ਪਠਾਨਕੋਟ ਵਿੱਚ ਹੋਈ ਐਨਆਰਆਈ ਹਰਦੇਵ ਸਿੰਘ ਦੀ ਹੱਤਿਆ ਦਾ ਰਾਜ ਖੁੱਲ੍ਹ ਗਿਆ ਹੈ। ਪੁਲਿਸ ਨੇ ਅੱਠ ਘੰਟਿਆਂ ‘ਚ ਹੀ ਇਸ ਕੇਸ ਨੂੰ ਹੱਲ ਕਰਨ ਦਾ ਦਾਅਵਾ ਕੀਤਾ ,ਪ੍ਰੰਤੂ ਹਾਲੇ ਤੱਕ ਮੁਲਜਿ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ । ਮੁ਼ਲਜਿ਼ਮ ਵਾਰਦਾਤ ‘ਚ ਵਰਤੀ ਗੱਡੀ ਕਰਤਾਰਪੁਰ (ਜਲੰਧਰ )ਛੱਡ ਕੇ ਫਰਾਰ ਹੋ ਗਿਆ ਹੈ।
ਪਠਾਨਕੋਟ ਦੇ ਪਿੰਡ ਪਰਮਾਨੰਦ ‘ਚ ਐਨਆਰਆਈ ਹਰਦੇਵ ਸਿੰਘ ਦੀ ਲਾਸ਼ ਸੜਕ ਕਿਨਾਰੇ ਮਿਲੀ ਸੀ । ਉਸਨੂੰ ਗੋਲੀ ਮਾਰਨ ਵਾਲਾ ਉਸਦੀ ਪੁਰਾਣੀ ਪ੍ਰੇਮਿਕਾ ਦਾ ਨਵਾਂ ਪ੍ਰੇਮੀ ਨਿਕਲਿਆ । ਜਿਸਦੀ ਪਛਾਣ ਮਨਦੀਪ ਸਿੰਘ ਪਿੰਡ ਗੋਤਖੋਖਰ ਜਿਲ੍ਹਾ ਗੁਰਦਾਸਪੁਰ ਦੇ ਰੂਪ ‘ਚ ਹੋਈ ।
ਪੁਲਿਸ ਨੂੰ ਕੁਲਦੀਪ ਸਿੰਘ ਨਿਵਾਸੀ ਚੱਕ ਅਮੀਰ ਨੇ ਸਿ਼ਕਾਇਤ ਦਿੱਤੀ ਸੀ ਕਿ ਭਤੀਜਾ ਹਰਦੇਵ ਸਿੰਘ ਅਸਟਰੇਲੀਆ ਦਾ ਨਾਗਰਿਕ ਹੈ। ਉਹ 3 ਮਾਰਚ ਨੂੰ ਆਪਣੇ ਦੋਸਤ ਦੇ ਵਿਆਹ ਤੇ ਤਰਨਤਾਰਨ ਗਿਆ ਸੀ । 4 ਮਾਰਚ ਨੂੰ ਪਤਾ ਲੱਗਿਆ ਕਿ ਹਰਦੇਵ ਸਿੰਘ ਦੀ ਲਾਸ਼ ਹਲਕਾ ਭੋਆ ਦੇ ਪਿੰਡ ਪਰਮਾਨੰਦ ‘ਚ ਸੜਕ ਕਿਨਾਰੇ ਮਿਲੀ ਹੈ।
ਪੁਲਿਸ ਨੇ ਮ੍ਰਿਤਕ ਦੇ ਫੋਨ ਤੋਂ ਪਤਾ ਲਗਾਇਆ ਕਿ ਉਸਨੇ ਆਪਣੀ ਪੁਰਾਣੀ ਪ੍ਰੇਮਿਕਾ ਨੂੰ ਆਖਰੀ ਫੋਨ ਕੀਤਾ ਸੀ । ਪੁਲਿਸ ਨੇ ਜਦੋਂ ਮ੍ਰਿਤਕ ਹਰਦੇਵ ਸਿੰਘ ਦੇ ਫੋਨ ਰਿਕਾਰਡ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਉਸਦਾ ਸੰਪਰਕ 2021 ਵਿੱਚ ਕੁੜੀ ਨਾਲ ਸੀ । ਜਦੋਂ ਪਿੰਡ ਪਰਮਾਨੰਦ ਦੀ ਉਸ ਕੁੜੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਸੱਚ ਤੋਂ ਪਰਦਾ ਉੱਠ ਗਿਆ । ਪਤਾ ਚੱਲਿਆ ਕਿ ਹਰਦੇਵ ਸਿੰਘ ਅਤੇ ਮਨਦੀਪ ਸਿੰਘ ਦੋਵਾਂ ਦੀ ਦੋਸਤੀ ਇਸ ਕੁੜੀ ਨਾਲ ਸੀ । ਮਨਦੀਪ ਸਿੰਘ ਦੀ 2024 ‘ਚ ਦੋਸਤੀ ਹੋਈ ਸੀ । ਮਨਦੀਪ ਸਿੰਘ ਵੀ ਅਮਰੀਕਾ ਤੋਂ ਵਾਪਸ ਆਇਆ ਹੋਇਆ ਹੈ।
ਮਨਦੀਪ ਨੇ 3 ਮਾਰਚ ਨੂੰ ਆਪਣੀ ਦੋਸਤ ਨੂੰ ਫੋਨ ਕਰਕੇ ਮਿਲਣ ਲਈ ਕਿਹਾ ਪਰ ਘਰ ਵਿੱਚ ਮਾਤਾ -ਪਿਤਾ ਦੇ ਡਰ ਅਤੇ ਰਾਤ ਹੋਣ ਕਾਰਨ ਉਸਨੇ ਮਨਦੀਪ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ । ਫਿਰ ਮ੍ਰਿਤਕ ਹਰਦੇਵ ਸਿੰਘ ਨੇ ਉਸ ਕੁੜੀ ਨੂੰ ਫੋਨ ਕਰਕੇ ਦੱਸਿਆ ਕਿ ਮਨਦੀਪ ਉਸਨੂੰ ਵਾਰ- ਵਾਰ ਫੋਨ ਕਰਕੇ ਪ੍ਰੇਸ਼ਾਨ ਕਰ ਰਿਹਾ ਆ ਰਿਹਾ । ਇਸ ਦੌਰਾਨ ਹਰਦੇਵ ਆਪਣੀ ਗੱਡੀ ਲੈ ਕੇ ਪਰਮਾਨੰਦ ਆ ਗਿਆ ਜਿੱਥੇ ਮਨਦੀਪ ਅਤੇ ਹਰਦੇਵ ਦੀ ਆਪਸੀ ਤਤਰਾਰ ਹੋਈ ਗਈ । ਮਨਦੀਪ ਨੇ ਹਰਦੇਵ ਸਿੰਘ ਦਾ ਰਿਵਾਲਵਰ ਖੋਹ ਕੇ ਉਸੇ ਨੂੰ ਗੋਲੀ ਮਾਰ ਦਿੱਤੀ । ਇਸ ਮਗਰੋਂ ਲਾਸ਼ ਨੂੰ ਪਿੰਡ ਦੇ ਸਕੂਲ ਕੋਲ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ । ਐਨਆਰਆਈ ਹਰਦੇਵ ਸਿੰਘ ਨੂੰ ਕਤਲ ਕਰਨ ਮਗਰੋਂ ਮਨਦੀਪ ਸਿੰਘ ਇੱਕ ਸਫੇਦ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਪਣੀ ਪ੍ਰੇਮਿਕਾ ਨੂੰ ਮਿਲਣ ਵੀ ਆਇਆ । ਫਿਰ ਉਹ ਆਪਣੀ ਕਾਰ ਕਰਤਾਰਪੁਰ ,ਜਿਲ੍ਹਾ ਜਲੰਧਰ ਵਿੱਚ ਛੱਡ ਕੇ ਫਰਾਰ ਹੋ ਗਿਆ । ਪੁਲਿਸ ਨੇ ਕਾਰ ਨੂੰ ਬਰਾਮਦ ਕਰ ਲਈ ਹੈ । ਇਹ ਵੀ ਪਤਾ ਲੱਗਿਆ ਕਿ ਇਹ ਰੈਂਟਲ ਕਾਰ ਸੀ ਅਤੇ ਉਸਨੇ ਕਾਰ ਕੰਪਨੀ ਨੂੰ ਫੋਨ ਕਰਕੇ ਕਿਹਾ ਕਿ ਉਹ ਜਰੂਰੀ ਕੋਰਟ ਕੇਸ ਲਈ ਅਮਰੀਕਾ ਜਾ ਰਿਹਾ ਹੈ , ਤੁਸੀ ਆਪਣੀ ਕਾਰ ਜਲੰਧਰ ਤੋਂ ਲੈ ਲਵੋ ।
ਹਰਦੇਵ ਸਿੰਘ ਦੀ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਉਹ ਆਪਣੇ ਪਰਿਵਾਰ ਦਾ ਇਕਲੌਤਾ ਲੜਕਾ ਸੀ।



















