ਜੇਈਈ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਲਿਆ ਫਾਹਾ

ਰਾਜਸਥਾਨ ਦੇ ਕੋਟਾ ਵਿੱਚ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ) ਦੀ ਤਿਆਰੀ ਕਰ ਰਹੀ 18 ਸਾਲਾ ਇਕ ਵਿਦਿਆਰਥਣ ਨੇ ਅੱਜ ਆਪਣੇ ਘਰ ’ਚ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥਣ ਦੀ ਪਛਾਣ ਨਿਹਾਰਿਕਾ ਸਿੰਘ ਵਜੋਂ ਹੋਈ ਹੈ ਅਤੇ ਉਸ ਨੇ ਇਕ-ਦੋ ਦਿਨਾਂ ਵਿੱਚ ਜੇਈਈ ਦੀ ਪ੍ਰੀਖਿਆ ਦੇਣੀ ਸੀ। ਪੁਲੀਸ ਮੁਤਾਬਕ ਵਿਦਿਆਰਥਣ ਨੇ ਅੰਗਰੇਜ਼ੀ ਵਿੱਚ ਲਿਖੇ ਖ਼ੁਦਕੁਸ਼ੀ ਨੋਟ ’ਚ ਕਿਹਾ, ‘‘ਮੰਮੀ, ਪਾਪਾ ਮੈਂ ਜੇਈਈ ਨਹੀਂ ਕਰ ਸਕਦੀ। ਮੈਂ ਹਾਰ ਗਈ। ਮੈਂ ਸਭ ਤੋਂ ਬੁਰੀ ਧੀ ਹਾਂ। ਮੰਮੀ ਪਾਪਾ ਮੈਨੂੰ ਮੁਆਫ ਕਰਨਾ। ਇਹੀ ਆਖਰੀ ਰਸਤਾ ਹੈ।’’ ਇਹ ਖ਼ੁਦਕੁਸ਼ੀ ਨੋਟ ਨਿਹਾਰਿਕਾ ਦੇ ਕਮਰੇ ਵਿੱਚੋਂ ਮਿਲਿਆ ਹੈ। ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਦੀ ਇਹ ਘਟਨਾ ਅਜਿਹੇ ਦਿਨ ਵਾਪਰੀ ਹੈ ਜਦੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ। ਸਰਕਲ ਅਫਸਰ ਧਰਮਵੀਰ ਸਿੰਘ ਨੇ ਕਿਹਾ ਕਿ ਨਿਹਾਰਿਕਾ ਸ਼ਹਿਰ ਦੇ ਬੋਰੇਖੇੜਾ ਪੁਲੀਸ ਥਾਣੇ ਅਧੀਨ ਪੈਂਦੀ ਸ਼ਿਵ ਵਿਹਾਰ ਕਲੋਨੀ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ। ਉਸ ਨੇ 30-31 ਜਨਵਰੀ ਨੂੰ ਜੇਈਈ ਦੀ ਪ੍ਰੀਖਿਆ ਦੇਣੀ ਸੀ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਨੋਟ ਤੋਂ ਪਤਾ ਲੱਗਦਾ ਹੈ ਕਿ ਵਿਦਿਆਰਥਣ ਤਣਾਅ ਵਿੱਚ ਸੀ ਅਤੇ ਉਹ ਪ੍ਰੀਖਿਆ ਦੀ ਤਿਆਰੀ ਕਰਨ ਵਿੱਚ ਆਪਣੇ-ਆਪ ਨੂੰ ਅਸਫਲ ਮਹਿਸੂਸ ਕਰ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਵਿਦਿਆਰਥਣ ਤਿੰਨ ਭੈਣਾਂ ਵਿੱਚ ਸਭ ਤੋਂ ਵੱਡੀ ਸੀ ਅਤੇ ਉਸ ਦੇ ਪਿਤਾ ਕੋਟਾ ਵਿੱਚ ਹੀ ਇਕ ਨਿੱਜੀ ਬੈਂਕ ’ਚ ਸੁਰੱਖਿਆ ਗਾਰਡ ਹਨ। ਨਿਹਾਰਕਿਾ ਦੀ ਚਚੇਰੀ ਭੈਣ ਮੁਤਾਬਕ ਉਹ ਪੜ੍ਹਨ ਵਿੱਚ ਠੀਕ ਸੀ ਅਤੇ ਹਰ ਰੋਜ਼ ਸੱਤ ਤੋਂ ਅੱਠ ਘੰਟੇ ਪੜ੍ਹਦੀ ਸੀ। ਅੱਜ ਸਵੇਰੇ ਕਰੀਬ 10 ਵਜੇ ਨਿਹਾਰਿਕਾ ਦੀ ਦਾਦੀ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਕੋਈ ਜਵਾਬ ਨਹੀਂ ਮਿਲਿਆ। ਦਾਦੀ ਨੇ ਰੌਲਾ ਪਾਇਆ। ਪਰਿਵਾਰਕ ਮੈਂਬਰਾਂ ਨੇ ਖਿੜਕੀ ’ਚੋਂ ਦੇਖਿਆ ਤਾਂ ਨਿਹਾਰਿਕ ਨੇ ਫਾਹਾ ਲਿਆ ਹੋਇਆ ਸੀ।

Total Views: 188 ,
Real Estate