ਰਾਜ ਸਭਾ ਚੋਣਾਂ : UP ਵਿਚ ਭਾਜਪਾ ਨੂੰ 8 ਤੇ ਸਪਾ ਨੂੰ 2 ਸੀਟਾਂ

ਉੱਤਰ ਪ੍ਰਦੇਸ਼ ਵਿਚ ਰਾਜ ਸਭਾ ਚੋਣਾਂ ’ਚ ਸੱਤਾਧਾਰੀ ਭਾਜਪਾ ਨੇ ਅੱਠ ਤੇ ਸਮਾਜਵਾਦੀ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ। ਪੋਲਿੰਗ ਦੌਰਾਨ ਸਮਾਜਵਾਦੀ ਪਾਰਟੀ ਨੇ ਕਰਾਸ ਵੋਟਿੰਗ ’ਤੇ ਫਿਕਰ ਜਤਾਇਆ ਜਦੋਂਕਿ ਪਾਰਟੀ ਦੇ ਵ੍ਹਿਪ ਨੇ ਪੋਲਿੰਗ ਦੌਰਾਨ ਅਸਤੀਫ਼ਾ ਦੇ ਦਿੱਤਾ। ਯੂਪੀ ਵਿਚ ਭਾਜਪਾ ਤੇ ਮੁੱਖ ਵਿਰੋਧੀ ਧਿਰ ‘ਸਪਾ’ ਕੋਲ ਰਾਜ ਸਭਾ ਵਿਚ ਬਿਨਾਂ ਮੁਕਾਬਲਾ ਕ੍ਰਮਵਾਰ 7 ਤੇ 3 ਮੈਂਬਰ ਭੇਜਣ ਲਈ ਲੋੜੀਂਦੀ ਗਿਣਤੀ ਮੌਜੂਦ ਸੀ ਪਰ ਭਾਜਪਾ ਨੇ ਅੱਠਵਾਂ ਉਮੀਦਵਾਰ ਖੜ੍ਹਾ ਕਰਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ। ਯੂਪੀ ਅਸੈਂਬਲੀ ਵਿਚ ਭਾਜਪਾ ਦੇ 252, ਸਪਾ ਦੇ 108 ਤੇ ਕਾਂਗਰਸ ਦੇ 2 ਵਿਧਾਇਕ ਹਨ। ਭਾਜਪਾ ਦੇ ਜਿਹੜੇ ਉਮੀਦਵਾਰ ਜੇਤੂ ਰਹੇ ਉਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਆਰ.ਪੀ.ਐੱਨ.ਸਿੰਘ, ਸਾਬਕਾ ਐੱਮਪੀ ਚੌਧਰੀ ਤੇਜਵੀਰ ਸਿੰਘ, ਪਾਰਟੀ ਦੀ ਯੂਪੀ ਇਕਾਈ ਦੇ ਪ੍ਰਧਾਨ ਅਮਰਪਾਲ ਮੌਰਿਆ, ਸਾਬਕਾ ਮੰਤਰੀ ਸੰਗੀਤਾ ਬਲਵੰਤ (ਬਿੰਡ), ਪਾਰਟੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ, ਸਾਬਕਾ ਵਿਧਾਇਕ ਸਾਧਨਾ ਸਿੰਘ, ਆਗਰਾ ਦੇ ਸਾਬਕਾ ਮੇਅਰ ਨਵੀਨ ਜੈਨ ਤੇ ਸਨਅਤਕਾਰ ਸੰਜੈ ਸੇਠ ਸ਼ਾਮਲ ਹਨ। ਸਮਾਜਵਾਦੀ ਪਾਰਟੀ ਵੱਲੋਂ ਅਦਾਕਾਰ ਤੇ ਸੰਸਦ ਮੈਂਬਰ ਜਯਾ ਬੱਚਨ ਤੇ ਦਲਿਤ ਆਗੂ ਰਾਮਜੀ ਲਾਲ ਸੁਮਨ ਜੇਤੂ ਰਹੇ। ਸਪਾ ਦੇ ਤੀਜੇ ਉਮੀਦਵਾਰ ਸੇਵਾਮੁਕਤ ਆਈਏਐੱਸ ਅਧਿਕਾਰੀ ਆਲੋਕ ਰੰਜਨ ਕਰਾਸ ਵੋਟਿੰਗ ਕਰਕੇ ਹਾਰ ਗਏ। -ਪੀਟੀਆਈ

Total Views: 176 ,
Real Estate