ਕਰਫਿਊ ਵੇਲਿਆਂ ਦੀ ਗੱਲ ਆ ਜਦ ਆਮ ਹੀ ਪੁਲਿਸ ਰਾਤ ਨੂੰ ਪਿੰਡਾਂ ਗਸ਼ਤ ਕਰਦੀ ਫਿਰਦੀ ਹੁੰਦੀ ਸੀ, ਸ਼ਾਮ ਨੂੰ ਛੇ ਵਜੇ ਤੋਂ ਬਾਅਦ ਸਾਡੇ ਪਿੰਡਾਂ ਬਾਹਰ ਫਿਰਦਿਆਂ ਨੂੰ ਅਕਸਰ ਹੀ ਰੋਕ ਲੈਂਦੇ ਸੀ, ਤੇ ਇਸੇ ਤੋਂ ਬਚਣ ਲਈ ਲੋਕ ਟੈਮ ਨਾਲ ਹੀ ਘਰੇ ਵੜ ਜਾਂਦੇ ,ਰਾਤ ਨੂੰ ਹਾਲਾਤ ਖਰਾਬ ਹੋਣ ਕਰਕੇ ਬਾਹਰ ਫਿਰਨ ਦੀ ਮਨਾਹੀ ਸੀ, ਜੇ ਪੁਲਿਸ ਨੇ ਕਿਸੇ ਦਾ ਬੂਹਾ ਖੜਕਾਉਣਾ ਤਾਂ ਅਕਸਰ ਕੋਈ ਪਿੰਡ ਦਾ ਸਰਪੰਚ ਜਾਂ ਮੋਹਤਬਾਰ ਬੰਦਾ ਨਾਲ ਲੈ ਕੇ ਜਾਂਦੀ।
ਬਾਬੇ ਬੁੱਗੇ ਦਾ ਘਰ ਪਿੰਡ ਦੇ ਬਾਹਰ ਸੀ, ਹਾਲਾਤ ਬਾਹਰਲੇ ਹੀ ਖ਼ਰਾਬ ਹੋ ਚੁੱਕੇ ਤੇ ਉਪਰੋਂ ਰੁੱਤ ਗਰਮੀ ਦੀ, ਲੈਟ ਦੇ ਲੱਗਦੇ ਕੱਟ , ਤੇ ਪੁਲਿਸ ਦੀ ਗਸ਼ਤ ਚ ਗਰੀਬ-ਗੁਰਬੇ ਬਾਹਲ਼ਾ ਪਿਸਦੇ ਸੀ, ਭੀੜੇ ਵਿਹੜਿਆਂ ਚ ਹਵਾ ਕਿੱਥੇ ਲੱਗੇ, ਹੋਇਆ ਕੀ…..? ਰਾਤ ਨੂੰ ਲੈਟ ਮੁੜਗੀ ਤੇ ਗਰਮੀ ਤੋ ਅੱਕੇ ਬੁੱਗੇ ਨੇ ਮੰਜਾ ਬਾਹਰ ਬੀਹੀ ਚ ਡਾਹ ਲਿਆ , ਸੋਚਿਆ ਕੇਰਾਂ ਗੇੜਾ ਦੇ ਗਏ ਪੁਲਿਸ ਆਕੇ ਹੁਣ ਕਿਹਨੇ ਆਉਣਾ, ਕਿਤੇ-ਕਿਤੇ ਆਉਂਦੇ ਬੀਹੀ ਚ ਹਵਾ ਦੇ ਬੁੱਲਿਆਂ ਨੇ ਖੁੱਲੇ ਅਸਮਾਨ ਥੱਲੇ ਪਲਾਂ ਚ ਬਾਬੇ ਨੂੰ ਗੂੜੀ ਨੀਂਦ ਸੁਲਾ ਦਿੱਤਾ ,
ਮਾੜੇ ਕਰਮ….., ਪੁਲਿਸ ਦੀ ਗੱਡੀ ਫੇਰ ਆ ਗਈ, ਟਿਕੀ ਰਾਤ ਵੱਡੀ ਗਲੀ ਤੇ ਗਲੀ ਦੇ ਵਿਚਾਲੇ ਬੇ-ਖ਼ੌਫ਼ ਸੁੱਤਾ ਪਿਆ ਬਾਬਾ ਬੁੱਗਾ,
ਹੁਣ ਪੁਲਿਸ ਆਲੇ ਡਰਦੇ ਨੇੜੇ ਵੱਲ ਨਾ ਆਉਣ , ਬਈ ਕੋਈ ਘਾਤ ਲਈ ਨਾ ਪਿਆ ਹੋਵੇ, ਐਵੇਂ ਚੋਪੜ ਕੇ ਰੱਖ ਦੇਵੇ, ਏਧਰ ਬਾਬਾ ਘੂਕ ਸੁੱਤਾ ਪਿਆ,
ਜੇਰਾ ਜਿਆ ਕਰਕੇ ਹੌਲੀ-ਹੌਲੀ ਪੁਲਿਸ ਆਲਿਆਂ ਨੇ ਗੱਡੀ ਮੰਜੇ ਕੋਲ ਲਿਆ ਖੜਾਈ,ਖੜਕਾ ਜਿਹਾ ਸੁਣ ਬਾਬੇ ਨੇ ਅੱਧ-ਸੁੱਤੇ ਅੱਖਾਂ ਪੁੱਟੀਆਂ ਤੇ ਸਰ੍ਹਾਣੇ ਪੁਲਿਸ ਖੜੀ,
ਕਹਿੰਦੇ ਆ ਬਈ, ਕਿਮੇਂ ਗਲੀ ਚ ਲਾਮਲੇਟ ਹੋਇਆ ਪਿਆ, ਏਨੇ ਹਾਲਾਤ ਖਰਾਬ ਨੇ ਜੇ ਕੋਈ ਹਬੀ-ਨਬੀ ਹੋ ਗਈ ਜਿੰਮੇਵਾਰ ਕੌਣ ਭਲਾਂ, ਡਰ-ਡੁਰ ਹੈਗਾ ਕਿ ਮਰਨ ਦੇ ਇਰਾਦੇ ਆ……ਇੱਕੋ ਸਾਹ ਪਤਾ ਨੀ ਕਿੰਨਾ ਕੁ ਬਾਬਾ ਨੂੰ ਪੁਲਿਸ ਆਲੇ ਬੋਲ ਗਏ,
ਬਾਬੇ ਨੇ ਹੱਥ ਜੋੜ ਕਿਹਾ, ਮਾਲਕੋ ਗਰੀਬ ਬੰਦਾ, ਗਰਮੀ ਬਾਹਲੀ ਸੀ ਭੀੜਾਂ ਘਰ ਕਰਕੇ ਵਾ ਲੱਗਦੀ ਨਹੀ ਸੀ, ਜੁਆਕ ਕੋਠੇ ਤੇ ਚੜ ਗਏ , ਏਸੇ ਉਮਰੇ ਹੁਣ ਕੋਠੇ ਤੇ ਕੌਣ ਚੜੇ, ਮੈਂ ਬੀਹ ਚ ਮੰਜਾਂ ਡਾਹ ਲਿਆ, ਅੱਗੇ ਤੋਂ ਨਹੀ ਡਾਉਦਾਂ …..,
ਠਾਣੇਦਾਰ ਬੋਲਿਆ, ਬਾਬਾ ਆਂਏ ਨੀ ਸਰਨਾ ਹੁਣ ਤਾਂ ਠਾਣੇ ਜਾਣਾ ਪਾਊ, ਗੱਲ ਉੱਥੇ ਨਿਬੜੂ, ਜੇ ਕੁਝ ਹੋ ਜਾਂਦਾ ਸਾਡੀ ਜਾਨ ਨੂੰ ਸਿਆਪਾ ਪਾ ਕੇ ਰੱਖ ਦੇਣਾ ਸੀ, ਦਬਕਾ ਮਾਰਦਾ ਬੋਲਿਆ , ਬਹਿ ਕੇਰਾਂ ਗੱਡੀ ਚ ਚੌਂਕੀ ਚ ਲਾਉਨੇ ਤੇਰੇ ਲਈ ਕੂਲਰ ….।
ਬਾਬਾ ਕਹਿੰਦਾ ਜੀ ਜਨਾਬ , ਜੋ ਹੁਕਮ, ਆਹ ਬੱਸ ਮੰਜਾ ਅੰਦਰ ਰੱਖ ਦੇਵਾਂ ਸਾਨੂੰ ਕੇਹੜਾ ਸੌਖੇ ਜੁੜਦੇ ਆ , ਫਿਰ ਚੱਲਦੇ ਜੀ।
ਇਹ ਕਹਿ ਬਾਬੇ ਨੇ ਮੰਜਾ ਘੜੀਸ ਕੇ ਬੂਹਿਓਂ ਅੰਦਰ ਕਰ ਲਿਆ ਤੇ ਨਾਲਦੀ-ਨਾਲ ਮਾਰ ਲਈ ਅੰਦਰੋਂ ਕੁੰਡੀ,
ਪੁਲਿਸ ਆਕੇ ਝਾਕਣ ਬਈ ਬਣ ਕੀ ਗਿਆ, ਕਹਿੰਦੇ ਬਾਬਾ ਬਾਹਰ ਕੋਲ ਤੇ ਨਾਲ ਤੁਰ ਪਾ,
ਬਾਬਾ ਕਹਿੰਦਾ, ਭਾਈ ਹਾਲਾਤ ਖਰਾਬ ਨੇ , ਐਵੇਂ ਕਿਮੇਂ ਬਾਹਰ ਖੋਲ ਦੇਵਾਂ , ਕੀ ਪਤਾ ਤੁਸੀਂ ਅਸਲੀ ਓਕੇ ਨਕਲੀ… ਨਾਲੇ ਪਿੰਡ ਦੇ ਮੋਹਤਬਾਰ ਬੰਦੇ ਬਿਨਾ ਤਾਂ ਮੈ ਕਿਸੇ ਨੂੰ ਦੇਹਲੀ ਨਾ ਚੜਨ ਦੇਵੇ, ਤੁਰਦੇ ਲੱਗੋ, ਬਾਬਾ ਆਰਾਮ ਨਾਲ ਚਾਦਰ ਝਾੜ ਕੇ ਫਿਰ ਮੰਜੇ ਤੇ ਲੇਟ ਗਿਆ ……
ਤੇ ਪੁਲਿਸ ਵਾਲੇ…….. ਨਮੋਸ਼ੀ ਜਿਹੀ ਨਾਲ ਘੁਰ-ਘੁਰਰਰਰਰਰ ਕਰਦੇ ਗੱਡੀ ਚ ਬਹਿ ਇਹ ਸੋਚਦੇ ਤੁਰ ਗਏ…… ਬਈ ਬਾਬਾ ਸਕੀਮ ਲਾ ਗਿਆ
ਜਿੰਦਰ
ਬਾਬਾ ਬੁੱਗਾ
Total Views: 188 ,
Real Estate



















