ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਈਡੀ

ਮਨੀ ਲਾਂਡਰਿੰਗ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਪੁੱਜਣ ਮਗਰੋਂ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਸੀਐੱਮ ਹਾਊਸ, ਰਾਜ ਭਵਨ ਤੇ ਕੇਂਦਰ ਸਰਕਾਰ ਦੇ ਦਫ਼ਤਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਖਣੀ ਦਿੱਲੀ ’ਚ 5/1 ਸ਼ਾਂਤੀ ਨਿਕੇਤਨ ਬਿਲਡਿੰਗ ਵਿੱਚ ਦਸਤਕ ਦੇਣ ਮੌਕੇ ਈਡੀ ਦੀ ਟੀਮ ਨਾਲ ਦਿੱਲੀ ਪੁਲੀਸ ਦਾ ਅਮਲਾ ਵੀ ਮੌਜੂਦ ਸੀ। ਸੰਘੀ ਜਾਂਚ ਏਜੰਸੀ ਨੇ ਪਿਛਲੇ ਹਫ਼ਤੇ ਸੋਰੇਨ ਨੂੰ ਸੰਮਨ ਜਾਰੀ ਕਰਦਿਆਂ ਆਪਣੀ ਸਹੂਲਤ ਮੁਤਾਬਕ 29 ਜਾਂ ਫਿਰ 31 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਸੋਰੇਨ ਨੇ ਈਡੀ ਨੂੰ ਜਵਾਬ ਤਾਂ ਭੇਜਿਆ ਪਰ ਪੁੱਛ-ਪੜਤਾਲ ਲਈ ਤਰੀਕ ਤੇ ਸਮੇਂ ਦੀ ਪੁਸ਼ਟੀ ਨਹੀਂ ਕੀਤੀ। ਉਂਜ ਮੁੱਖ ਮੰਤਰੀ 27 ਜਨਵਰੀ ਨੂੰ ਰਾਂਚੀ ਤੋਂ ਦਿੱਲੀ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਦੇ ਸੋਮਵਾਰ ਲਈ ਤਜਵੀਜ਼ਤ ਸਾਰੇ ਸਰਕਾਰੀ ਸਮਾਗਮ ਬਿਨਾਂ ਕੋਈ ਕਾਰਨ ਦੱਸਿਆਂ ਰੱਦ ਕਰ ਦਿੱਤੇ ਗਏ ਸਨ। ਸੋਰੇਨ ਨੇ 29 ਜਨਵਰੀ ਨੂੰ ਚਾਇਬਾਸਾ, 30 ਨੂੰ ਪਲਾਮੂ ਤੇ 31 ਜਨਵਰੀ ਨੂੰ ਗਿਰਡੀਹ ਵਿੱਚ ਇਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਸੋਰੇਨ ਦੀ ਪਾਰਟੀ ਜੇਐੱਮਐੱਮ ਵੱਲੋਂ ਈਡੀ ਦੇ ਸੰਮਨਾਂ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਈਡੀ ਨੇ 20 ਜਨਵਰੀ ਨੂੰ ਸੋਰੇਨ ਤੋਂ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ ’ਤੇ ਪੁੱਛ-ਪੜਤਾਲ ਕੀਤੀ ਸੀ। ਏਜੰਸੀ ਨੇ ਸੱਤ ਘੰਟੇ ਦੀ ਪੁੱਛਗਿੱਛ ਦੌਰਾਨ ਪੀਐੱਮਐੱਲਏ ਤਹਿਤ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਵਧੀਕ ਮੁੱਖ ਸਕੱਤਰ (ਗ੍ਰਹਿ) ਅਵਿਨਾਸ਼ ਕੁਮਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਹੈ। ਅਸੀਂ ਕੌਮੀ ਰਾਜਧਾਨੀ ਵਿੱਚ ਰਾਜ ਭਵਨ, ਈਡੀ ਦਫ਼ਤਰ, ਕੇਂਦਰ ਸਰਕਾਰ ਦੇ ਦਫ਼ਤਰ, ਸੀਐੱਮ ਹਾਊਸ ਸਣੇ ਹੋਰ ਕਈ ਅਹਿਮ ਟਿਕਾਣਿਆਂ ’ਤੇ ਸੁਰੱਖਿਆ ਵਧਾ ਦਿੱਤੀ ਹੈ…ਅਹਿਮ ਟਿਕਾਣਿਆਂ ’ਤੇ ਪਾਬੰਦੀ ਦੇ ਹੁਕਮ ਵੀ ਲਾਗੂ ਕੀਤੇ ਗਏ ਹਨ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਸੀਂ ਕਈ ਇਹਤਿਆਤੀ ਕਦਮ ਚੁੱਕੇ ਹਨ।’’ ਇਸ ਦੌਰਾਨ ਕੁਝ ਸੀਨੀਅਰ ਅਧਿਕਾਰੀਆਂ ਨੇ ਕਿਹਾ, ‘‘ਇਥੇ ਅਸਧਾਰਨ ਹਾਲਾਤ ਬਣੇ ਹੋਏ ਹਨ। ਮੁੱਖ ਮੰਤਰੀ ਦੇ ਥਹੁ-ਪਤੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।’’ ਰਾਂਚੀ ਦੇ ਐੱਸਐੱਸਪੀ ਚੰਦਨ ਕੁਮਾਰ ਸਿਨਹਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜੇਐੱਮਐੱਮ ਵਰਕਰਾਂ ਦੇ ਤਜਵੀਜ਼ਤ ਰੋਸ ਮੁਜ਼ਾਹਰਿਆਂ ਨੂੰ ਦੇਖਦੇ ਹੋਏ ਰਣਨੀਤਕ ਪੱਖੋਂ ਅਹਿਮ 30 ਟਿਕਾਣਿਆਂ ’ਤੇ 1000 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

Total Views: 417 ,
Real Estate