ਭਾਜਪਾ ਆਗੂ ਨੇ ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਧਰਮ ਨਿਰਪੱਖ’ ਸ਼ਬਦ ਹਟਾਉਣ ਲਈ ਮੰਗਿਆ ਦੋ ਤਿਹਾਈ ਬਹੁਮਤ

ਭਾਜਪਾ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਧਰਮ ਨਿਰਪੱਖ’ ਸ਼ਬਦ ਹਟਾਉਣ ਲਈ ਸੰਵਿਧਾਨ ’ਚ ਸੋਧ ਕਰੇਗੀ। ਉਨ੍ਹਾਂ ਲੋਕਾਂ ਨੂੰ ਲੋਕ ਸਭਾ ’ਚ ਭਾਜਪਾ ਨੂੰ ਦੋ ਤਿਹਾਈ ਬਹੁਮਤ ਦੇਣ ਦਾ ਸੱਦਾ ਦਿਤਾ ਤਾਂ ਜੋ ਦੇਸ਼ ਦੇ ਸੰਵਿਧਾਨ ’ਚ ਸੋਧ ਕੀਤੀ ਜਾ ਸਕੇ। ਹੇਗੜੇ ਨੇ ਛੇ ਸਾਲ ਪਹਿਲਾਂ ਵੀ ਅਜਿਹਾ ਹੀ ਬਿਆਨ ਦਿਤਾ ਸੀ। ਹੇਗੜੇ ਨੇ ਕਿਹਾ ਕਿ ਭਾਜਪਾ ਨੂੰ ਸੰਵਿਧਾਨ ’ਚ ਸੋਧ ਕਰਨ ਅਤੇ ਕਾਂਗਰਸ ਵਲੋਂ ਜੋੜੇ ਗਏ ਬੇਲੋੜੇ ਵਾਧੇ ਨੂੰ ਹਟਾਉਣ ਲਈ ਸੰਸਦ ਦੇ ਦੋਹਾਂ ਸਦਨਾਂ ’ਚ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ ਨੂੰ 20 ਤੋਂ ਵੱਧ ਸੂਬਿਆਂ ’ਚ ਸੱਤਾ ’ਚ ਆਉਣਾ ਪਵੇਗਾ। ਕਰਨਾਟਕ ਤੋਂ ਛੇ ਵਾਰ ਲੋਕ ਸਭਾ ਮੈਂਬਰ ਰਹੇ ਹੇਗੜੇ ਨੇ ਕਿਹਾ, ‘‘ਜੇਕਰ ਸੰਵਿਧਾਨ ’ਚ ਸੋਧ ਕਰਨੀ ਹੈ। ਕਾਂਗਰਸ ਨੇ ਸੰਵਿਧਾਨ ’ਚ ਬੇਲੋੜੀਆਂ ਚੀਜ਼ਾਂ ਨੂੰ ਜ਼ਬਰਦਸਤੀ ਭਰ ਕੇ ਸੰਵਿਧਾਨ ਨੂੰ ਬੁਨਿਆਦੀ ਤੌਰ ’ਤੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ, ਖਾਸ ਕਰ ਕੇ ਹਿੰਦੂ ਸਮਾਜ ਨੂੰ ਦਬਾਉਣ ਦੇ ਉਦੇਸ਼ ਨਾਲ ਕਾਨੂੰਨ ਲਿਆ ਕੇ-ਜੇ ਇਹ ਸੱਭ ਬਦਲਣਾ ਹੈ, ਤਾਂ ਇਹ ਇਸ (ਮੌਜੂਦਾ) ਬਹੁਮਤ ਨਾਲ ਸੰਭਵ ਨਹੀਂ ਹੈ।’’ਉਨ੍ਹਾਂ ਦੇ ਇਸ ਬਿਆਨ ’ਤੇ ਕਾਂਗਰਸ ਨੇ ਕਿਹਾ ਕਿ ਸੰਵਿਧਾਨ ਨੂੰ ਮੁੜ ਲਿਖਣਾ ਅਤੇ ਤਬਾਹ ਕਰਨਾ ਭਗਵਾ ਪਾਰਟੀ ਅਤੇ ਆਰ.ਐਸ.ਐਸ. ਦਾ ਏਜੰਡਾ ਹੈ।

Total Views: 316 ,
Real Estate