ਅਸੀਂ ਹਮੇਸ਼ਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੁੱਧ ਵਰਗੀਆਂ ਜ਼ਰੂਰੀ ਚੀਜ਼ਾਂ ਸ਼ੁੱਧ ਹੋਣ ਪਰ ਅੱਜਕੱਲ੍ਹ ਜ਼ਿਆਦਾਤਰ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਹੁੰਦੀ ਹੈ। ਫਲਾਂ ਤੇ ਸਬਜ਼ੀਆਂ ਨੂੰ ਰਸਾਇਣਾਂ ਨਾਲ ਪਕਾਇਆ ਜਾਂਦਾ ਹੈ। ਇਸੇ ਤਰ੍ਹਾਂ ਦੁੱਧ ਵਿੱਚ ਵੀ ਮਿਲਾਵਟ ਹੁੰਦੀ ਹੈ। ਦਰਅਸਲ ਕਿਸਾਨ ਤਾਂ ਸ਼ੁੱਧ ਦੁੱਧ ਪੈਦਾ ਕਰਦਾ ਹੈ ਪਰ ਬਹੁਤ ਸਾਰੇ ਵਪਾਰੀ ਜ਼ਿਆਦਾ ਮੁਨਾਫਾ ਕਮਾਉਣ ਲਈ ਦੁੱਧ ਵਿੱਚ ਯੂਰੀਆ ਮਿਲਾ ਦਿੰਦੇ ਹਨ। ਥੋੜ੍ਹੇ ਜਹੇ ਦੁੱਧ ਵਿੱਚ ਯੂਰੀਆ, ਡਿਟਰਜੈਂਟ, ਖੰਡ, ਨਮਕ, ਫਾਰਮਲਿਨ ਆਦਿ ਰਸਾਇਣਾਂ ਨੂੰ ਮਿਲਾ ਕੇ ਦੁੱਧ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ। ਆਮ ਲੋਕ ਇਸ ਮਿਲਾਵਟ ਦਾ ਆਸਾਨੀ ਨਾਲ ਪਤਾ ਨਹੀਂ ਲਾ ਪਾਉਂਦੇ। ਇਸ ਲਈ ਜਦੋਂ ਅਸੀਂ ਅਜਿਹਾ ਦੁੱਧ ਪੀਂਦੇ ਹਾਂ ਤਾਂ ਇਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੁੰਦਾ ਹੈ। ਹਾਲਾਂਕਿ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਇੱਕ ਤਰੀਕਾ ਸੁਝਾਇਆ ਹੈ ਜਿਸ ਰਾਹੀਂ ਤੁਸੀਂ ਆਸਾਨੀ ਨਾਲ ਘਰ ਵਿੱਚ ਹੀ ਦੁੱਧ ਵਿੱਚ ਯੂਰੀਆ ਦੀ ਮਿਲਾਵਟ ਦੀ ਜਾਂਚ ਕਰ ਸਕਦੇ ਹੋ।
ਦੁੱਧ ਵਿੱਚ ਯੂਰੀਆ ਕਿਉਂ ਮਿਲਾਇਆ ਜਾਂਦਾ?
ਯੂਰੀਆ ਇੱਕ ਜੈਵਿਕ ਮਿਸ਼ਰਣ ਹੈ। ਇਸ ਦਾ ਰੰਗ ਚਿੱਟਾ ਹੁੰਦਾ ਹੈ ਤੇ ਇਸ ਦੀ ਵਰਤੋਂ ਫਸਲਾਂ ਦਾ ਉਤਪਾਦਨ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਗੰਧ ਰਹਿਤ, ਜ਼ਹਿਰੀਲਾ ਤੇ ਸਵਾਦ ਰਹਿਤ ਰਸਾਇਣ ਹੈ। ਇਸ ਨੂੰ ਦੁੱਧ ਵਿੱਚ ਮਿਲਾਉਣ ਨਾਲ ਦੁੱਧ ਦਾ ਰੰਗ ਨਹੀਂ ਬਦਲਦਾ। ਇਸ ਦੇ ਨਾਲ ਦੁੱਧ ਗਾੜ੍ਹਾ ਹੋ ਜਾਂਦਾ ਹੈ।
ਯੂਰੀਆ ਵਾਲੇ ਦੁੱਧ ਨਾਲ ਖਤਰਨਾਕ ਬਿਮਾਰੀਆਂ ਦਾ ਖਤਰਾ
ਕੁਝ ਲੋਕ ਦੁੱਧ ਦੀ ਫੈਟ ਵਧਾਉਣ ਲਈ ਯੂਰੀਆ ਪਾਉਂਦੇ ਹਨ ਪਰ ਇਹ ਕੈਮੀਕਲ ਇੰਨਾ ਖਤਰਨਾਕ ਹੈ ਕਿ ਇਹ ਤੁਹਾਡੀਆਂ ਅੰਤੜੀਆਂ ਨੂੰ ਖਰਾਬ ਕਰ ਸਕਦਾ ਹੈ ਤੇ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ, ਮਿਲਾਵਟੀ ਦੁੱਧ ਪੀਣ ਨਾਲ ਗੁਰਦਿਆਂ ਦੀਆਂ ਬਿਮਾਰੀਆਂ, ਦਿਲ ਨਾਲ ਸਬੰਧਤ ਬਿਮਾਰੀਆਂ, ਅੰਗਾਂ ਨੂੰ ਨੁਕਸਾਨ, ਕਮਜ਼ੋਰ ਨਜ਼ਰ, ਕੈਂਸਰ ਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ।
FSSAI ਨੇ ਪਛਾਣ ਦਾ ਤਰੀਕਾ ਦੱਸਿਆ
FSSAI ਨੇ ਹਾਲ ਹੀ ਵਿੱਚ ਇੱਕ ਛੋਟੇ ਜਿਹੇ ਟੈਸਟ ਦਾ ਸੁਝਾਅ ਦਿੱਤਾ ਹੈ ਜਿਸ ਰਾਹੀਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਦੁੱਧ ਵਿੱਚ ਯੂਰੀਆ ਦੀ ਮਿਲਾਵਟ ਹੈ ਜਾਂ ਨਹੀਂ। ਇੱਕ ਟੈਸਟ ਟਿਊਬ ਵਿੱਚ 5 ਮਿਲੀਲੀਟਰ ਦੁੱਧ ਲਵੋ। ਇਸ ਤੋਂ ਬਾਅਦ ਇਸ ਵਿੱਚ 2 ਮਿਲੀਲੀਟਰ ਆਇਓਡੀਨ ਪਾਓ। ਫਿਰ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਜੇਕਰ ਕੁਝ ਸਮੇਂ ਬਾਅਦ ਇਸ ਦਾ ਰੰਗ ਨਹੀਂ ਬਦਲਦਾ ਤੇ ਇਹ yellowish Brown ਰਹਿੰਦਾ ਹੈ, ਤਾਂ ਦੁੱਧ ਠੀਕ ਹੈ ਪਰ ਜੇਕਰ ਇਸ ਦਾ ਰੰਗ chocolate red Brown ਹੋ ਜਾਵੇ ਤਾਂ ਸਮਝ ਲਓ ਕਿ ਤੁਹਾਡੇ ਦੁੱਧ ‘ਚ ਯੂਰੀਆ ਮਿਲਾਇਆ ਗਿਆ ਹੈ।
ਯੂਰੀਆ ਦੁੱਧ ਦੀ ਤਾਕਤ ਘਟਾਉਂਦਾ
ਦੁੱਧ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਏ ਦਾ ਚੰਗਾ ਸ੍ਰੋਤ ਹੈ। ਰੋਜ਼ਾਨਾ ਦੁੱਧ ਪੀਣ ਨਾਲ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਤੇ ਟਾਈਪ 2 ਸ਼ੂਗਰ ਦੀ ਸੰਭਾਵਨਾ ਘੱਟ ਜਾਂਦੀ ਹੈ। ਇਹ ਹੱਡੀਆਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ ਪਰ ਦੁੱਧ ਵਿੱਚ ਯੂਰੀਆ ਵਰਗੇ ਰਸਾਇਣ ਮਿਲਾਉਣ ਨਾਲ ਇਸ ਦੀ ਤਾਕਤ ਖਤਮ ਹੋ ਜਾਂਦੀ ਹੈ।