ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਰੋਧੀ ਧਿਰ ਵੱਲੋਂ ਸ਼ਕਤੀ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 18ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਦੌਰਾਨ ਅੱਜ ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਬਲਾਕ ਦੇ ਮੈਂਬਰਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੰਸਦ ’ਚ ਸੰਵਿਧਾਨ ਦੀਆਂ ਕਾਪੀਆਂ ਲਹਿਰਾਈਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨੀਟ-ਨੈੱਟ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ ਵਿਚਾਲੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਜਦਕਿ ਦੂਜੇ ਪਾਸੇ ਦਾਖਲਾ ਪ੍ਰੀਖਿਆਵਾਂ ’ਤੇ ਵਿਵਾਦ ਵਧ ਰਿਹਾ ਹੈ ਜਿਸ ਨੇ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਰਾਹੁਲ ਗਾਂਧੀ, ਟੀਐੱਮਸ ਆਗੂ ਕਲਿਆਣ ਬੈਨਰਜੀ ਤੇ ਸਪਾ ਆਗੂ ਅਖਿਲੇਸ਼ ਯਾਦਵ ਤੇ ਅਵਧੇਸ਼ ਪ੍ਰਸਾਦ ਵਿਰੋਧੀ ਧਿਰ ਦੇ ਬੈਂਚਾਂ ’ਚ ਮੂਹਰਲੀ ਕਤਾਰ ’ਚ ਬੈਠੇ ਹੋਏ ਸਨ। ਪ੍ਰੋ-ਟੈੱਮ ਸਪੀਕਰ ਨਿਯੁਕਤ ਕੀਤੇ ਜਾਣ ’ਤੇ ਰੋਸ ਜ਼ਾਹਿਰ ਕਰਦਿਆਂ ਕਾਂਗਰਸ ਮੈਂਬਰ ਕੋਡੀਕੁੰਨੀਲ ਸੁਰੇਸ਼, ਡੀਐੱਮਕੇ ਦੇ ਟੀਆਰ ਬਾਲੂ ਤੇ ਟੀਐੱਮਸੀ ਦੇ ਸੁਦੀਪ ਬੰਦਯੋਪਾਧਿਆਏ ਸਹੁੰ ਚੁੱਕ ਸਮਾਗਮ ਸ਼ੁਰੂ ਹੋਣ ’ਤੇ ਸੰਸਦ ਤੋਂ ਬਾਹਰ ਚਲੇ ਗਏ। ਪ੍ਰੋ-ਟੈੱਮ ਸਪੀਕਰ ਦੀ ਮਦਦ ਲਈ ਤਿੰਨ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਪ੍ਰਧਾਨਾਂ ਦੇ ਪੈਨਲ ’ਚ ਨਾਮਜ਼ਦ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਤੋਂ ਤੁਰੰਤ ਬਾਅਦ ਪ੍ਰਧਾਨਾਂ ਦੇ ਪੈਨਲ ਨੂੰ ਸਹੁੰ ਚੁਕਵਾਈ ਗਈ। ਸੁਰੇਸ਼, ਬਾਲੂ ਤੇ ਬੰਦਯੋਪਾਧਿਆਏ ਦੀ ਗ਼ੈਰਹਾਜ਼ਰੀ ਕਾਰਨ ਪੈਨਲ ’ਚ ਨਾਮਜ਼ਦ ਦੋ ਹੋਰ ਮੈਂਬਰਾਂ ਭਾਜਪਾ ਦੇ ਰਾਧਾ ਮੋਹਨ ਸਿੰਘ ਤੇ ਫੱਗਨ ਸਿੰਘ ਕੁਲਸਤੇ ਨੂੰ ਪ੍ਰਧਾਨ ਮੰਤਰੀ ਮਗਰੋਂ ਸਹੁੰ ਚੁਕਵਾਈ ਗਈ। ਪੈਨਲ ਨੂੰ ਸਹੁੰ ਚੁਕਵਾਏ ਜਾਣ ਸਮੇਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ।

Total Views: 11 ,
Real Estate