ਸਰਵਿਸ ਰੋਡ ਮੁਕੰਮਲ ਕੀਤੇ ਬਗੈਰ ਹੀ ਚਾਲੂ ਕਰ ਦਿੱਤਾ ਗਿਆ ਫਲਾਈਓਵਰ

ਸ੍ਰੀ ਮੁਕਤਸਰ ਸਾਹਿਬ, 19 ਫਰਵਰੀ ( ਕੁਲਦੀਪ ਸਿੰਘ ਘੁਮਾਣ ) ਮੁਕਤਸਰ- ਜਲਾਲਾਬਾਦ ਰੋਡ ਉਪਰ ਫਾਟਕ ਨੰ ਬੀ -30 ਉਪਰ ਬਣਾਇਆ ਗਿਆ ਫਲਾਈਓਵਰ ਪੰਜਾਬ ਸਰਕਾਰ ਦੁਆਰਾ 30 ਸਤੰਬਰ 2009 ਨੂੰ ਮੰਜੂਰ ਕੀਤਾ ਗਿਆ ਸੀ। ਇਸ ਸੰਬੰਧ ਵਿਚ ਸਾਢੇ 7 ਮੀਟਰ ਚੋੜੇ ਪੁੱਲ ਲਈ ਰਾਇਟਸ ਕੰਪਨੀ ਵਲੋਂ 22.10 ਮੀਟਰ ਚੋੜੀ ਜਗਾਂ ਮਿੱਥੀ ਗਈ ਸੀ ਜਿਸ ਵਿਚ ਕੈਰਿਜ ਵੇਅ ਲਈ 7.50 ਮੀਟਰ, ਕਰੈਸ਼ ਬੈਰੀਅਰ , ਕਰਵ ਸਟੋਨ , ਸਰਵਿਸ ਰੋਡ, ਫੁੱਟ ਪਾਥ ਅਤੇ ਡਰੈਨਜ ਲਈ 22.10 ਮੀਟਰ ਮਿੱਥੀ ਗਈ ਸੀ, ਜੋ ਕਿ ਬਾਅਦ ਵਿਚ 7.5 ਮੀਟਰ ਚੋੜੇ ਪੁੱਲ ਲਈ 6-6 ਮੀਟਰ ਜਗਾਂ ਕਰ ਦਿੱਤੀ। ਲੋੜੀਦੀ ਜਗਾਂ ਉਪਲੱਬਧ ਕਰਵਾਉਣ ਲਈ ਨਗਰ ਕੌਂਸਲ ਨੂੰ ਆਦੇਸ਼ ਦਿੱਤੇ ਗਏ ਸਨ। ਓਵਰਬਿ੍ਰਜ ਦੀ ਉਸਾਰੀ ਦਾ ਕੰਮ ਫਾਇਨਲ ਕਰਕੇ ਬਿਨਾਂ ਸਰਵਿਸ ਰੋਡ ਚੌੜੀ ਕੀਤੇ ਚਾਲੂ ਕਰ ਦਿੱਤਾ ਗਿਆ ਹੈ, ਸਰਵਿਸ ਰੋਡ ਲਈ ਲੋੜੀਦੀ ਚੋੜਾਈ ਨਾ ਹੋਣ ਕਾਰਨ ਆਸ ਪਾਸ ਦੇ ਦਰਜਨ ਭਰ ਮੁਹੱਲਿਆਂ ਦੇ ਤਕਰੀਬਨ 25000 ਦੇ ਕਰੀਬ ਬਸ਼ਿੰਦਿਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲ ਦਾ ਉਦਘਾਟਨ ਕੀਤੇ ਬਿਨਾਂ ਹੀ ਨਗਰ ਪ੍ਰੀਸ਼ਦ ਤੇ ਲੋਕ ਨਿਰਮਾਣ ਵਿਭਾਗ ਨੇ ਆਪਣਾ ਪੂਰਾ ਸਮਾਨ ਸਮੇਟ ਦਿੱਤਾ। ਮੌਜੂਦਾ ਸਥਿਤੀ ਵਿਚ ਸਰਵਿਸ ਰੋਡ ਦੀ ਚੋੜਾਈ 3.75 ਮੀਟਰ ਅਤੇ ਫੁੱਟਪਾਥ, ਡਰੈਨਜ ਅਤੇ ਬਿਜਲੀ ਦੇ ਖੰਭਿਆਂ ਲਈ ਸਵਾ 2 ਮੀਟਰ ਯਾਨੀ ਕਿ ਕੁੱਲ ਚੋੜਾਈ 6-6 ਮੀਟਰ ਦੋਨਾਂ ਪਾਸੇ ਚਾਹੀਦੀ ਸੀ ਪਰ ਮੌਕੇ ਤੇ ਇਸ ਵੇਲੇ ਦੋਨੋਂ ਪਾਸੇ 3-3 ਮੀਟਰ ਜਗਾਂ ਹੈ ਅਤੇ ਪ੍ਰਸ਼ਾਸਨ ਵਲੋਂ ਨਾ ਤਾ ਫੁੱਟਪਾਥ ਬਣਾਇਆ ਗਿਆ ਨਾ ਹੀ ਡਰੈਨਜ ਸਿਸਟਮ ਅਤੇ ਨਾ ਹੀ ਰਸਤੇ ਵਿਚ ਅਜੇ ਤੱਕ ਬਿਜਲੀ ਦੇ ਖੰਭੇ ਆਦਿ ਵੀ ਨਹੀਂ ਹਟਾਏ ਗਏ। ਸਰਵਿਸ ਰੋਡ ਵਾਸਤੇ ਐਸਟੀਮੇਟ ਵਿਚ 2 ਕਰੋੜ ਦੀ ਰਕਮ ਰਾਖਵੀਂ ਰੱਖੀ ਗਈ ਸੀ। ਇਹ ਰਕਮ ਕਿਥੇ ਖਰਚ ਹੋਈ ਇਸ ਬਾਰੇ ਸੰਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਦੀ ਮੰਗ ਅਨੁਸਾਰ ਪੁਰਾਣੀ ਦਾਣਾ ਮੰਡੀ ਦੇ ਗੇਟ ਅੱਗੇ ਟਿੱਬੀ ਸਾਹਿਬ ਰੋਡ ਨਾਲ ਲਿੰਕ ਲਈ ਇਕ ਹੋਰ ਪੁੱਲ ਬਣਾ ਦਿੱਤਾ ਗਿਆ। ਇਸ ਪੁੱਲ ਨੂੰ ਮੁਕੰਮਲ ਹੋਣ ਵਿਚ ਤਕਰੀਬਨ 15 ਸਾਲ ਦਾ ਸਮਾਂ ਲੱਗ ਗਿਆ। ਓਵਰਬਿ੍ਰਜ ਦੇ ਵਿਚ ਸਰਵਿਸ ਰੋਡ, ਲਾਈਟਇੰਗ, ਫੁੱਟਪਾਥ ਤੇ ਡਰੈਨਜ ਸਿਸਟਮ ਆਦਿ ਸਾਰੇ ਕੰਮ ਸ਼ਾਮਲ ਸਨ। ਪਰ ਮਹਿਕਮੇ ਪਾਸ ਇਸ ਸਮੇਂ ਸਰਵਿਸ ਰੋਡ ਦਾ ਕੰਮ ਮੁਕੰਮਲ ਕਰਨ ਲਈ ਕੋਈ ਪੈਸਾ ਨਹੀਂ ਹੈ। ਸਰਵਿਸ ਰੋਡ ਦਾ ਬਜਟ ਪੁੱਲ ਥੱਲੇ ਪੁਰਾਣੀ ਦਾਣਾ ਮੰਡੀ ਦੇ ਗੇਟ ਅੱਗੇ ਪੁੱਲ ਬਣਾਉਣ ਤੇ ਖਰਚ ਕਰ ਦਿੱਤਾ ਗਿਆ ਜਦਕਿ ਇਸ ਕੰਮ ਲਈ ਠੇਕੇਦਾਰ ਨੂੰ ਅਲਾਟ ਕੀਤੇ ਕੰਮ ਵਿਚ ਇਹ ਆਇਟਮ ਸ਼ਾਮਲ ਨਹੀਂ ਸੀ। ਨਿਯਮ ਅਨੁਸਾਰ ਇਸ ਆਇਟਮ ਦਾ ਬਜ਼ਟ ਵੱਖਰਾ ਬਨਵਾਉਣਾ ਚਾਹੀਦਾ ਸੀ। ਸਥਾਨਕ ਸਰਵਿਸ ਰੋਡ ਤੇ ਪੈਂਦੇ ਪ੍ਰਭਾਵਤ ਦੁਕਾਨਦਾਰਾਂ ਅਮਿਤ ਖੁਰਾਣਾ, ਅਮਿਤ ਦਾਬੜਾ, ਅੰਕਿਤ ਗਰੋਵਰ ਅਤੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਅਤੇ ਦੇਸ ਰਾਜ ਤਨੇਜਾ ਨੇ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਸਰਵਿਸ ਰੋਡ ਲਈ ਲੋੜੀਦੀ ਜਗਾਂ ਐਕਵਾਇਰ ਕਰਕੇ ਇਹ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇ।

Total Views: 206 ,
Real Estate