ਈਡੀ ਨੇ ਜ਼ਿਲ੍ਹਾ ਮੁਹਾਲੀ ’ਚ ਹੋਏ ਕਰੋੜਾਂ ਰੁਪਏ ਦੇ ‘ਬਾਗ ਘੁਟਾਲੇ’ ਦੇ ਮਾਮਲੇ ’ਚ ਅੱਜ ਪੰਜਾਬ ਭਰ ’ਚ ਦਰਜਨਾਂ ਥਾਵਾਂ ’ਤੇ ਛਾਪੇ ਮਾਰੇ ਜਿਨ੍ਹਾਂ ’ਚ ਦੋ ਆਈਏਐੱਸ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਵੀ ਸ਼ਾਮਿਲ ਹਨ। ਈਡੀ ਦੀਆਂ ਟੀਮਾਂ ਨੇ ਅੱਜ ਚੰਡੀਗੜ੍ਹ ’ਚ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸੈਕਟਰ-20 ਵਿਚਲੀ ਰਿਹਾਇਸ਼ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਸਰਕਾਰੀ ਰਿਹਾਇਸ਼ ’ਤੇ ਛਾਪੇ ਮਾਰੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਈਡੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਕੇ ਪਟਿਆਲਾ ਲਿਆਂਦਾ ਜਿੱਥੇ ਉਨ੍ਹਾਂ ਧੀਮਾਨ ਦੇ ਪ੍ਰਾਈਵੇਟ ਚਾਰਟਰਡ ਅਕਾਊਂਟੈਂਟ ਅਨਿਲ ਅਰੋੜਾ ਦੇ ਘਰ ਦੀ ਤਲਾਸ਼ੀ ਲਈ। ਈਡੀ ਅਧਿਕਾਰੀਆਂ ਨੇ ਕਾਰਵਾਈ ਸਵੇਰ ਵੇਲੇ ਸ਼ੁਰੂ ਕੀਤੀ ਅਤੇ ਕਰੀਬ 22 ਥਾਵਾਂ ’ਤੇ ਈਡੀ ਅਧਿਕਾਰੀ ਜਾਂਚ ਕਰਦੇ ਰਹੇ। ਈਡੀ ਨੇ ਚੰਡੀਗੜ੍ਹ ਤੋਂ ਇਲਾਵਾ ਮੁਹਾਲੀ ਦੇ ਪਿੰਡ ਬਾਕਰਪੁਰ, ਬਠਿੰਡਾ, ਫਿਰੋਜ਼ਪੁਰ ਅਤੇ ਪਟਿਆਲਾ ’ਚ ਛਾਪੇ ਮਾਰੇ। ਪਿੰਡ ਬਾਕਰਪੁਰ ’ਚ ਕਰੀਬ ਪੰਜ ਘਰਾਂ ਦੀ ਤਲਾਸ਼ੀ ਲਈ ਗਈ। ਬਠਿੰਡਾ ’ਚ ਤਿੰਨ ਥਾਵਾਂ ’ਤੇ ਛਾਪੇ ਮਾਰੇ ਗਏ। ਈਡੀ ਨੂੰ ਵਰੁਣ ਰੂਜ਼ਮ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਨੇੜਿਓਂ ਫਟੇ ਹੋਏ ਕਾਗਜ਼ਾਤ ਵੀ ਮਿਲੇ ਜਿਨ੍ਹਾਂ ਦੀ ਪੜਤਾਲ ਕੀਤੀ ਜਾਣੀ ਬਾਕੀ ਹੈ। ਈਡੀ ਅਧਿਕਾਰੀਆਂ ਨੇ ਘਰਾਂ ਵਿਚ ਪਏ ਰਿਕਾਰਡ ਦੀ ਜਾਂਚ ਵੀ ਕੀਤੀ।ਦੱਸਣਯੋਗ ਹੈ ਕਿ ਵਿਜੀਲੈਂਸ ਨੇ 2 ਮਈ 2023 ਨੂੰ 137 ਕਰੋੜ ਦੇ ‘ਬਾਗ ਘੁਟਾਲੇ’ ’ਚ ਕੇਸ ਦਰਜ ਕੀਤਾ ਸੀ। ਹੁਣ ਤੱਕ ਇਸ ਕੇਸ ਵਿਚ 100 ਤੋਂ ਜ਼ਿਆਦਾ ਵਿਅਕਤੀ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ’ਚੋਂ 21 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 33 ਖ਼ਿਲਾਫ਼ ਦੋਸ਼ ਆਇਦ ਹੋ ਚੁੱਕੇ ਹਨ।
ਈਡੀ ਵੱਲੋਂ ਦੋ ਆਈਏਐੱਸ ਅਫਸਰਾਂ ਦੀ ਰਿਹਾਇਸ਼ ਸਣੇ ਕਈ ਥਾਈਂ ਛਾਪੇ
Total Views: 200 ,
Real Estate



















