ਮੁਹਾਲੀ ਦੀ ਏਅਰਪੋਰਟ ਰੋਡ ’ਤੇ ਗੋਲੀਬਾਰੀ ’ਚ ਗੈਂਗਸਟਰ ਦੀ ਹੱਤਿਆ

ਮੁਹਾਲੀ ਦੇ ਸੈਕਟਰ 67 ਵਿੱਚ ਅੱਜ ਸ਼ਾਪਿੰਗ ਮਾਲ ਦੇ ਬਾਹਰ ਚਾਰ ਅਣਪਛਾਤੇ ਵਿਅਕਤੀਆਂ ਨੇ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਮੁਤਾਬਕ ਜੰਮੂ ਦੇ ਰਹਿਣ ਵਾਲੇ 45 ਸਾਲਾ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨ ਚਿਰ ਦਾ ਕਤਲ ਗੈਂਗ ਵਾਰ ਦਾ ਨਤੀਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕੁਝ ਸਮੇਂ ਤੋਂ ਮਾਲ ਦੇ ਬਾਹਰ ਦੋ ਐੱਸਯੂਵੀਜ਼ ਵਿੱਚ ਡੋਗਰਾ ਦਾ ਇੰਤਜ਼ਾਰ ਕਰ ਰਹੇ ਸਨ। ਇਕ ਗੱਡੀ ਦਾ ਨੰਬਰ ਚੰਡੀਗੜ੍ਹ ਅਤੇ ਦੂਜੀ ਦਾ ਜੰਮੂ ਦਾ ਸੀ। ਪੁਲੀਸ ਨੇ ਦੱਸਿਆ ਕਿ ਕਰੀਬ ਅੱਠ ਤੋਂ ਨੌਂ ਗੋਲੀਆਂ ਚਲਾਈਆਂ ਗਈਆਂ। ਮ੍ਰਿਤਕ ਦੇ ਖ਼ਿਲਾਫ਼ ਅੱਠ ਐੱਫਆਈਆਰ ਦਰਜ ਸਨ ਤੇ ਉਹ ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਰੂਪਨਗਰ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਜੰਮੂ ਨਾਲ ਸਬੰਧਤ ਚਾਰ ਵਿਅਕਤੀ ਇਸ ਕਤਲ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੋ ਵਾਹਨ, ਹਥਿਆਰ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਸੂਚਨਾ ਮਿਲਦੇ ਹੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਅਤੇ ਹੋਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ।

Total Views: 146 ,
Real Estate