ਐਮ ਪੀ ਹੰਸ ਰਾਜ ਹੰਸ ਅਤੇ ਨਕੋਦਰ ਦੀ ਵਿਧਾਇਕ ਬੀਬੀ ਵਿਵਾਦਾਂ ‘ਚ ਘਿਰੇ

ਮਾਮਲਾ ਦਰਗਾਹ ਲਈ ਖਰੀਦੇ ਸੋਨੇ ਅਤੇ ਮਾਰਬਲ ਦਾ
ਪ੍ਰਸਿੱਧ ਗਾਇਕ , ਮੈਂਬਰ ਪਾਰਲੀਮੈਂਟ ਅਤੇ ਲਾਲ ਬਾਦਸ਼ਾਹ ਦਰਗਾਹ ,ਨਕੋਦਰ ਦੇ ਗੱਦੀ ਨਸ਼ੀਨ ਹੰਸ ਰਾਜ ਹੰਸ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਵਿਵਾਦਾਂ ‘ਚ ਗਿਰੇ ਹਨ । ਡੇਰਾ ਬਾਬਾ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ 20 ਸਾਲ ਪੁਰਾਣੇ ਸੇਵਾਦਾਰ ਕੁੰਦਨ ਸਾਈਂ ਪੁੱਤਰ ਜੀਤ ਸਿੰਘ ਨਿਵਾਸੀ ਅਸ਼ੋਕ ਵਿਹਾਰ, ਨਕੋਦਰ ਨੇ ਦੋਸ਼ ਲਗਾਏ ਹਨ ਕਿ ਹੰਸ ਰਾਜ ਹੰਸ ਨੇ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ।
ਕੁੰਦਨ ਦੇ ਨਾਲ ਹੀ ਹਰਿ ਮਿੱਤਲ ਅਤੇ ਪ੍ਰਸੋਤ਼ਮ ਲਾਲ ਬਿਟੂ ਨਿਵਾਸੀ ਰਿਸ਼ੀ ਨਗਰ, ਟਿੰਮੀ ਗਿੱਲ ਅਤੇ ਟਿੰਪਲ ਗਿੱਲ ਮੁਹੱਲਾ ਮਿੱਤਲ ਨੇ ਵੀ ਇਸ ਦੋਸ਼ਾਂ ਦਾ ਸਮਰਥਨ ਕੀਤਾ ਹੈ। ਇਸ ਸਬੰਧੀ ਇੱਕ ਸਿ਼ਕਾਇਤ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੂੰ ਦਿੱਤੀ ਗਈ ਹੈ।
ਹੰਸ ਰਾਜ ਹੰਸ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ , ਜਦਕਿ ਵਿਧਾਇਕਾ ਇੰਦਰਜੀਤ ਕੌਰ ਨੇ ਇਹਨਾਂ ਦੋਸ਼ਾ ਨੂੰ ਝੂਠਾ ਦੱਸਿਆ ਹੈ।
ਕੁੰਦਨ ਸਾਈ ਨੇ ਕਿਹਾ ਕਿ ਕੁਝ ਲੋਕ ਖੁਦ ਹੀ ਕਮੇਟੀ ਦੇ ਮੈਂਬਰ ਬਣ ਗਏ ਹਨ। ਆਪਣੀ ਮਰਜ਼ੀ ਨਾਲ ਦਰਗਾਹ ਵਿੱਚੋਂ ਅਲੱਗ -ਅਲੱਗ ਤਰੀਕਿਆਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਕੁੰਦਨ ਸਾਈਂ ਦਾ ਦੋਸ਼ ਹੈ ਕਿ ਵੱਡੀ ਧਾਂਦਲੀ ਉਦੋਂ ਸਾਹਮਣੇ ਆਈ ਜਦੋਂ 21 ਮਈ 2022 ਨੂੰ ਰਾਜਸਥਾਨ ਦੀ ਇੱਕ ਫਰਮ ਦੇ ਨਾਂਮ ਤੇ ਕਰੀਬ 14.18 ਲੱਖ ਦਾ ਬਿੱਲ ਬਣਿਆ ਸੀ । ਇਸ ਫਰਮ ਤੋਂ ਦਰਗਾਹ ਦੇ ਲਈ ਮਾਰਬਲ ਖਰੀਦਿਆ ਸੀ । ਪਰ 3 ਦਿਨ ਬਾਅਦ ਉਸਦਾ ਬਿੱਲ 23.13 ਲੱਖ ਬਣਾ ਦਿੱਤਾ ਗਿਆ । ਜਿਸ ਵਿੱਚ ਸਿੱਧੀ -ਸਿੱਧੀ 9 ਲੱਖ ਰੁਪਏ ਦੀ ਧਾਂਦਲੀ ਹੈ। ਇਹ ਬਿੱਲ ਕਮੇਟੀ ਦੇ ਰਿਕਾਰਡ ਵਿੱਚ ਵੀ ਦਰਜ ਹੈ। ਅਜਿਹੇ ਕਈ ਬਿੱਲ ਹਨ, ਜਿਸ ਵਿੱਚ ਧਾਂਦਲੀ ਦੇ ਸਬੂਤ ਹਨ। ਉਹਨਾ ਕਿਹਾ ਅਸੀਂ ਪੁਲਿਸ ਨੂੰ ਸਿ਼ਕਾਇਤ ਦਿੱਤੀ ਹੈ ਅਤੇ ਉਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਕੁੰਦਨ ਸਾਈਂ ਨੇ ਇਹ ਵੀ ਦੋਸ਼ ਲਾਏ ਕਿ ਡੇਰੇ ਦੇ ਨਾਂਮ ਤੇ ਸੋਨਾ ਵੀ ਖਰੀਦਿਆ ਗਿਆ ਹੈ , ਪਰ ਡੇਰੇ ‘ਚ ਅੱਜ ਤੱਕ ਸੋਨਾ ਨਹੀਂ ਚੜਾਇਆ ਗਿਆ ਅਤੇ ਨਾ ਹੀ ਕਿਤੇ ਦੇਖਿਆ ਹੈ। ਇਹ ਫਰਜ਼ੀਵਾੜਾ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਛੱਤਰ ਛਾਇਆ ‘ਚ ਹੋ ਰਿਹਾ ਹੈ।
ਜਿ਼ਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਮੇਟੀ ਦੀ ਚੋਣ ਹੋਈ ਸੀ , ਜਿਸ ਵਿੱਚ ਹਲਕਾ ਵਿਧਾਇਕਾ ਵੱਲੋਂ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਅਲੱਗ ਅਲੱਗ ਪਿੰਡਾਂ ਦੇ ਲੋਕਾਂ ਨੂੰ ਲਿਆਂਦਾ ਗਿਆ ਸੀ । ਕੁੰਦਨ ਸਾਈਂ ਨੇ ਕਿਹਾ ਇਸ ਸਭ ਕੁਝ ਲਈ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਜਿੰਮੇਵਾਰ ਹਨ।

 

ਇਸ ਮਾਮਲੇ ਸਬੰਧੀ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਉਹਨਾਂ ਤੇ ਲਗਾਏ ਗਏ ਦੋਸ਼ ਗਲਤ ਹਨ । ਉਹਨਾਂ ਕਿਹਾ ‘ਮੈਂ ਦਰਗਾਹ ਤੇ ਮੱਥਾ ਟੇਕਣ ਜਾਂਦੀ ਹੈ ਤਾਂ ਉੱਥੋਂ ਦਾ ਪ੍ਰਸਾ਼ਦ ਲੈ ਕੇ ਜਰੂਰ ਖਾਧਾ ਹੈ। ਮੈਂ ਦਰਗਾਹ ਨੂੰ ਜੇ ਕੁੱਝ ਦੇ ਨਹੀਂ ਸਕਦੀ ਤਾਂ ਉਸ ਤੋਂ ਲੈਣ ਦਾ ਮੈਨੂੰ ਕੋਈ ਅਧਿਕਾਰ ਨਹੀਂ । ਮੈਂ ਕਦੇ ਦਰਗਾਹ ਦੀ ਇੱਕ ਪਾਈ ਤੱਕ ਨਹੀਂ ਲਈ, ਸੋਨਾ ਤਾਂ ਦੂਰ ਦੀ ਗੱਲ ਹੈ। ’

Total Views: 284 ,
Real Estate