ਪੰਜਾਬ ਪੁਲਿਸ ਵੱਲੋਂ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਛੇ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਨੂੰ ਸੁਲਝਾਉਣ ਦੇ ਦੋ ਦਿਨ ਉਪਰੰਤ, ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ, ਜਦੋਂ ਕਿ ਨੌਜਵਾਨ ਲੜਕੀ ਸਮੇਤ ਦੋ ਹੋਰ ਪੀੜਤ ਜਵਾਬੀ ਗੋਲੀਬਾਰੀ ਦੌਰਾਨ ਅਣਜਾਣੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ।ਗ੍ਰਿਫ਼ਤਾਰੀ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਵਾਸੀ ਚੋਹਲਾ ਸਾਹਿਬ, ਤਰਨਤਾਰਨ; ਪ੍ਰਿੰਸ ਵਾਸੀ ਪਿੰਡ ਕੁੰਡੇ, ਫਿਰੋਜ਼ਪੁਰ; ਰਵਿੰਦਰ ਸਿੰਘ ਉਰਫ ਰਵੀ ਉਰਫ ਸੁੱਖੂ, ਸੁਖਚੈਨ ਸਿੰਘ, ਅਕਸ਼ੈ ਉਰਫ ਬਗੀਚਾ ਅਤੇ ਰਾਜਬੀਰ ਸਿੰਘ ਉਰਫ ਦਲੇਰ ਸਿੰਘ ਸਾਰੇ ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀਆਂ ਔਰੰਗਾਬਾਦ ਦੇ ਹਿਰਦੈ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈਸ ਹਾਈਵੇਅ ਤੋਂ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਫਿਰੋਜ਼ਪੁਰ ਜ਼ਿਲ੍ਹਾ ਪੁਲਿਸ, ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਵੱਲੋਂ ਮਿਲ ਕੇ ਸਾਂਝੇ ਤੌਰ ‘ਤੇ ਕੀਤੀਆਂ ਗਈਆਂ ਸਨ। 3 ਸਤੰਬਰ ਨੂੰ ਦੁਪਹਿਰ 12:50 ਵਜੇ ਦੇ ਕਰੀਬ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਅਕਾਸ਼ਦੀਪ ਅਤੇ ਹਰਪ੍ਰੀਤ ਉਰਫ਼ ਜੌਂਟੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਕੰਬੋਜ ਨਗਰ, ਫਿਰੋਜ਼ਪੁਰ ਸ਼ਹਿਰ ਨਜ਼ਦੀਕ ਕਾਰ ਵਿੱਚ ਜਾ ਰਹੇ ਸਨ ਤਾਂ 6 ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਦਿਲਦੀਪ ਸਿੰਘ ਉਰਫ਼ ਲਾਲੀ, ਅਕਾਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਜਦਕਿ ਅਨਮੋਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕੀਤੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਦਿਲਦੀਪ ਸਿੰਘ ਅਤੇ ਬੁਵਨੇਸ਼ ਚੋਪੜਾ ਉਰਫ ਅਸ਼ੀਸ਼ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮੱਲ ਵਿਚਕਾਰ ਨਿੱਜੀ ਰੰਜਿਸ਼ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਿਲਦੀਪ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਬੂਵਨੇਸ਼ ਚੋਪੜਾ ਉਰਫ਼ ਅਸ਼ੀਸ਼ ਦੇ ਡਿਪੋਰਟ/ਹਵਾਲਗੀ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਧਾਰਾਵਾਂ 103, 109, 351(2), 191(3), 190 ਅਤੇ 61(2) ਅਤੇ ਧਾਰਾ ਅਤੇ ਅਸਲਾ ਐਕਟ ਦੀ ਧਾਰਾ 25(6) ਅਤੇ 25(7) ਦੇ ਤਹਿਤ ਐਫਆਈਆਰ ਨੰਬਰ 344 ਮਿਤੀ 03.09.2024 ਨੂੰ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਫਿਰੋਜ਼ਪੁਰ ਤੀਹਰਾ ਕਤਲ ਕਾਂਡ: 6 ਹਮਲਾਵਰਾਂ ਦਾ ਮੁੱਖ ਟਾਰਗੇਟ ਸੀ ਮ੍ਰਿਤਕ ਦਿਲਦੀਪ
Total Views: 360 ,
Real Estate



















