ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੁੰਦੀ ਸੀ…

ਸੁਖਨੈਬ ਸਿੰਘ ਸਿੱਧੂ

ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੁੰਦੀ ਸੀ , ਰੂਹ ਨੂੰ ਗਿਆਨ ਦੇ ਚਾਨਣ ਨਾਲ ਜਗਾਉਣ ਦੀ ਕੋਸਿ਼ਸ਼ , ਪਰ ਮਨਾਂ ਦੀ ਕਾਲਖ ਗਈ ਨਹੀਂ , ਬਨੇਰਿਆਂ ਦੇ ਬਹੁਤ ਜਗਮਗ ਹੈ , ਜਿੱਥੇ ਚਾਨਣ ਲੋੜੀਂਦਾ ਉੱਥੇ ਘੁੱਪ ਹਨੇਰਾ।
ਦੂਜਾ ਗੂਗਲ ਗਿਆਨ ਨੇ ਸਤਿਆਨਾਸ ਮਾਰ ਦਿੱਤਾ । ਬੁੱਧੀਜੀਵੀ , ਚੀਨ ਦੀ ਆਬਾਦੀ ਵਾਂਗੂੰ ਵਧ ਗਏ ਹਨ ਆਪਣੇ ਵਿਚਾਰ ਧੋਪੇ ਜਾ ਰਹੇ , ਅਪੀਲ ਦਲੀਲ ਕਿਸੇ ਕੋਲ ਨਹੀਂ ।
ਭਲੇ ਵੇਲਿਆਂ ‘ਚ ਤਿਉਹਾਰਾਂ ਦੀ ਉਡੀਕ ਹੁੰਦੀ , ਬੇਸਬਰੀ ਭਰਿਆ ਸਬਰ ਹੁੰਦਾ ਸੀ । ਹੁਣ ਵੇਲੇ ਲੱਦ ਗਏ ਹਨ , ਸਭ ਕੁਝ ਬਾਜ਼ਾਰ ਅਤੇ ਵਪਾਰ ਦੇ ਹੱਥਾਂ ‘ਚ ਚਲਾ ਗਿਆ ।
ਕਿਸਾਨ ਅਤੇ ਮਜਦੂਰ ਦੀਵਾਲੀ ਵੇਲੇ ਲੁੱਟੇ ਜਾਂਦੇ ਹਨ , ਬਾਕੀ ਦੁਕਾਨਦਾਰ ਕਮਾਈ ਕਰਦੇ, ਸਭ ਨੇ ਕੁੱਝ ਨਾ ਕੁੱਝ ਵੱਟ- ਖੱਟ ਕੇ ਘਰ ਵੜਨਾ ਹੁੰਦਾ।
ਕਿਸਾਨ – ਮਜਦੂਰ ਘਰੇ ਮਸੋਸੇ ਦੇ ਮੂੰਹ ਲੈ ਕੇ ਜਾਂਦੇ ਹਨ ਕਿ ਜਵਾਕਾਂ ਦੇ ਮੱਥੇ ਕਿਵੇਂ ਲੱਗਣ ਉਹਨਾ ਦੀਆਂ ਲੋੜਾਂ ਵੀ ਦੁਨੀਆਂ ਵਰਗੀਆਂ ਹੋ ਗਈਆਂ । ਪਹਿਲਾਂ ਮਠਿਆਈਆਂ ਘਰੇ ਬਣ ਲੈਂਦੇ ਸੀ , ਖਾਂਦੇ ਦੀ ਰੱਜ ਕੇ ਸੀ , ਕੋਈ ਬਿਮਾਰ ਨਹੀਂ ਹੁੰਦਾ।
ਹੁਣ ਹਰੇਕ ਨੂੰ ਪਤਾ ਮਠਿਆਈਆਂ ‘ਚ ਜ਼ਹਿਰ ਅਤੇ ਮਿਲਾਵਟ ਪਰੋਸੀ ਜਾ ਰਹੀ ਹੈ। ਅਸੀਂ ਪਹਿਲਾਂ ਮਠਿਆਈਆਂ ਖਰੀਦ ਰਹੇ , ਮਗਰੋਂ ਦਵਾਈਆਂ । ਸਿਹਤ ਵਿਭਾਗ ਵਾਲੇ ਅਧਿਕਾਰੀਆਂ ਦੇ ਖਜ਼ਾਨੇ ਸਿਹਤਮੰਦ ਹੁੰਦੇ ਜਾਂਦੇ , ਐਂਤਕੀ ਤਾਂ ਉਹ ਅਫਸਰ ਸਾਹਿਬਾਨ ਵੀ ਨਹੀਂ ਜਿਹੜੇ ਨਕਲੀ ਮਠਿਆਈਆਂ ਫੜਦੇ ਸੀ । ਬਾਜ਼ਾਰ ਨੇ ਆਮ ਇਨਸਾਨ ਨੂੰ ਅਡੰਬਰਾਂ ‘ਚ ਫਸਾ ਦਿੱਤਾ ਕਿਸੇ ਨੂੰ ਸਮਝ ਨਹੀਂ ਲੱਗੀ , ਦਿਖਾਵੇ ਵਾਸਤੇ ਬਹੁਤ ਕੁਝ ਹੈ , ਸੋਚ ਦਾ ਦੀਵਾ ਗੁੱਲ ਹੈ।
ਕਈ ਵਰ੍ਹੇ ਪਹਿਲਾਂ ਇੱਕ ਦੋਸਤ ਨੇ ਫਰੂਟ ਖਰੀਦੇ , ਪਤਾ ਸੀ ਮਠਿਆਈਆਂ ਮਿਲਾਵਟ ਹੈ, ਉਹਦੀ ਭੈਣ ਦੇ ਘਰ ਗਏ । ਮੇਰਾ ਦੋਸਤ ਵਾਸਰੂਮ ਗਿਆ ਤਾਂ ਭੈਣ ਕਹਿੰਦੀ ‘ ਸਾਡੇ ਆਲ੍ਹਿਆਂ ਨੂੰ ਐਨੀ ਵੀ ਅਕਲ ਨਹੀਂ ਤਿੱਥ -ਤਿਉਂਹਾਰ ਦੇ ਕਿਵੇਂ ਵਰਤਣਾ, ਦੋ ਕਿਲੋ ਸੇਬ ਚੱਕ ਲਿਆਂਦੇ , ਇੱਕ -ਦੋ ਡੱਬੇ ਲੈ ਆਉਂਦੇ , ਪੈਸੇ ਦੀ ਕਮੀ ਨਹੀਂ ਇਹਦੇ ਕੋਲ ਦਿਮਾਗ ਘੱਟ ਆ , ਇੱਕ ਆਹ ਮੇਰੀ ਸੱਸ ਤਾਂ ਕੋਚਰੀ ਵਾਂਗੂੰ ਨਿਗਾ ਰੱਖਦੀ ,ਕੀ ਦੇ ਕੇ ਗਏ ਕਿੰਨਾ ਦੇ ਕੇ ਗਏ ।’
ਕੁੜੀ ਨੇ 500-500 ਦੇ ਦੋ ਨੋਟ ਆਪਣੇ ਕੋਲੋਂ ਕੱਢੇ ਅਤੇ ਛੋਟੇ ਭਰਾ ਨੂੰ ਫੜਾ ਕੇ, ਕਹਿੰਦੀ ਸੱਸ ਦੇ ਸਾਹਮਣੇ ਜੇ ਜਵਾਕਾਂ ਨੂੰ ਫੜਾ ਦਿਓ , ਮੈਂ ਕੋਈ ਲੈਣ ਦੇਣ ਦੀ ਭੁੱਖੀ ਨੀ, ਪਰ ਮੇਰਾ ਸਿਰ ਵੀ ਤਾਂਹੀ ਉੱਚਾ ਜੇ ਮੇਰੇ ਪੇਕਿਆ ਦੀ ਇੱਜ਼ਤ ਹੋਊ , ਡੱਬਿਆਂ ਦਾ ਤਾਂ ਮੇਰੇ ਘਰ ਢੇਰ ਲੱਗਿਆ ਪਰ ਮੇਰੀ ਸੱਸ ਦੀ ਨੀਤ ਨਹੀਂ ਭਰਦੀ ।’
ਦੀਵਾਲੀ ਅਧਿਕਾਰਤ ਰਿਸ਼ਵਤ ਦੇਣ ਦਾ ਦਿਨ ਹੈ , ਜੀਹਨੂੰ ਜੀਹਦੇ ਤੋਂ ਫਾਇਦਾ ,ਉਹਨੂੰ ਖੁਸ਼ ਰੱਖਣ ਲਈ ਤੋਹਫ਼ੇ ਦੇ ਰਿਹਾ । ਦੁਕਾਨਦਾਰ ਆਪਣੇ ਕੋਲ ਗਾਹਕ ਭੇਜਣ ਵਾਲੇ ਮਿਸਤਰੀਆਂ/ ਇਲੈਕਟ੍ਰੀਸਨ਼ਾਂ ਨੂੰ ਡੱਬੇ ਭੇਜਦੇ। ਮੁਖ਼ਬਰ ਨੂੰ ਪੁਲਿਸ ਵਾਲੇ ਨਾਲ ਬਹਾ ਕੇ ਛਿੱਟ-ਛਿੱਟ ਲਵਾ ਦਿੰਦੇ ਹੋਣੇ।
ਸਿਆਸੀ ਲੋਕਾਂ ਦੇ ਘਰਾਂ ‘ਚ ਠੇਕੇਦਾਰ, ਪਾਰਟੀ ਵਰਕਰਾਂ ਅਤੇ ਕਰਮਚਾਰੀਆਂ/ ਅਧਿਕਾਰੀਆਂ ਦੀ ਹੇੜਾਂ ਪਹੁੰਚਦੀਆਂ , ਜੀਹਨੂੰ ਕਦੇ ‘ਜੱਗ ਦੇ ਚੌਲਾਂ ‘ਚੋਂ ਖੋਪਾ ‘ਨਾ ਮਿਲਿਆ ਹੋਵੇ ਅਜਿਹੇ ਸਿਆਸੀ ਲੋਕਾਂ ਦੇ ਘਰੀਂ ਡਰਾਈਫਰੂਟ ਦੇ ਅੰਬਾਰ ਲੱਗਦੇ ਹਨ, ਡੱਬਿਆਂ ‘ਚ ਪੈਕ ਹੋ ਕੇ ਲੱਛਮੀ ਜੀ ਦੇ ਸਪੁੱਤਰ ਗਾਂਧੀ ਜੀ ਐਨਕਾਂ ਲਾ ਕੇ ਪਹੁੰਚਦੇ ਹਨ। ਬਹੁਤੇ ਡੱਬੇ ‘ਲੈਣ -ਦੇਣ ਵਾਲੇ ਸੂਟਾਂ’ ਵਾਂਗੂੰ ਘੁੰਮਦੇ ਰਹਿੰਦੇ ਹਨ।
ਦਿਖਾਵਾ ਵੱਧ ਰਿਹਾ , ਮੋਹ -ਤਿਉਂ ਗਾਇਬ ਹੈ। ਜੇ ਕਿਸੇ ਦੀ ਸੋਚ ਰੌਸ਼ਨ ਹੋ ਰਹੀ ਤੇ ਦਿਖਾਵੇ ਤੋਂ ਬਿਨਾ ਅਪਣੱਤ ਕਾਇਮ ਹੈ ਤਾਂ ਕੁਦਰਤ ਆਪਣਾ ਵਜੂਦ ਨਹੀਂ ਛੱਡ ਰਹੀ ਫਿਰ ਦਿਵਾਲੀ ਮੁਬਾਰਕ ।

Total Views: 38 ,
Real Estate