਾਂ , ਸਵਾਲਾਂ, ਜੁਆਬਾਂ ਦੇ ਬੱਦਲ ਘਿਰ ਆਉਂਦੇ ਨੇ। ਸਾਹਿਬ ਸਿੰਘ ਆਪਣੀ ਸੰਵੇਦਨਾ, ਸੁਹਜ ਅਤੇ ਕਲਾ ਦੇ ਸੁਚੱਜੇਪਣ ਦਾ ਮੀਂਹ ਆਪਣੇ ਹੁਨਰ ਦੇ ਵੱਖੋ ਵੱਖਰੇ ਰੰਗਾਂ ਵਿੱਚ ਵਰ੍ਹਾਉਂਦਾ ਰਹਿੰਦਾ ਹੈ। ਅਸੀਂ ਸਾਰੇ ਉਹਦੇ ਲਾਏ ਵੱਖ -ਵੱਖ ਪਿੜਾਂ ਵਿੱਚ ਉਸਦੇ ਸੰਗ ਸੂਝ, ਸੰਵੇਦਨਾ ਦਾ ਮੇਲਾ ਮਘਾਉਦੇ ਹਾਂ।ਜਿਸ ਦਾ ਤਲਿਸਮ ਸਾਡੇ ਮਨਾਂ ਅਤੇ ਦਿਮਾਗ ਨੂੰ ਚਿਰ ਤੀਕ ਕੀਲੀ ਰੱਖਦਾ ਹੈ। ਆਓ ਇਸ ਤਲਿਸਮ ਦੀ ਛੋਟੀ ਜਿਹੀ ਝਲਕ ਤੁਹਾਡੇ ਨਾਲ ਵੀ ਸਾਂਝੀ ਕਰਾਂ। ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ ” ਸੰਮਾਂ ਵਾਲ਼ੀ ਡਾਂਗ” ਪੰਜਾਬੀ ਲੋਕ ਗੀਤ ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ ਉੱਤੇ ਹਰ ਭੈਣ ਨੂੰ ਮਾਣ ਹੁੰਦਾ।ਇਹ ਮਾਣ ਵੀਰ ਦੇ ਹੌਂਸਲੇ ਅਤੇ ਸੂਝ ਸਿਆਣਪ ‘ਤੇ ਹੁੰਦਾ ਹੈ। ਇਓਂ ਹੀ ਸੰਮਾਂ ਵਾਲੀ ਡਾਂਗ ਅਤੇ ਇਸ ਦਾ ਸੂਤਰਧਾਰ ਸਾਹਿਬ ਸਿੰਘ ਸਾਡੇ ਸਾਰਿਆਂ ਲਈ ਮਾਣ ਦਾ ਸਬੱਬ ਹੈ। ਤੇ ਸਾਹਿਬ ਸਿੰਘ ਦੀ ਸੰਮਾਂ ਵਾਲੀ ਡਾਂਗ ਜਿੱਥੇ ਵੱਜਦੀ ਉੱਥੇ ਤਾਂ ਸਮਝ ਸੂਝ ਵਿਚ ਕੜਕ ਪੈਦਾ ਕਰਦੀ , ਸੁੱਤੇ ਸਿਰਾਂ ਵਿੱਚ ਵੀ ਸੁਆਲਾਂ ਦੀ ਝੜੀ ਲਾ ਦਿੰਦੀ ਹੈ।ਸੁਆਲ ਜਿਹੜੇ ਇਹਨਾਂ ਸਿਰਾਂ ਨੂੰ ਬੈਚੇਨ ਕਰਦੇ ਨੇ। ਇਹ ਬੈਚੇਨੀ ਆਪਣੀ ਅਤੇ ਆਲੇ ਦੁਆਲੇ ਦੀ ਪੜਚੋਲ ਕਰਨ ਲਈ ਮਜ਼ਬੂਰ ਕਰਦੀ ਹੈ। ਸੁਆਲ ਜਿਹੜੇ ਦੂਜੀ ਧਿਰ ਨੂੰ ਤਾਂ ਮੁਖ਼ਾਤਿਬ ਹੁੰਦੇ ਹੀ ਨੇ, ਖੁਦ ਨੂੰ ਵੀ ਪੁੱਛੇ ਜਾਂਦੇ ਨੇ। ਇਹ ਸੁਆਲ ਜਿੱਥੇ ਸੂਝ ਨੂੰ ਸਾਣ ਉੱਤੇ ਲਾਉਂਦੇ ਨੇ , ਸੁਆਲ ਪੁੱਛਣ ਲਈ ਜ਼ੁਬਾਨ ਦਿੰਦੇ ਨੇ । ਉੱਥੇ ਸਭ ਤੋਂ ਜ਼ਰੂਰੀ ਜੇਰੇ ਅਤੇ ਹਿੰਮਤ ਨੂੰ ਤਕੜਿਆਂ ਕਰਨ ਲਈ ਟਾਨਿਕ ਦਾ ਕੰਮ ਵੀ ਕਰਦੇ ਨੇ। ਇਸ ਟਾਨਿਕ ਤੋਂ ਬਾਅਦ ਇਹ ਸੁਆਲ ਅੰਦਰੋਂ -ਅੰਦਰੀ ਰਿੱਝਦਿਆਂ ਦੇਸ਼ ਦੇ ਪ੍ਰਧਾਨ ਸੇਵਕ ਦੇ ਸਾਹਮਣੇ ਵੀ ਉੱਬਲ ਜਾਂਦੇ ਨੇ। ਇਹ ਨਾਟਕ ਸਿਰਫ਼ ਜੱਟਾਂ ਦਾ ਨਹੀਂ, ਮਜ਼ਦੂਰਾਂ ਦਾ ਵੀ ਨਹੀਂ, ਕਿਸਾਨਾਂ ਦਾ ਵੀ ਨਹੀਂ ਬਲਕਿ ਹਰਿਕ ਉਸ ਧਿਰ ਦਾ ਹੈ। ਜਿਹੜੀ ਸਿਰ ਉੱਤੇ ਚੁੱਕ,ਸਵੈ ਵਿਸ਼ਵਾਸ਼ ਨਾਲ਼ ਲਬਰੇਜ਼,ਵਧੀਆ ਜ਼ਿੰਦਗੀ ਜਿਊਣ ਲਈ ਜੂਝ ਰਹੀ ਹੈ। ਹਰੇਕ ਬਖ਼ਤਾਵਰ ਸਿੰਘ, ਉਹਨਾਂ ਦੀਆਂ ਮਾਵਾਂ,ਸਿਮਰ ਕੌਰਾਂ ਦੇ ਪਰਿਵਾਰਾਂ ਦੀ ਕਹਾਣੀ ਹੈ। ਜਿਹਨਾਂ ਦੇ ਸੁਫ਼ਨੇ ਕੋਈ ਚੰਨ,ਤਾਰੇ ਤੋੜਨ ਦੇ ਨਹੀਂ। ਬੱਸ ਆਪਣੇ ਪਰਿਵਾਰਾਂ ਦੇ ਨਿੱਕੇ -ਨਿੱਕੇ ਚਾਅ, ਖੁਸ਼ੀਆਂ ਅਤੇ ਸੁਫ਼ਨਿਆਂ ਨੂੰ ਮਿਲ ਕੇ ਪੂਰਾ ਕਰਨ ਅਤੇ ਇਕੱਠੇ ਜਿਊਣ ਦੇ ਹਨ। ਸੰਮਾਂ ਵਾਲੀ ਡਾਂਗ ਇਸੇ ਜਦੋਜਹਿਦ ਵਿੱਚੋਂ ਉਪਜੀ ਬੇਹੱਦ ਸੰਵੇਦਨਸ਼ੀਲ ਅਤੇ ਯਥਾਰਥਕ ਪਟਕਥਾ ਹੈ। ਜਿਸ ਨੂੰ ਇਕੱਲੇ ਸਾਹਿਬ ਸਿੰਘ ਦਾ ਹੁਨਰ ਕਈ ਕਿਰਦਾਰਾਂ ਨੂੰ ਸਟੇਜ ਉੱਤੇ ਜਿਊਂ ਕੇ ਸਾਡੇ ਸਾਹਮਣੇ ਸਾਕਾਰ ਕਰ ਦਿਖਾਉਂਦਾ ਹੈ। ਸਾਹਿਬ ਸਿੰਘ ਦਾ ਇਹ ਹੁਨਰ ਮੈਨੂੰ ਬਹੁਤ ਪਸੰਦ ਹੈ ਕਿ ਉਹ ਆਪਣੇ ਪਾਤਰਾਂ ਨਾਲ ਕਿਤੇ ਵੀ ਜ਼ਬਰਦਸਤੀ ਨਹੀਂ ਕਰਦਾ, ਬਲਕਿ ਉਹਨਾਂ ਨੂੰ ਉਹਨਾਂ ਚਾਲ ਅਤੇ ਲੈਅ ਅਨੁਸਾਰ ਤੁਰਨ ਦੀ ਆਜ਼ਾਦੀ ਦਿੰਦਾ ਹੈ। ਆਪਣੇ ਆਪ ਨੂੰ ਇੱਕ ਵਿੱਥ ਉਤੇ ਰੱਖ ਕੇ ਪਾਤਰ ਨੂੰ ਆਪਣੀ ਮਨਮਰਜ਼ੀ ਨਾਲ ਤੁਰਨ ਦੇਣਾ ਸਾਹਿਬ ਸਿੰਘ ਦੀ ਲੇਖਣੀ ਦੀ ਖ਼ਾਸੀਅਤ ਹੈ। ਬਖ਼ਤਾਵਰ ਸਿੰਘ ਦੇ ਦਿਲ ਵਿਚ ਸੁਆਲ ਉੱਠ ਕੇ ਰੜਕਦੇ ਨੇ, ਅੱਖਾਂ ਵਿੱਚ ਦਹਿਕਦੇ ਨੇ। ਇਸ ਦਹਿਕ ਤੋਂ ਬਖ਼ਤਾਵਰ ਦੀ ਬੇਬੇ ਵੀ ਪ੍ਰਭਾਵਿਤ ਹੁੰਦੀ ਹੈ। ਉਹ ਜਦੋਂ ਬਖ਼ਤਾਵਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਨੂੰ ਸ਼ਾਂਤ ਨਹੀਂ ਕਰ ਪਾਉਂਦੀ ਤਾਂ ਆਖਦੀ ਹੈ ” ਸੌਂ ਜਾ ਮੇਰਾ ਪੁੱਤ,ਚੁੱਪ ਕਰ ਕੇ” 1971 ਦੀ ਜੰਗ ਉਸ ਦੀ ਛੇ ਸਾਲ ਦੀ ਮਾਸੂਮੀਅਤ ਨੂੰ ਖਾ ਜਾਂਦੀ ਹੈ। ਮਾਂ ਘਰੋਂ ਬਾਹਰ ਜਾਣ ਉੱਤੇ ਵਰਜਦੀ ਹੈ। ਉਸਦੇ ਬਾਪੂ ਦਾ ਹਿਜ਼ਰ, ਉਹਦੇ ਸੁਫ਼ਨੇ ਬਖ਼ਤਾਵਰ ਨੂੰ ਦੱਸ, ਉਹਨਾਂ ਨੂੰ ਪੂਰਾ ਕਰਨ ਦੀ ਰਾਹ ਦੱਸਦੀ,ਉਸ ਦੇ ਮਾਸੂਮ ਬਚਪਨ ਨੂੰ ਦੁਸ਼ਮਣ,ਜੰਗ,ਬੰਬ ਅਤੇ ਡਰ ਵਰਗੇ ਕੁਲਿਹਣੇ ਸ਼ਬਦਾਂ ਅਤੇ ਅਹਿਸਾਸ ਤੋਂ ਬਚਾ ਨਹੀਂ ਪਾਉਂਦੀ। ਬੇਬੇ ਨੂੰ ਸੁੱਤਿਆਂ ਵੇਖ ਜਦੋਂ ਛੋਟਾ ਬਖ਼ਤਾਵਰ ਤਾਰਿਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਆਪਣੇ ਅਤੇ ਬਾਪੂ ਦੇ ਸੁਫ਼ਨੇ ਸਾਂਝੇ ਕਰਦਾ ਹੈ। ਜਦੋਂ ਤਾਰਿਆਂ ਦੀ ਚੁੱਪ ਤੋਂ ਵਿਚਲਿਤ ਹੁੰਦਾ ਕਿ ਇਹ ਤਾਰੇ ਉਹਦੀਆਂ ਗੱਲਾਂ ਦੀ ਹਾਮੀ ਭਰਦਿਆਂ ਉਹਦੇ ਨਾਲ ਖੁਸ਼ ਕਿਉਂ ਨਹੀਂ ਹੁੰਦੇ। ਉਸੇ ਵੇਲੇ ਕਿਤੇ ਦੂਰ ਡਿੱਗਿਆ ਬੰਬ ਉਸ ਦੀ ਤਾਰਿਆਂ ਲਈ ਨਾਰਾਜ਼ਗੀ ਨੂੰ ਸਹਿਮ ਵਿਚ ਬਦਲ ਦਿੰਦਾ ਹੈ। ਬੇਬੇ ਦੀ ਅਸੀਸ ਅਤੇ ਪਿਆਰ ਦਾ ਨਿੱਘ ਹੀ ਉਸ ਲਈ ਰਾਮ ਬਾਣ ਹੈ। ਇਸ ਤੋਂ ਛੇ ਸਾਲ ਬਾਅਦ, ਜਦੋਂ ਉਹ ਬਾਰਾਂ ਸਾਲਾਂ ਦਾ ਹੁੰਦਾ ਹੈ ਤਾਂ ਬਾਪੂ ਦੇ ਉਹਨਾਂ ਨੂੰ ਇਕੱਲਿਆਂ ਛੱਡ ਜਾਣ ਵਾਲਾ ਬੰਬ ਉਸਦੇ ਵਿਹੜੇ ਆ ਡਿੱਗਦਾ।ਜਿਹੜਾ ਉਹਦਾ ਬਚਪਨ ਅਤੇ ਬਾਪੂ ਦਾ ਉਸ ਨੂੰ ਅਫ਼ਸਰ ਬਣਾਉਣ ਦਾ ਸੁਫ਼ਨਾ ਨਿਗਲ਼ ਜਾਂਦਾ ਹੈ। ਦਾਦੇ ਨੂੰ ਅਧਰੰਗ ਹੋਣ ਕਾਰਨ ਬਖ਼ਤਾਵਰ ਬੇਬੇ ਦੀ ਬੁੱਕਲ ਵਿੱਚੋਂ ਨਿੱਕਲ ਕੇ ਯਕਦਮ ਵੱਡਾ ਹੋ ਜਾਂਦਾ । ਉਹ ਸੁਫ਼ਨਿਆਂ ਦਾ ਹੱਥ ਛੱਡ ਹਕੀਕਤ ਨਾਲ਼ ਦੋ ਚਾਰ ਹੋਣ ਲੱਗਦਾ। ਇਸੇ ਜਦੋਜਹਿਦ ਦੇ ਦੌਰ ਵਿੱਚ ਸਿਮਰ ਕੌਰ ਉਹਦੇ ਅਤੇ ਬੇਬੇ ਦੇ ਪਰਿਵਾਰ ਦਾ ਹਿੱਸਾ ਹੋ ਉਹਨਾਂ ਦੇ ਰਿਸਦੇ ਜ਼ਖ਼ਮਾਂ ਉੱਤੇ ਖੁਸ਼ੀਆਂ ਦੇ ਪੋਲੇ – ਪੋਲੇ ਫੈਹੇ ਧਰਦੀ ਹੈ। ਇੱਕ ਧੀ ਅਤੇ ਪੁੱਤਰ ਪਾਲੀ ਨਾਲ ਪਰਿਵਾਰ ਵਿੱਚ ਵਾਧਾ ਕਰਦਿਆਂ ਥੋੜੇ ਚਿਰ ਲਈ ਉਸ ਨੂੰ ਸੁਫ਼ਨਿਆਂ ਦਾ ਸੰਸਾਰ ਸਜਾਉਣ ਲਈ ਵਸੀਲੇ ਦਿੰਦੀ ਹੈ। ਉਹ ਥੋੜ੍ਹੇ ਚਿਰ ਲਈ ਆਪਣੇ ਸੰਸਾਰ ਵਿੱਚ ਪਰਚ ਜਾਂਦਾ। ਹਰੇਕ ਆਮ ਆਦਮੀ ਦੀ ਇਹੀ ਕਹਾਣੀ ਹੈ ਕਿ ਉਸ ਦੇ ਆਪਣਿਆ ਦਾ ਘੇਰਾ ਹੀ ਉਹਨਾਂ ਦਾ ਪਿਆਰਾ ਸੰਸਾਰ ਹੁੰਦਾ ਹੈ। ੧੯੮੪ ਦਾ ਕਾਲਾ ਦੌਰ ਬਖ਼ਤਾਵਰ ਸਿੰਘ ਦੇ ਮਨ ਅੰਦਰ ਉਸਦੀ ਬੇਬੇ ਦੇ ਫਿਕਰਾਂ ਨੂੰ ਜਿਊਂਦਾ ਕਰਦਾ ਹੈ। ਜਦੋਂ ਉਸਨੂੰ ਆਪਣੇ ਪੁੱਤਰ ਪਾਲੀ ਲਈ ਫ਼ਿਕਰ ਮਹਿਸੂਸ ਹੁੰਦੀ ਹੈ। ਪਿਓ ਪੁੱਤਰ ਦੇ ਇੱਕੋ ਨਾਪ ਦੀ ਜੁੱਤੀ ਆਉਣਾ, ਉਹਦੇ ਮਨ ਅੰਦਰ ਪਿਆਰ ਅਤੇ ਹੁਲਾਸ ਨੂੰ ਭਰ ਦਿੰਦਾ ਹੈ।ਉਹ ਸੋਚਦਾ ਕਿ ਹੁਣ ਸਭ ਚੰਗਾ ਹੀ ਹੋਵੇਗਾ । ਪਰ ਰਾਜਨੀਤੀ ਦੇ ਗੰਧਲੇਪਣ ਕਾਰਨ ਆਮ ਲੋਕਾਂ ਵੱਲੋਂ ਸਰਕਾਰਾਂ ਦੀਆਂ ਮੀਚੀਆਂ ਅੱਖਾਂ ਉਸਦੇ ਪਿਆਰੇ, ਨਿੱਕੇ ਅਤੇ ਜਾਇਜ਼ ਸੁਫ਼ਨਿਆਂ ਨੂੰ ਵੀ ਚਕਨਾਚੂਰ ਕਰ ਦਿੰਦੀਆਂ ਨੇ। ਬਖ਼ਤਾਵਰ ਸਿੰਘ ਸਮਝਦਾ ਹੈ ਕਿ ਇਹ ਕੋਈ ਕਿਸਮਤ ਦਾ ਫ਼ੈਸਲਾ ਨਹੀਂ ਕਿ ਉਸਦਾ ਸੰਸਾਰ ਉੱਜੜ ਜਾਵੇ। ਇਹ ਸਰਕਾਰ ਦੀਆਂ ਗ਼ਲਤ ਨੀਤੀਆਂ , ਲਾਪ੍ਰਵਾਹੀਆਂ ਅਤੇ ਬੇਪ੍ਰਵਾਹੀਆਂ ਦਾ ਨਤੀਜਾ ਹੈ। ਸਾਹਿਬ ਸਿੰਘ ਸਿੱਧਾ ਮੁੱਖ ਸਮੱਸਿਆ ਨੂੰ ਮੁਖ਼ਾਤਿਬ ਨਹੀਂ ਹੁੰਦਾ। ਬਲਕਿ ਇਸ ਸਮੱਸਿਆ ਦੇ ਪਨਪਣ ਦੀਆਂ ਸਾਰੀਆਂ ਜੜ੍ਹਾਂ ਨੂੰ ਸੰਵਾਦ ਦੀ ਉਂਗਲ ਫੜਾ ਕੇ ਇਕੱਠਿਆਂ ਮੁੱਖ ਸਮੱਸਿਆ ਨੂੰ ਘੇਰਦਾ ਹੈ। ਸਾਹਿਬ ਮੁਨਸਿਫ਼ ਨੂੰ ਬਿਲਕੁਲ ਬਰੀ ਨਹੀਂ ਕਰਦਾ ਉਹ ਸਮੱਸਿਆਵਾਂ ਪੈਦਾ ਕਰਨ ਵਿੱਚ ਮੁਨਸਿਫ਼ ਦੇ ਰੋਲ ਨੂੰ ਤਾੜਦਿਆਂ ਉਸ ਨੂੰ ਆਗਾਹ ਕਰਦਾ ਹੈ ਕਿ ਮੁਜਰਿਮ ਅਤੇ ਹਾਕਮ ਦਾ ਏਨਾ ਹੀਆ ਮੁਨਸਿਫ਼ ਦੀ ਨਾਸਮਝੀ ਅਤੇ ਛੋਟੇ- ਛੋਟੇ ਹਿੱਤਾਂ ਕਾਰਨ ਹੈ। ਉਹ ਆਪਣੇ ਨਿੱਕੇ -ਨਿੱਕੇ ਹਿੱਤਾਂ ਨੂੰ ਤਿਆਗ ਬਾਬੇ ਨਾਨਕ ਦੇ ਸਬਕ ਸਰਬੱਤ ਦੇ ਭਲੇ ਦਾ ਫ਼ਲਸਫ਼ਾ ਅਪਨਾਉਣ ਅਤੇ ਦਸ਼ਮ ਪਿਤਾ ਵਾਂਗ ਇਸ ਫ਼ਲਸਫ਼ੇ ਨੂੰ ਪ੍ਰਵਾਨ ਚੜ੍ਹਾਉਣ ਲਈ ਕਿਸਾਨ ਅੰਦੋਲਨ ਨੂੰ ਪਿੱਠ ਭੂਮੀ ਵਜੋਂ ਵਰਤਦਾ ਹੈ। ਸਾਹਿਬ ਸਿੰਘ ” ਸੰਮਾਂ ਵਾਲੀ ਡਾਂਗ” ਹਰ ਇਕ ਧਿਰ ਦੇ ਸਿਰਹਾਣੇ ਖੜਕਾਉਂਦਾ ਹੈ। ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸ਼ਬਦਾਂ ਤੋਂ ਕਰਮਾਂ ਵਿੱਚ ਲਿਆਉਣਾ ਲੋਚਦਾ ਹੈ। ਉਹ ਜਾਣਦਾ ਹੈ ਕਿ ਰਾਜ ਕਰਨ ਅਤੇ ਦਬਾਉਣ ਵਾਲੀਆਂ ਧਿਰਾਂ ਨੂੰ ਇਸ ਫ਼ਲਸਫ਼ੇ ਤੋਂ ਡਾਹਢਾ ਭੈਅ ਆਉਂਦਾ ਹੈ। ਬਖ਼ਤਾਵਰ ਸਿੰਘ ਪਰਤ ਦਰ ਪਰਤ ਆਪਣੀ ਜ਼ਿੰਦਗੀ ਫਰੋਲਦਾ ਆਪਣੇ ਰੋਹ, ਸੰਤਾਪ , ਵਿਯੋਗ ਅਤੇ ਦੁੱਖ ਤਕਲੀਫਾਂ ਨੂੰ ਦਰਸ਼ਕਾਂ ਨਾਲ ਸਾਂਝਾ ਕਰਦਾ ਹੈ। ਦਰਸ਼ਕ ਬਖ਼ਤਾਵਰ ਦੀ ਪੀੜ ਨੂੰ ਆਪਣੇ ਸੀਨਿਆਂ ਵਿਚ ਮਹਿਸੂਸ ਕਰਦੇ ਨੇ। ਚੁੱਪ ਆਵਾਜ਼ ਵਿੱਚ ਕਿਵੇਂ ਤਬਦੀਲ ਹੁੰਦੀ ਹੈ , ਇਹ ਸਾਹਿਬ ਸਿੰਘ ਦੇ ਨਾਟਕ ਸੰਮਾਂ ਵਾਲੀ ਡਾਂਗ ਨੂੰ ਗਹੁ ਨਾਲ ਵੇਖਦਿਆਂ ਭਲੀਭਾਂਤ ਮਹਿਸੂਸ ਕੀਤਾ ਜਾ ਸਕਦਾ ਹੈ। ਚੁੱਪ ਰਾਹੀਂ ਦਰਸ਼ਕਾਂ ਨੂੰ ਵੀ ਇਸ ਨਾਟਕ ਦਾ ਪਾਤਰ ਕਰ ਲੈਣਾ,ਇਸ ਨਾਟਕ ਦਾ ਸ਼ਿਖਰ ਆਖਿਆ ਜਾ ਸਕਦਾ ਹੈ ਅਤੇ ਸਾਹਿਬ ਸਿੰਘ ਨੂੰ ਇਹ ਜਾਦੂ ਕਰਨਾ ਆਉਂਦਾ ਹੈ। ਬਖ਼ਤਾਵਰ ਸਿੰਘ ਦੇ ਬੋਲਾਂ ਨਾਲ ਅਹਿਸਾਸ ਦੀ ਊਰਜਾ ਦਰਸ਼ਕਾਂ ਵਿੱਚ ਪ੍ਰਵੇਸ਼ ਕਰਦੀ ਹੈ। ਸਾਹਿਬ ਸਿੰਘ ਨੂੰ ਇਸ ਦੀ ਤਸਦੀਕ ਹਾਲ ਵਿਚ ਸੈਂਕੜੇ ਦਰਸ਼ਕਾਂ ਦੀ ਚੁੱਪ,ਕਿਤੇ ਕਿਤੇ ਉੱਠੇ ਕਿਸੇ ਹੳਕੇ ਅਤੇ ਭਰੀਆਂ ਸਿਸਕੀਆਂ ਨੇ ਕੀਤੀ । ਏਨੇ ਲੋਕਾਂ ਨੂੰ ਕਿਵੇਂ ਆਪਣੀ ਸ਼ਿੱਦਤ,ਚੁਸਤ ਦਰੁਸਤ ਵਾਰਤਾਲਾਪ ਅਤੇ ਚਿਹਰੇ ਦੇ ਹਾਵ ਭਾਵ ਨਾਲ਼ ਮੰਤਰ ਮੁਗਧ ਕਰਕੇ ਕਿਵੇਂ ਆਪਣੀ ਗੱਲ ਦੀ ਹਾਮੀ ਭਰਵਾਈ ਜਾ ਸਕਦੀ ਹੈ ਇਹ ਸਾਹਿਬ ਸਿੰਘ ਨੂੰ ਭਲੀ ਭਾਂਤ ਪਤੈ। ਸਾਹਿਬ ਸਿੰਘ ਆਪਣੀ ਲਿਖਤ ਅਤੇ ਪੇਸ਼ਕਾਰੀ ਵਿਚ ਪਰਿਵਾਰ ਵਿੱਚ ਔਰਤ ਦੇ ਰੋਲ ਨੂੰ ਵੀ ਬੇਹੱਦ ਸਤਿਕਾਰ ਦਿੰਦਿਆਂ ਉਸਨੂੰ ਪਰਿਵਾਰਿਕ ਸੰਰਚਨਾ ਦਾ ਮਜ਼ਬੂਤ ਥੰਮ੍ਹ ਗਰਦਾਨਦਾ ਹੈ। ਇਸ ਦੀ ਤਸਦੀਕ ਬੇਬੇ ਦੇ ਰੋਲ਼ ਅਤੇ ਸਿਮਰ ਕੌਰ ਦੇ ਰੋਲ ਵਿੱਚੋਂ ਬੜੀ ਪੁਖਤਗੀ ਨਾਲ ਮਿਲਦੀ ਹੈ। ਬਖ਼ਤਾਵਰ ਸਿੰਘ ਹਰ ਆਮ ਆਦਮੀ ਦੀ ਤਰਜਮਾਨੀ ਕਰਦਾ ਹੈ।ਇਹ ਲੋਕ ਰਾਜਨੀਤਕ ਲੋਕਾਂ ਦੀਆਂ ਚਾਲਾਂ ਤੋਂ ਭਲੀਭਾਂਤ ਜਾਣੂ ਹਨ। ਬੱਸ ਹਾਰਦੇ ਉਦੋਂ ਨੇ, ਜਦੋਂ ਇੱਕ ਦੂਜੇ ਨੂੰ ਨਹੀਂ ਸਮਝਦੇ ਅਤੇ ਆਪਸ ਵਿੱਚ ਵੰਡੇ ਜਾਂਦੇ ਨੇ। ਆਪਣੇ ਨਿੱਕੇ ਨਿੱਕੇ ਹਿੱਤਾਂ ਲਈ ਏਕੇ ਨੂੰ ਤਿਆਗ ਦਿੰਦੇ ਨੇ। ਸਾਹਿਬ ਸਿੰਘ ਇਹਨਾਂ ਪੇਚੀਦਾ ਸਮੱਸਿਆਵਾਂ ਦੇ ਬੜੇ ਸੌਖੇ ਹੱਲ ਕਰਨੇ ਜਾਣਦਾ ਹੈ। ਏਨੇ ਸੰਵੇਦਨਸ਼ੀਲ ਵਿਸ਼ੇ ਦਾ ਨਾਟਕ ਕਿਤੇ ਵੀ ਬੋਝਲ ਜਾ ਅਕਾਊ ਨਹੀਂ ਲੱਗਦਾ ਕਿਉਂਕਿ ਸਾਹਿਬ ਸਿੰਘ ਨੇ ਜ਼ਿੰਦਗੀ ਦਾ ਹਰੇਕ ਰੰਗ ਲੋੜ ਅਨੁਸਾਰ ਭਰ ਕੇ ਸੰਮਾਂ ਵਾਲੀ ਡਾਂਗ ਦੀ ਤਸਵੀਰ ਬਣਾਈ ਹੈ। ਖੂਬਸੂਰਤ ਅਤੇ ਧੁਰ ਅੰਦਰ ਤੀਕ ਲਹਿ ਜਾਣ ਵਾਲੀ ਪੇਸ਼ਕਾਰੀ। ਏਥੇ ਸਾਹਿਬ ਸਿੰਘ ਨੂੰ ਇੱਕ ਖਿਤਾਬ ਦਿੰਦਿਆਂ ਮੇਰਾ ਮਨ ਬੜਾ ਸਕੂਨ ਮਹਿਸੂਸ ਕਰ ਰਿਹਾ ਹੈ। ਨਾਟਕ ਸਮਰਾਟ ” ਸਾਹਿਬ ਸਿੰਘ ” ਸਾਹਿਬ ਸਿੰਘ ਹੁਣਾਂ ਨੂੰ ਅਕਸਰ ਹੀ ਕਹਿੰਦੇ ਸੁਣਿਆ ਕਿ ਜਦੋਂ ਵੀ ਉਹ ਮੰਚ ਉੱਤੇ ਜਾਂਦੇ ਨੇ ਤਾਂ ਆਪਣੇ ਆਪ ਨੂੰ ਗੁਰਸ਼ਰਨ ਭਾਅ ਦਾ ਪਹਿਲੇ ਦਿਨ ਵਾਲਾ ਸਾਹਿਬ ਸਮਝ ਕੇ ਜਾਂਦੇ ਨੇ। ਇਸ ਨਾਟਕ ਨੂੰ ਪੇਸ਼ ਕਰਦਿਆਂ ਸਾਹਿਬ ਸਿੰਘ ਹੁਣਾਂ ਕੋਲੋਂ ਜਦੋਂ ਇੱਕ ਦੋ ਸੰਵਾਦ ਅੱਗੇ ਪਿੱਛੇ ਹੋਏ ਤਾਂ ਲਾਜਵਾਬ ਅਦਾਕਾਰ ਨੇ ਇਸ ਉਤੇ ਵੀ ਆਪਣੇ ਹੁਨਰ ਦਾ ਜਾਦੂ ਕਰਕੇ ਆਪਣੀ ਚੁੱਪ ਦਾ ਤਲਿਸਮ ਦਰਸ਼ਕਾਂ ਦੇ ਮਨਾਂ ਨੂੰ ਕਿਸੇ ਜਾਦੂਗਰ ਵਾਂਗ ਆਪਣੇ ਵੱਸ ਵਿੱਚ ਕਰਨ ਲਈ ਵਰਤ ਲਿਆ। ਬਹੁਤ ਹੀ ਔਖਾ ਅਤੇ ਅਨੌਖਾ ਕਾਰਜ ਹੈ ਲੋਕ ਮਨਾਂ ਨੂੰ ਆਪਣੀ ਭਾਵਨਾ ਅਤੇ ਸੰਵੇਦਨਾਵਾਂ ਸੰਗ ਤੋਰਨਾ।ਪਰ ਇੱਥੇ ਮੈਂ ਕਹਾਂਗੀ ਕਿ ਇਹ ਸਾਹਿਬ ਸਿੰਘ ਲਈ ਚੁਟਕੀ ਵਜਾਉਣ ਜਿੰਨਾਂ ਹੀ ਸੌਖਾ ਹੈ। ਸੰਮਾਂ ਵਾਲੀ ਡਾਂਗ, ਇਕੱਲੀ ਕਿਸਾਨੀ ਦੀ ਗਾਥਾ ਦੀ ਲਖਾਇਕ ਹੀ ਨਹੀਂ। ਬਲਕਿ ਸੰਮਾਂ ਵਾਲੀ ਡਾਂਗ ਦਾ ਕੈਨਵਸ ਸਾਡੇ ਵਿਰਸੇ, ਵਿਰਾਸਤ,ਹੌਸਲੇ ਅਤੇ ਪੁਰਖਿਆਂ ਦੀ ਅਸੀਸ ਜਿੰਨਾ ਵਿਸ਼ਾਲ ਅਤੇ ਵਸੀਹ ਹੈ। ਇਹ ਡਾਂਗ ਏਕੇ, ਹੌਂਸਲੇ ਦੀ ਸੂਝ ਦੀ ਮੰਗ ਕਰਦੀ ਸਮੱਸਿਆਵਾਂ ਦੇ ਸਿੱਧੇ ਅਤੇ ਸਰਲ ਹੱਲ ਵੱਲ ਮਾਤਰ ਇਸ਼ਾਰਾ ਕਰਦਿਆਂ ਸਮਾਜ ਨੂੰ ਇਸ ਇਸ਼ਾਰੇ ਨੂੰ ਸਮਝ ਕੇ ਉਸ ਰਾਹ ਉੱਤੇ ਏਕੇ,ਸਿਦਕ,ਸਬਰ ਅਤੇ ਸੂਝ ਨਾਲ ਤੁਰਨ ਦੀ ਉਡੀਕ ਕਰ ਰਹੀ ਹੈ।ਆਓ ਆਪਾਂ ਸਾਰੇ ਇਸ ਕਾਫ਼ਲੇ ਨੂੰ ਵੱਡਾ ਕਰਦਿਆਂ ਬਾਬੇ ਨਾਨਕ,ਭਗਤ ਸਿੰਘ,ਗੁਰਸ਼ਰਨ ਭਾਅ, ਸਾਹਿਬ ਸਿੰਘ ਅਤੇ ਸਾਡੇ, ਤੁਹਾਡੇ ਸੁਫ਼ਨਿਆਂ ਦਾ ਸੋਹਣਾ ਸਮਾਜ ਸਿਰਜਣ ਵੱਲ ਬਾਬੇ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਆਤਮ ਸਾਤ ਕਰਦਿਆਂ ਤੁਰੀਏ। ਸਾਹਿਬ ਸਿੰਘ ਹੁਣਾਂ ਦੇ ਇਸ ਯੋਗਦਾਨ ਲਈ ਕੋਈ ਅਸੀਸ ਨਹੀਂ ਦੇ ਸਕਦੀ ਕਿਉਂਕਿ ਛੋਟੇ ਤਾਂ ਸਿਰਫ਼ ਪਿਆਰ, ਸਤਿਕਾਰ ਦੇ ਸਕਦੇ ਹੁੰਦੇ ਨੇ। ਮੈਂ ਸਾਹਿਬ ਸਿੰਘ ਹੁਣਾਂ ਦੀ ਸੰਮਾਂ ਵਾਲੀ ਡਾਂਗ ਦੇ ਅਰਥ ਦੀ ਤਰਜਮਾਨੀ ਕਰਨ ਵਾਲੀ ਮੇਰੀ ਇੱਕ ਗ਼ਜ਼ਲ “ਸੰਮਾਂ ਵਾਲੀ ਡਾਂਗ” ਨਾਟਕ ਨੂੰ ਸਮਰਪਿਤ ਕਰਦਿਆਂ ਸਰ ਦੇ ਅਨਮੋਲ ਯੋਗਦਾਨ ਲਈ ਪਿਆਰ ਅਤੇ ਸਤਿਕਾਰ ਪੇਸ਼ ਕਰਦੀ ਹਾਂ।

Total Views: 220 ,
Real Estate