ਲੋਹੜੀ ਦੀ ਰਾਤ ਪੰਜਾਬ ਤੇ ਹਰਿਆਣਾ ਵਿੱਚ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ ਜਦੋਂ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਘੱਟੋ ਘੱਟ ਤਾਪਮਾਨ ਸਿਫ਼ਰ ਤੱਕ ਪਹੁੰਚ ਗਿਆ। ਦੂਜੇ ਪਾਸੇ ਹਰਿਆਣਾ ਵਿੱਚ ਮਹਿੰਦਰਗੜ੍ਹ ਸਭ ਤੋਂ ਠੰਢਾ ਰਿਹਾ ਜਿੱਥੇ ਤਾਪਮਾਨ 2 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ 15 ਜਨਵਰੀ ਨੂੰ ਪੰਜਾਬ ਵਿੱਚ ਸੰਘਣੀ ਧੁੰਦ ਤੇ ਠੰਢ ਸਬੰਧੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ 16 ਜਨਵਰੀ ਨੂੰ ਵੀ ਹਾਲਾਤ ਇਹੋ ਜਿਹੇ ਹੀ ਰਹਿਣ ਦੀ ਸੰਭਾਵਨਾ ਹੈ। ਕੌਮੀ ਰਾਜਧਾਨੀ ਦਿੱਲੀ ’ਚ ਅੱਜ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਜਦੋਂ ਘੱਟੋ ਘੱਟ ਤਾਪਮਾਨ 3.5 ਡਿਗਰੀ ਰਿਹਾ। ਇਸੇ ਤਰ੍ਹਾਂ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ’ਤੇ ਤਾਪਮਾਨ ਮਨਫੀ ਤੋਂ ਹੇਠਾ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਚੱਲਣ ਦੇ ਨਾਲ-ਨਾਲ ਸੰਘਣੀ ਧੁੰਦ ਵੀ ਛਾਈ ਰਹੀ। ਸੰਘਣੀ ਧੁੰਦ ਕਾਰਨ ਦਿਖਣ ਹੱਦ ਘਟਣ ਕਰਕੇ ਜ਼ੀਰਕਪੁਰ ਵਿੱਚ ਇਕ ਕਾਰ ਸੁਖਨਾ ਚੋਅ ਵਿੱਚ ਡਿੱਗ ਗਈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕਈ ਥਾਵਾਂ ’ਤੇ ਸੜਕ ਹਾਦਸੇ ਵਾਪਰੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 3.2 ਡਿਗਰੀ ਦਰਜ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 4.1 ਡਿਗਰੀ, ਲੁਧਿਆਣਾ ਵਿੱਚ 2.5, ਪਟਿਆਲਾ ਵਿੱਚ 3.4, ਪਠਾਨਕੋਟ ਵਿੱਚ 6.2, ਬਠਿੰਡਾ ਵਿੱਚ 4.2, ਫਰੀਦਕੋਟ ਵਿੱਚ 4, ਗੁਰਦਾਸਪੁਰ ’ਚ 4.5, ਫਤਹਿਗੜ੍ਹ ਸਾਹਿਬ ਵਿੱਚ 3 ਤੇ ਮੁਹਾਲੀ ਵਿੱਚ 5 ਡਿਗਰੀ ਤਾਪਮਾਨ ਦਰਜ ਕੀਤਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿੱਚ 4.4 ਡਿਗਰੀ, ਹਿਸਾਰ ਵਿੱਚ 3.9, ਕਰਨਾਲ ਵਿੱਚ 4, ਰੋਹਤਕ ਵਿੱਚ 5, ਭਿਵਾਨੀ ਵਿੱਚ 3.4, ਸਿਰਸਾ ਵਿੱਚ 6, ਫਰੀਦਾਬਾਦ ਵਿੱਚ 4.6, ਫਤਿਆਬਾਦ ਵਿੱਚ 3.7, ਗੁਰੂਗ੍ਰਾਮ ਵਿੱਚ 3.1, ਝੱਜਰ ਵਿੱਚ 4.4, ਜੀਂਦ ਵਿੱਚ 3.5, ਮੇਵਾਤ ਵਿੱਚ 4.8 ਡਿਗਰੀ ਤਾਪਮਾਨ ਦਰਜ ਕੀਤਾ ਹੈ।
ਪੰਜਾਬ ’ਚ ਪਾਰਾ 0 ਤੱਕ ਡਿੱਗਿਆ !
Total Views: 184 ,
Real Estate



















