ਮਾਲਦੀਵ ਸਰਕਾਰ ਵਿੱਚ ਮੰਤਰੀ ਮਰੀਅਮ ਸ਼ਿਊਨਾ ਤੇ ਕੁਝ ਹੋਰਨਾਂ ਵੱਲੋਂ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਦੀ ਹਾਲੀਆ ਲਕਸ਼ਦੀਪ ਫੇਰੀ ਦੇ ਹਵਾਲੇ ਨਾਲ ਐਕਸ ’ਤੇ ਇਕ ਪੋਸਟ ਵਿੱਚ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਨੂੰ ਲੈ ਕੇ ਛਿੜੇ ਵਿਵਾਦ ਮਗਰੋਂ ਮੁਇਜ਼ੂ ਸਰਕਾਰ ਨੇ ਆਪਣੇ ਤਿੰਨ ਮੰਤਰੀ ਮੁਅੱਤਲ ਕਰ ਦਿੱਤੇ ਹਨ। ਮਾਲਦੀਵ ਸਰਕਾਰ ਨੇ ਹਾਲਾਂਕਿ ਪਹਿਲਾਂ ਇਨ੍ਹਾਂ ਟਿੱਪਣੀਆਂ ਨੂੰ ‘ਨਿੱਜੀ’ ਵਿਚਾਰ ਦੱਸ ਕੇ ਇਹ ਕਹਿੰਦਿਆਂ ਦੂਰੀ ਬਣਾ ਲਈ ਸੀ ਕਿ ਇਹ ਸਰਕਾਰ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ਮਾਲੇ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਜਤਾਏ ਇਤਰਾਜ਼ ਮਗਰੋਂ ਮਾਲਦੀਵ ਸਰਕਾਰ ਨੇ ਜਿਨ੍ਹਾਂ ਤਿੰਨ ਮੰਤਰੀਆਂ ਨੂੰ ਮੁਅੱਤਲ ਕੀਤਾ ਹੈ, ਉਨ੍ਹਾਂ ਵਿੱਚ ਮਰੀਅਮ ਸ਼ਿਊਨਾ, ਮਲਸ਼ਾ ਸ਼ਰੀਫ਼ ਤੇ ਅਬਦੁੱਲਾ ਮਾਹਜ਼ੂਮ ਮਾਜਿਦ ਸ਼ਾਮਲ ਹਨ। ਮਾਲਦੀਵ ਸਰਕਾਰ ਵਿੱਚ ਯੁਵਾ ਸਸ਼ਕਤੀਕਰਨ ਵਿਭਾਗ ਦੀ ਉਪ ਮੰਤਰੀ ਸ਼ਿਊਨਾ ਨੇ ਐਕਸ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਲਕਸ਼ਦੀਪ ਫੇਰੀ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ‘ਕਲਾਊਨ ਐਂਡ ਪੱਪੈਟ ਆਫ਼ ਇਜ਼ਰਾਈਲ’ (ਜੋਕਰ ਤੇ ਇਜ਼ਰਾਈਲ ਦੀ ਕਠਪੁਤਲੀ) ਦੱਸਿਆ ਸੀ। ਮਾਲਦੀਵ ਸਰਕਾਰ ’ਚ ਮੰਤਰੀ ਸ਼ਿਊਨਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਲਕਸ਼ਦੀਪ ਫੇਰੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਨਵੀਂ ਦਿੱਲੀ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ (ਲਕਸ਼ਦੀਪ) ਨੂੰ ਮਾਲਦੀਵਜ਼ ਦੇ ਬਦਲਵੇਂ ਸੈਰ-ਸਪਾਟਾ ਕੇਂਦਰ ਵਜੋਂ ਪੇਸ਼ ਕੀਤੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ।Total Views: 218 ,
Real Estate



















