ਵਿਧਾਨ ਸਭਾ ਚੋਣਾਂ ‘ਚ 92 ਸੀਟਾਂ ਜਿੱਤਣ ਵਾਲੀ ਆਪ ਨੂੰ ਸਿਰਫ 32 ਹਲਕਿਆ ਵਿਚੋਂ ਹੀ ਲੀਡ ਮਿਲੀ
ਵੀਰਪਾਲ ਭਗਤਾ,
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਉਪਰੰਤ ਪੰਜਾਬ ਦੇ ਕਰੀਬ ਪੰਜ ਵਿਧਾਨ ਸਭਾ ਹਲਕਿਆਂ ਵਿਚ ਜਲਦੀ ਜ਼ਿਮਨੀ ਚੋਣਾਂ ਹੋਣ ਦੇ ਅਸ਼ਾਰ ਬਣ ਗਏ ਹਨ। ਸੂਬੇ ਵਿਚ ਹੋਣ ਵਾਲੀਆਂ ਇਹ ਜਿਮਨੀ ਚੋਣਾਂ ਸੱਤਾਧਾਰੀ ਧਿਰ ਆਪ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਲਈ ਜਿੱਥੇ ਅਹਿਮ ਹੋਣਗੀਆਂ ਉੱਥੇ ਇੰਨ੍ਹਾਂ ਚੋਣਾਂ ਵਿਚ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਵੀ ਪੰਥਕ ਚਿਹਰੇ ਵਾਲੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਸੰਭਾਵਨਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਨੇ ਲੋਕ ਸਭਾ ਚੋਣਾਂ ਦੀਆਂ ਚੋਣਾਂ ਵਿਚ ਸਾਨਦਾਰ ਪਰਦਰਸ਼ਨ ਕਰਦੇ ਸੂਬੇ ਵਿਚੋਂ 7 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਜਦ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਰਫ 3 ਸੀਟਾਂ ਤੇ ਹੀ ਸਬਰ ਕਰਨਾ ਪਿਆ। ਸੂਬੇ ਵਿਚ ਲੋਕ ਸਭਾ ਚੋਣਾਂ ਜਿੱਤਣ ਲਈ ਆਪ ਨੇ ਪੰਜ ਮੌਜੂਦਾ ਕੈਬਨਿਟ ਮੰਤਰੀ ਵਿਚ ਉਤਾਰੇ ਸਨ, ਪਰੰਤੂ ਮੰਤਰੀਆਂ ਵਿਚੋਂ ਸਿਰਫ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੀ ਜਿੱਤ ਹਾਸਿਲ ਕਰਨ ਵਿਚ ਸਫਲ ਹੋਇਆ ਜਦ ਕਿ ਚਾਰ ਮੰਤਰੀ ਬੁਰੀ ਤਰ੍ਹਾਂ ਚੋਣ ਹਾਰ ਗਏ। ਇਸ ਚੋਣ ਵਿਚ ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਸਿਆਸੀ ਪਾਰਟੀਆਂ ਦੀ ਨੀਂਦ ਖਰਾਬ ਕਰ ਦਿੱਤੀ ਹੈ। ਸ੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੌਥੀ ਵਾਰ ਚੋਣ ਜਿੱਤਣ ਵਿਚ ਸਫਲ ਰਹੀ ਹੈ, ਭਾਰਤੀ ਜਨਤਾ ਪਾਰਟੀ ਭਾਵੇਂ ਆਪਣਾ ਵੋਟ ਫੀਸਦੀ ਵਧਾਉਣ ਸਫਲ ਰਹੀ ਪਰ ਪੰਜਾਬ ਵਿਚ ਖਾਤਾ ਵਿਚ ਸਫਲ ਨਹੀ ਹੋ ਸਕੀ। ਲੋਕ ਸਭਾ ਚੋਣਾਂ ਦੌਰਾਨ ਵਿਧਾਇਕ ਤੋਂ ਮੈਂਬਰ ਪਾਰਲੀਮੈਂਟ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਮੀਤ ਸਿੰਘ ਮੀਤ ਹੇਅਰ, ਸੁਖਜਿੰਦਰ ਸਿੰਘ ਰੰਧਾਵਾ, ਰਾਜ ਕੁਮਾਰ ਚੱਬੇਵਾਲ ਦੇ ਵਿਧਾਨ ਸਭਾ ਹਲਕੇ ਗਿੱਦੜਬਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਖਾਲੀ ਹੋ ਜਾਣਗੇ। ਭਾਰਤੀ ਸੰਵਿਧਾਨ ਮੁਤਾਬਿਕ ਇਕ ਵਿਅਕਤੀ ਵਿਧਾਇਕ ਜਾਂ ਸੰਸਦ ਮੈਂਬਰ ਦੇ ਆਹੁਦੇ ਤੇ ਹੀ ਰਹਿ ਸਕਦਾ ਹੈ। ਜਿਸ ਕਰਕੇ ਵਿਧਾਇਕ ਤੋਂ ਮੈਂਬਰ ਪਾਰਲੀਮੈਟ ਆਗੂਆਂ ਨੂੰ ਹੁਣ ਵਿਧਾਇਕ ਪਦ ਦੇ ਅਹੁੱਦੇ ਤੋਂ ਅਸਤੀਫ਼ਾ ਦੇਣਾ ਪਵੇਗਾ।
ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫਾ ਦੇਣ ਲਈ ਪੱਤਰ ਭੇਜ ਦਿੱਤਾ ਸੀ, ਭਾਵੇਂ ਹੁਣ ਉਨ੍ਹਾਂ ਨੇ ਅਸਤੀੰਫਾ ਵਾਪਿਸ ਲੈਣ ਦਾ ਮਨ ਬਣਾ ਲਿਆ ਸੀ ਪ੍ਰੰਤੂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਮਨਜੂਰ ਕਰ ਲਿਆ ਸੀ। ਹੁਣ ਸ਼ੀਤਲ ਅੰਗੁਰਾਲ ਵਲੋਂ ਮਾਨਯੋਗ ਅਦਾਲਤ ਵਿਚ ਜਾਣ ਦੀ ਚਰਚਾ ਹੈ। ਜੇਕਰ ਉਹ ਮਾਨਯੋਗ ਅਦਾਲਤ ਵਿਚ ਜਾਦੇ ਹਨ ਤਾ ਹਲਕਾ ਚੱਬੇਵਾਲ ਦੀ ਚੋਣ ਸਬੰਧੀ ਫੈਸਲਾ ਅਦਾਲਤ ਦੇ ਫੈਸਲੇ ਉਪਰੰਤ ਹੀ ਹੋਵੇਗਾ। ਪਰ ਫਿਰ ਵੀ ਵਿਧਾਨ ਸਭਾ ਹਲਕਾ ਗਿੱਦੜਬਹਾ, ਹਲਕਾ ਡੇਰਾ ਬਾਬਾ ਨਾਨਕ, ਹਲਕਾ ਬਰਨਾਲਾ, ਹਲਕਾ ਚੱਬੇਵਾਲ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਜਲਦੀ ਹੀ ਹੋਣ ਦੇ ਅਸ਼ਾਰ ਹਨ, ਜਿਸ ਵਿਚ ਸੂਬੇ ਦੀਆਂ ਸਿਆਸੀ ਧਿਰਾਂ ਦੇ ਮੁੜ ਤੋਂ ਕੁੰਡੀਆਂ ਦੇ ਸਿੰਗ ਫਸਣਗੇ।
ਜਿਕਰਯੋਗ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 92 ਸੀਟਾਂ ਤੇ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੇ ਸਿਰਫ 32 ਵਿਧਾਨ ਸਭਾ ਹਲਕਿਆ ਵਿਚੋਂ ਹੀ ਲੀਡ ਪ੍ਰਾਪਤ ਹੋਈ ਹੈ। ਆਪ ਦੇ ਕਰੀਬ ਢਾਈ ਕੁ ਸਾਲ ਦੇ ਕਾਰਜਕਾਲ ਦੌਰਾਨ 60 ਵਿਧਾਨ ਸਭਾ ਹਲਕਿਆਂ ਤੋਂ ਲੀਡ ਘੱਟ ਜਾਣਾ ਸੱਤਾਧਾਰੀ ਧਿਰ ਲਈ ਚਿੰਤਾ ਦਾ ਵਿਸ਼ਾ ਹੈ। ਜਦ ਕਿ ਵਿਧਾਨ ਸਭਾ ਚੋਣਾਂ ਸਮੇਂ 18 ਸੀਟਾਂ ਜਿੱਤਣ ਵਾਲੀ ਕਾਂਗਰਸ ਨੂੰ ਹੁਣ 38 ਵਿਧਾਨ ਸਭਾ ਹਲਕਿਆ ਤੋਂ ਲੀਡ ਪ੍ਰਾਪਤ ਹੋਈ ਹੈ, ਜਿਸ ਨਾਲ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ। ਇਸੇ ਤਰਾਂ ਵਿਧਾਨ ਸਭਾ ਚੋਣਾਂ ਵਿਚ ਸਿਰਫ 2 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਹੁਣ 23 ਵਿਧਾਨ ਸਭਾ ਹਲਕਿਆਂ ਅਤੇ 3 ਸੀਟਾਂ ਜਿੱਤਣ ਵਾਲੇ ਸ੍ਰੋਮਣੀ ਅਕਾਲੀ ਦਲ ਨੂੰ 9 ਵਿਧਾਨ ਸਭਾ ਹਲਕਿਆਂ ਤੋਂ ਲੀਡ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਹੀ ਅਜਾਦ ਉਮੀਦਵਾਰ ਨੇ ਵੀ 15 ਵਿਧਾਨ ਸਭਾ ਹਲਕਿਆਂ ਤੋਂ ਲੀਡ ਪ੍ਰਾਪਤ ਕੀਤੀ ਹੈ।



















