ਇਰਾਨ ਵੱਲੋਂ ਬਲੋਚਿਸਤਾਨ ’ਤੇ ਹਮਲਿਆਂ ਕਾਰਨ ਖ਼ਿੱਤੇ ’ਚ ਤਣਾਅ,ਪਾਕਿ ਵੱਲੋਂ ਇਰਾਨ ਨੂੰ ਚਿਤਾਵਨੀ

ਇਰਾਨ ਵੱਲੋਂ ਬਲੋਚਿਸਤਾਨ ਸੂਬੇ ’ਚ ਕੀਤੇ ਗਏ ਹਵਾਈ ਹਮਲੇ ਨਾਲ ਖ਼ਿੱਤੇ ’ਚ ਤਣਾਅ ਪੈਦਾ ਹੋ ਗਿਆ ਹੈ। ਪਾਕਿਸਤਾਨ ਨੇ ਇਰਾਨ ਨੂੰ ‘ਗੰਭੀਰ ਸਿੱਟੇ’ ਭੁਗਤਣ ਦੀ ਚਿਤਾਵਨੀ ਦਿੰਦਿਆਂ ਉਸ ਦੇ ਸਫ਼ੀਰ ਨੂੰ ਵਾਪਸ ਜਾਣ ਲਈ ਆਖਦਿਆਂ ਆਪਣੇ ਸਫ਼ੀਰ ਨੂੰ ਤਹਿਰਾਨ ਤੋਂ ਵਾਪਸ ਸੱਦ ਲਿਆ ਹੈ। ਇਸ ਦੇ ਨਾਲ ਪਾਕਿਸਤਾਨ ਨੇ ਇਰਾਨ ਨਾਲ ਦੁਵੱਲੇ ਦੌਰਿਆਂ ਨੂੰ ਵੀ ਹਾਲ ਦੀ ਘੜੀ ਮੁਅੱਤਲ ਕਰ ਦਿੱਤਾ ਹੈ। ਪਾਕਿਸਤਾਨ ਨੇ ‘ਆਪਣੇ ਹਵਾਈ ਖੇਤਰ ਦੀ ਉਲੰਘਣਾ’ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਬਿਨ੍ਹਾਂ ਭੜਕਾਹਟ ਦੇ ਇਰਾਨ ਵੱਲੋਂ ਕੀਤੀ ਗਈ ਕਾਰਵਾਈ ਨਾਲ ਉਨ੍ਹਾਂ ਨੂੰ ਵੀ ਜਵਾਬ ਦੇਣ ਦਾ ਪੂਰਾ ਹੱਕ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਆਮਿਰ ਅਦਬੁੱਲਾ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਅਬਦੁੱਲਾ ਨੇ ਕਿਹਾ ਕਿ ਹਮਲਾ ਇਰਾਨ ਦੇ ਦਹਿਸ਼ਤੀ ਗਰੁੱਪਾਂ ’ਤੇ ਕੀਤਾ ਗਿਆ ਸੀ। ਇਹ ਹਮਲਾ ਪਾਕਿਸਤਾਨੀ ਨਾਗਰਿਕਾਂ ’ਤੇ ਨਹੀਂ ਸੀ। ਜਦੋਂ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਇਰਾਨ ਦੀ ਸੁੂਰੱਖਿਆ ਪਾਕਿਸਤਾਨ ਦੀ ਸੁਰੱਖਿਆ ਹੈ। ਪੱਛਮੀ ਏਸ਼ੀਆ ਵਿਚ ਹਮਾਸ ਤੇ ਇਜ਼ਰਾਈਲ ਦੀ ਜੰਗ ਕਾਰਨ ਪਹਿਲਾਂ ਤੋਂ ਹੀ ਸਥਿਤੀ ਤਣਾਅਪੂਰਨ ਹੈ, ਅਜਿਹੇ ਵਿਚ ਇਰਾਨ ਦੇ ਹਮਲਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਵਿਦੇਸ਼ ਦਫ਼ਤਰ ਦੀ ਤਰਜਮਾਨ ਮੁਮਤਾਜ਼ ਬਲੋਚ ਨੇ ਮੀਡੀਆ ਅੱਗੇ ਇਕ ਬਿਆਨ ਪੜ੍ਹਦਿਆਂ ਕਿਹਾ ਕਿ ਇਰਾਨੀ ਸਫ਼ੀਰ ਜੋ ਇਸ ਸਮੇਂ ਆਪਣੇ ਮੁਲਕ ਦੇ ਦੌਰੇ ’ਤੇ ਹਨ, ਉਹ ਸ਼ਾਇਦ ਅਜੇ ਇਸਲਾਮਾਬਾਦ ਨਹੀਂ ਪਰਤਣਗੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਭੜਕਾਹਟ ਦੇ ਇਰਾਨ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਦੇਣ ਦਾ ਪਾਕਿਸਤਾਨ ਨੂੰ ਵੀ ਪੂਰਾ ਹੱਕ ਹੈ। ਮੁਮਤਾਜ਼ ਬਲੋਚ ਨੇ ਕਿਹਾ ਕਿ ਇਰਾਨ ਵੱਲੋਂ ਲੰਘੀ ਰਾਤ ਕੀਤੇ ਗਏ ਹਮਲੇ ਪਾਕਿਸਤਾਨ ਦੀ ਖੁਦਮੁਖਤਿਆਰੀ, ਕੌਮਾਂਤਰੀ ਕਾਨੂੰਨਾਂ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਇਰਾਨ ਸਰਕਾਰ ਨੂੰ ਸਖ਼ਤ ਸੁਨੇਹਾ ਦੇਣ ਦਾ ਦਾਅਵਾ ਕਰਦਿਆਂ ਬਲੋਚ ਨੇ ਕਿਹਾ,‘‘ਇਹ ਗ਼ੈਰ-ਕਾਨੂੰਨੀ ਕਾਰਵਾਈ ਪੂਰੀ ਤਰ੍ਹਾਂ ਨਾਲ ਨਾਸਵੀਕਾਰਨਯੋਗ ਹੈ ਅਤੇ ਇਸ ਨੂੰ ਕਿਸੇ ਵੀ ਢੰਗ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਸਿੱਟਿਆਂ ਦੀ ਜ਼ਿੰਮੇਵਾਰੀ ਹੁਣ ਇਰਾਨ ਦੀ ਹੋਵੇਗੀ।’’ ਬਲੋਚਿਸਤਾਨ ਦੇ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਇਰਾਨ ਦੇ ਹਮਲੇ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ‘ਐਕਸ’ ’ਤੇ ਕਿਹਾ,‘‘ਅਸੀਂ ਹਮਲੇ ਤੋਂ ਨਿਰਾਸ਼ ਹਾਂ। ਜਿਵੇਂ ਕਿ ਵਿਦੇਸ਼ ਦਫ਼ਤਰ ਨੇ ਪਹਿਲਾਂ ਹੀ ਆਖਿਆ ਹੈ ਕਿ ਦਹਿਸ਼ਤਗਰਦੀ ਖ਼ਿੱਤੇ ਦੇ ਸਾਰੇ ਮੁਲਕਾਂ ਲਈ ਸਾਂਝਾ ਖ਼ਤਰਾ ਹੈ ਜਿਸ ਦਾ ਰਲ ਕੇ ਟਾਕਰਾ ਕਰਨ ਦੀ ਲੋੜ ਹੈ। ਇਰਾਨ ਦੀ ਕਾਰਵਾਈ ਨਾਲਗੁਆਂਢੀਆਂ ਦੇ ਸਬੰਧਾਂ, ਵਪਾਰ ਅਤੇ ਆਪਸੀ ਵਿਸ਼ਵਾਸ ’ਚ ਫਰਕ ਪਵੇਗਾ।’’

Total Views: 228 ,
Real Estate