ਸਾਰੀ ਕਾਇਨਾਤ ਸਫ਼ਰ ‘ਚ ਰਹਿੰਦੀ

 

ਫੋਟੋ : ਨਿਆਗਰਾ ਫਾਲਜ ਦੀ ਹੈਲੀਕਾਪਟਰ ਤੋਂ ਲਈ ਤਸਵੀਰ -ਸੁਖਨੈਬ ਸਿੰਘ ਸਿੱਧੂ

ਯਾਤਰਾ ਤਾਂ ਹਰੇਕ ਈ ਕਰਦਾ । ਸਾਰੀ ਕਾਇਨਾਤ ਸਫ਼ਰ ‘ਚ ਰਹਿੰਦੀ । ਚੰਨ , ਧਰਤੀ , ਸੂਰਜ, ਤਾਰੇ , ਦਰਿਆ , ਪਹਾੜ , ਨਦੀਆਂ – ਨਾਲੇ , ਸਾਰੇ ਤੁਰਨ ਵਿਚਾਰੇ , ਤੋਰ ਅੱਡ ਅੱਡ ਹੁੰਦੀ, ਤੋਰ ਪਛਾਣਨ ਵਾਲੀ ਨਜ਼ਰ ਅੱਡ ਹੁੰਦੀ । ਘੜੀ ਦੀਆਂ ਸੂਈਆਂ ਤੋਂ ਲੈ ਕੇ ਘੜੇ ਦੇ ਪਾਣੀ ਤੱਕ ਸਫ਼ਰ ਹੀ ਤਾਂ ਕਰਦੇ ਨੇ । ਮਿੱਟੀ ਦਾ ਸਫ਼ਰ ਨਹੀਂ ਮੁੱਕਦਾ , ਕਦੇ ਕਦਮਾਂ ਨਾਲ ਲੱਗ ਧੂੜ ਬਣੀ ਅਸਮਾਨੀ ਚੜ ਕੇ ਗਰਦ-ਗੁਬਾਰ ਬਣੀ ਫਿਰਦੀ ਕਦੇ ਮਿੱਟੀ ਘੁਮਿਆਰਾਂ ਦੀ ਆਵੀ ਥਾਣੀ ਲੰਘ ਕੇ ਭਾਂਡਾ ਬਣ ਜਾਂਦੀ । ਜਿਹੜਾ ਘੜਿਆ ਉਹਨੇ ਟੁੱਟਣਾ ਵੀ । ਮਾੜੀ ਘੜੀ ‘ਚ ਘੜੀ ਚੌਰਾਹੇ ਭੰਨੀ ਜਾਂਦੀ ਹੈ ਅਤੇ ਖੁਸ਼ੀ ਦੇ ਵੇਲੇ ਮਾਮੇ ਭਾਣਜੇ-ਭਾਣਜੀਆਂ ਨੂੰ ਪਟੜਿਓ ਲਾਹੁੰਦੇ ਠੁੱਠੀਆਂ ਭੰਨ ਦਿੰਦੇ ਨੇ। ਠੀਕਰਾ ਅਸੀਂ ਕਿਸੇ ਹੋਰ ਦੇ ਸਿਰ ਵੀ ਭੰਨਦੇ , ਠੀਕਰੀਆਂ ਇੱਲਤੀ ਜਵਾਕਾਂ ਦੇ ਕੰਮ ਆਉਂਦੀਆਂ , ਨਹਿਰਾਂ ਛੱਪੜਾਂ ‘ਚ ਤਾਰੀਆਂ ਲਾਉਂਦੀਆਂ ।
ਵੇਲਾ ਬਦਲ ਜਾਂਦਾ , ਰਸਮਾਂ ਰਿਵਾਜਾ ਦੇ ਰੰਗ ਢੰਗ ਬਦਲ ਜਾਂਦੇ ਹਨ ਯਾਤਰਾ ਦੇ ਮੁਕਾਮ ਨਹੀਂ ਬਦਲਦੇ । ਅਲੂਏ ਬੱਚਿਆਂ ਦੇ ਮੁੰਹ ਤੇ ਜਦੋਂ ਵਾਲ ਆ ਜਾਣ ਤਾਂ ਯਾਤਰਾ ਜਵਾਨੀ ਦਾ ਸੰਕੇਤ ਹੁੰਦੀ ਏ। ਮੁੱਸਫੁੱਟ ਗੱਭਰੂ ਦਾ ਰਿਸ਼ਤਾ ਇਸੇ ਯਾਤਰਾ ‘ਚੋਂ ਨਿਕਲਦਾ। ਰਿਸ਼ਤਾ ਮਗਰੋਂ ਵਿਆਹ ਹੋਵੇ ਤਾਂ ਸ਼ਰੀਕੇ ਕਬੀਲੇ ਦੇ ਲੋਕ ਬਰਾਤੀ ਬਣ ਕੇ ਯਾਤਰਾ ਕਰਦੇ । ਖੇਤਾਂ ‘ਚ ਬੀਜਿਆ ਕਮਾਦ , ਗੁੜ ਤੋਂ ਰੂੜੀ ਮਾਰਕਾ ਤੱਕ ਸਫ਼ਰ ਤਹਿ ਕਰਕੇ ਵਾਇਆ ਗਿਲਾਸ ਹੋ ਕੇ ਕਈਆਂ ਨੂੰ ਸਰੂਰ ਦੇ ਜਾਂਦਾ ਕਈਆਂ ਨੂੰ ਗਰੂਰ । ਆਂਡਿਆਂ ‘ਚ ਨਿਕਲੇ ਚੂਚੇ ਜਦੋਂ ਬਾਗਾਂ ਦੇਣੇ ਕੁੱਕੜ ਬਣਨ ਲੱਗਦੇ ਤਾਂ ਉਹਨਾ ਦੀ ਅੰਤਿਮ ਯਾਤਰਾ ਇਹਨਾਂ ਵਿਆਹਾਂ ‘ਚ ਹੁੰਦੀ । ਅਸੀਂ ਸਾਰੀ ਉਮਰ ਨਾਂਮ ਬਣਾਉਣ ਦੇ ਚੱਕਰ ‘ਚ ਰਹਿੰਦੇ ਇਹਨਾ ਕੁੱਕੜਾਂ ਦਾ ਨਾਂਮ ਹੀ ਮਰਨ ਤੋਂ ਬਾਅਦ ਬਣਦਾ ‘ ਲੈਮਨ ਚਿਕਨ, ਬਟਰ ਚਿਕਨ, ਰੋਸਟਡ ਚਿੱਕਨ, ਚਿਕਨ ਅਫਗਾਨੀ ਜਾਂ ‘ਚਿਕਨ ਗੈਸਟ’ । ਲੋਕਾਂ ਦੀ ਹਾਜ਼ਰੀ ਵਿਆਹ ਹੁੰਦਾ । ਦੋ ਸ਼ਰੀਰਾਂ ਦੇ ਮੇਲ ਤੋਂ ਮਨੁੱਖਤਾ ਸਫ਼ਰ ਕਰਦੀ । ਬਾਪ ਦੇ ਕਣ ਮਾਂ ਦੇ ਗਰਭ ਦੇ ਯਾਤਰੀ ਹੁੰਦੇ ਤਾਂ ਜਿੰਦਗੀ ਫਿਰ ਨਵਾਂ ਰੂਪ ਲੈ ਕੇ ਪ੍ਰਗਟ ਹੁੰਦੀ । ਬਚਪਨ , ਜਵਾਨੀ ਅਤੇ ਬੁਢਾਪਾ ਯਾਤਰਾ ਦੇ ਤਿੰਨ ਪੜਾਅ । ਕਿਸੇ ਦਾ ਆਖਰੀ ਅੱਡਾ ਪਹਿਲਾਂ ਆ ਜਾਂਦਾ , ਕਈ ਖੜ੍ਹੇ ਮਿੰਨੀ ਬੱਸ ਦੀ ਤਾਕੀ ‘ਚ ਲਮਕੇ ਹੁੰਦੇ ਪਰ ਉਤਰਨਾ ਅਖੀਰ ‘ਚ ਹੁੰਦਾ ।
#ਸੁਖਨੈਬ_ਸਿੰਘ_ਸਿੱਧੂ

Total Views: 261 ,
Real Estate