ਪਾਕਿਸਤਾਨ ਦੀ ਜੇਲ੍ਹ ਵਿਚ ਮਾਰੇ ਗਏ ਸਰਬਜੀਤ ਸਿੰਘ ਬਾਰੇ ਸੂਚਨਾ ਦੇ ਅਧਿਕਾਰ ਐਕਟ ਤਹਿਤ ਮੰਗੀ ਗਈ ਜਾਣਕਾਰੀ ਵਿਚ ਕੇਂਦਰ ਸਰਕਾਰ ਨੇ ਸਰਬਜੀਤ ਨੂੰ ਸਮੱਗਲਰ ਦੱਸਦਿਆਂ ਕਿਹਾ ਹੈ ਕਿ ਉਹ ਸਮੱਗਲਿੰਗ ਦੇ ਮਾਮਲੇ ਵਿਚ ਪਾਕਿਸਤਾਨ ਵਿਚ ਫੜਿਆ ਗਿਆ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਉਠਾਇਆ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਸੀ।
ਦਲਬੀਰ ਕੌਰ ਸ਼ੁਰੂ ਤੋਂ ਹੀ ਇਹ ਦਾਅਵੇ ਕਰਦੀ ਆ ਰਹੀ ਹੈ ਕਿ ਉਸ ਦਾ ਭਰਾ ਸਰਬਜੀਤ ਸਿੰਘ ਨਸ਼ੇ ਦੀ ਹਾਲਤ ਵਿਚ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਨਸ਼ੇ ਦੀ ਹਾਲਤ ਵਿਚ ਪਾਕਿਸਤਾਨ ਗਏ ਸਨ ਤਾਂ ਕੀ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਵਾਜਿਬ ਹੈ। ਇਸ ਦਾ ਜਵਾਬ ਦਿੰਦਿਆਂ ਦਲਬੀਰ ਕੌਰ ਨੇ ਕਿਹਾ ਕਿ ਇਸ ਬਾਰੇ ਤਾਂ ਸਰਕਾਰ ਹੀ ਦੱਸ ਸਕਦੀ ਹੈ।
ਕੇਂਦਰ ਸਰਕਾਰ ਕੋਲੋਂ ਆਰਟੀਆਈ ਰਾਹੀਂ ਮੰਗੀ ਗਈ ਸੂਚਨਾ ਦੇ ਜਵਾਬ ਵਿਚ 17 ਜੂਨ, 2016 ਨੂੰ ਕਿਹਾ ਗਿਆ ਸੀ ਕਿ ਸਰਬਜੀਤ ਰੋਜ਼ੀ-ਰੋਟੀ ਕਮਾਉਣ ਲਈ ਸਮੱਗਲਿੰਗ ਕਰਦਾ ਸੀ। ਇਸੇ ਦੌਰਾਨ ਉਹ 29 ਤੇ 30 ਅਗਸਤ 1990 ਦੀ ਰਾਤ ਨੂੰ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ। ਉਸ ਨੂੰ ਪਾਕਿਸਤਾਨੀ ਫ਼ੌਜ ਨੇ ਕਸੂਰ ਨੇੜਿਓਂ ਫੜਿਆ ਸੀ।
ਹਾਲ ਹੀ ਵਿਚ ਲੁਧਿਆਣਾ ਦੀ ਵਸਨੀਕ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਉਹ ਸਰਬਜੀਤ ਦੀ ਅਸਲੀ ਭੈਣ ਹੈ। ਪੰਜਾਬ ਦੇ ਗ੍ਰਹਿ ਮੰਤਰਾਲੇ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਆਈਆਂ ਵੱਖ-ਵੱਖ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਹੈ। ਇਨ੍ਹਾਂ ਵਿਚ ਦਲਬੀਰ ਕੌਰ ਦਾ ਡੀਐੱਨਏ ਟੈਸਟ ਕਰਾਉਣ ਦੀ ਗੱਲ ਵੀ ਸ਼ਾਮਲ ਹੈ। ਜਦੋਂ ਦਲਬੀਰ ਕੌਰ ਨੂੰ ਪੁੱਛਆ ਗਿਆ ਕਿ ਕੀ ਉਹ ਡੀਐੱਨਏ ਟੈਸਟ ਦੇਣ ਲਈ ਤਿਆਰ ਹਨ ਤਾਂ ਉਨ੍ਹਾਂ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਸ ਸਬੰਧੀ ਅਦਾਲਤ ਨੇ ਕੋਈ ਹੁਕਮ ਨਹੀਂ ਦਿੱਤੇ। ਉਨ੍ਹਾਂ ਬਲਜਿੰਦਰ ਕੌਰ ’ਤੇ ਦੋਸ਼ ਲਾਏ ਕਿ ਪਹਿਲਾਂ ਉਹ ਇਹ ਸਾਬਤ ਕਰੇ ਕਿ ਉਹੀ ਸਰਬਜੀਤ ਦੀ ਅਸਲੀ ਭੈਣ ਹੈ। ਇਸ ਮੌਕੇ ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਅਤੇ ਧੀ ਪੂਨਮ ਵੀ ਹਾਜ਼ਰ ਸਨ। ਉਨ੍ਹਾਂ ਨੇ ਵੀ ਦਾਅਵਾ ਕੀਤਾ ਕਿ ਬਲਜਿੰਦਰ ਕੌਰ ਝੂਠ ਬੋਲਦੀ ਹੈ ਤੇ ਉਸ ਕੋਲ ਕੋਈ ਵੀ ਸਬੂਤ ਨਹੀਂ ਹਨ ਕਿ ਉਹ ਸਰਬਜੀਤ ਦੀ ਅਸਲੀ ਭੈਣ ਹੈ।
ਪਾਕਿਸਤਾਨ ਵਿੱਚ ਮਾਰੇ ਗਏ ਸਰਬਜੀਤ ਨੂੰ ਕੇਂਦਰ ਦੱਸਦੀ ਹੈ ਸਮੱਗਲਰ,ਪੰਜਾਬ ਸਰਕਾਰ ਕਹਿੰਦੀ ਹੈ ਸ਼ਹੀਦ !
Total Views: 201 ,
Real Estate