ਅਮਰੀਕਾ ਦੇ ਸ਼ਿਕਾਗੋ ’ਚ ਮਨੁੱਖੀ ਤਸਕਰੀ ਦੀ ਘਟਨਾ ਦੀ ਜਾਂਚ ਦੇ ਸਿਲਸਿਲੇ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਗੁਜਰਾਤ ਦੇ ਚਾਰ ਜਣਿਆਂ ਦਾ ਇੱਕ ਪਰਿਵਾਰ ਕੈਨੇਡਾ ਤੋਂ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਜਾਨ ਗੁਆ ਬੈਠਾ ਸੀ। ਮ੍ਰਿਤਕਾਂ ’ਚ ਦੋ ਬੱਚੇ ਵੀ ਸ਼ਾਮਲ ਸਨ। ਪਿਛਲੇ ਹਫ਼ਤੇ ‘ਦਿ ਸ਼ਿਕਾਗੋ ਟ੍ਰਿਬਿਊਨ’ ਵਿੱਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਅਧਿਕਾਰੀਆਂ ਨੇ ਹਰਸ਼ ਕੁਮਾਰ ਰਮਨ ਲਾਲ ਪਟੇਲ ਨੂੰ ਸ਼ਿਕਾਗੋ ਦੇ ਓ’ਹਾਰੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਨੂੰ 28 ਫਰਵਰੀ ਨੂੰ ਹਿਰਾਸਤ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ‘ਡਰਟੀ ਹੈਰੀ’, ‘ਪਰਮ ਸਿੰਘ’ ਅਤੇ ਹਰੇਸ਼ ਰਮੇਸ਼ਲਾਲ ਪਟੇਲ ਦੇ ਨਾਵਾਂ ਨਾਲ ਮਸ਼ਹੂਰ ਪਟੇਲ ’ਤੇ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਅਤੇ ਗੈਰਕਾਨੂੰਨੀ ਢੰਗ ਨਾਲ ਦਾਖਲੇ ਦੀ ਸਾਜ਼ਿਸ਼ ਦੇ ਅਪਰਾਧ ਦਾ ਦੋਸ਼ ਲਾਇਆ ਗਿਆ ਹੈ। ਜ਼ਿਲ੍ਹਾ ਅਦਾਲਤ ਨੇ ਪਟੇਲ ਖ਼ਿਲਾਫ਼ ਮਨੁੱਖੀ ਤਸਕਰੀ ਦੀ ਸਾਜ਼ਿਸ਼ ’ਚ ਪਟੇਲ ਦੀ ਸ਼ਮੂਲੀਅਤ ਦੇ ਵੇਰਵੇ ਮੁਹੱਈਆ ਕਰਵਾਏ ਹਨ। ਇਹ ਹਲਫਨਾਮਾ 19 ਜਨਵਰੀ 2022 ਨੂੰ ਮਨੁੱਖੀ ਤਸਕਰੀ ਦੀ ਘਟਨਾ ’ਚ ਕੀਤੀ ਗਈ ਜਾਂਚ ਨਾਲ ਸਬੰਧਤ ਹੈ। ਇਸ ਘਟਨਾ ਵਿੱਚ ਜਗਦੀਸ਼ ਪਟੇਲ (39), ਵੈਸ਼ਾਲੀਬੇਨ ਪਟੇਲ (37), ਵਿਹਾਂਗੀ ਪਟੇਲ (11) ਅਤੇ ਧਾਰਮਿਕ ਪਟੇਲ (3) ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਐਮਰਸਨ ’ਚ ਮ੍ਰਿਤਕ ਮਿਲੇ ਸਨ।
ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਭਾਰਤੀ ਮੂਲ ਦਾ ਵਿਅਕਤੀ ਕਾਬੂ, ਅਮਰੀਕਾ ’ਚ ਹੋਣ ਸਮੇਂ ਮ੍ਰਿਤਕ ਮਿਲੇ ਸਨ ਗੁਜਰਾਤੀ ਪਰਿਵਾਰ ਦੇ ਚਾਰ ਜੀਅ
Total Views: 173 ,
Real Estate


















