
ਮੁਕਤਸਰ ਸਾਹਿਬ 14 ਦਸੰਬਰ ( ਕੁਲਦੀਪ ਸਿੰਘ ਘੁਮਾਣ ) ਜੇਕਰ ਕੋਈ ਵੀ ਮਾਂ-ਬਾਪ 0 ਤੋਂ ਲੈ ਕੇ 18 ਸਾਲ ਤੱਕ ਲੜਕਾ ਜਾਂ ਲੜਕੀ ਨੂੰ ਗਰੀਬੀ ਕਾਰਨ ਜਾਂ ਕਿਸੇ ਮਜਬੂਰੀ ਕਾਰਨ ਪਾਲਣ ਵਿੱਚ ਅਸਮੱਰਥ ਹੈ ਤਾਂ ਉਹ ਬੱਚੇ ਨੂੰ ਕਿਸੇ ਅਸਰੁੱਖਿਅਤ ਸਥਾਨ ਤੇ ਸੁੱਟਣ ਜਾਂ ਮਾਰਨ ਦੀ ਬਜਾਏ ਸਾਡੀ ਸੰਸਥਾ ਮਾਨਵਤਾ ਫਾਊਡੇਸ਼ਨ ਨੂੰ ਦੇ ਸਕਦੇ ਹਨ। ਸਾਡੀ ਸੰਸਥਾ ਕਾਨੂਨੀ ਪ੍ਰਕਿਰਿਆ ਰਾਹੀਂ ਉਸ ਬੱਚੇ ਦਾ ਭਵਿੱਖ ਸਰੁੱਖਿਅਤ ਬਣਾਉਣ ਲਈ ਵਚਨਬੱਧ ਹੈ। ਇਹ ਜਾਣਕਾਰੀ ਮਾਨਵਤਾ ਫਾਊਡੇਸ਼ਨ ਦੇ ਚੇਅਰਮੈਨ ਅਤੇ ਸਟੇਟ ਅਵਾਰਡੀ ਡਾ. ਨਰੇਸ਼ ਪਰੂਥੀ ਨੇ ਦੱਸਿਆ ਕਿ 2015 ਤੋਂ ਇਸ ਸੰਸਥਾ ਨੇ ਸਥਾਨਕ ਉਦੇਕਰਨ ਰੋਡ,ਮਾਡਲ ਟਾਊਨ ਸ਼੍ਰੀ ਮੁਕਤਸਰ ਸਾਹਿਬ, ਸਿਵਲ ਹਸਪਤਾਲ ਮਲੋਟ, ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮਾਨਵਤਾ ਪੰਘੂੜਾ ਸੇਵਾ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਕੋਈ ਵੀ ਅਣਚਾਹੇ ਬੱਚੇ ਨੂੰ ਪਾਇਆ ਜਾ ਸਕਦਾ ਹੈ। ਇਸ ਪੰਘੂੜੇ ਵਿੱਚ ਬੱਚੇ ਛੱਡਣ ਵਾਲਿਆ ਦੀ ਜਾਣਕਾਰੀ ਜਨਤਕ ਨਹੀਂ ਹੁੰਦੀ ਅਤੇ ਨਾ ਹੀ ਬੱਚਾ ਛੱਡਣ ਵਾਲਿਆ ਤੋਂ ਕੋਈ ਸਵਾਲ ਪੱਛਿਆ ਜਾਂਦਾ ਹੈ। ਪੰਘੂੜੇ ਵਿੱਚ ਬੱਚੇ ਨੂੰ ਪਾਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਸੀਸੀਟੀਵੀ ਕਰਵੇਜ ਨਹੀਂ ਹੁੰਦੀ ਅਤੇ ਨਾ ਹੀ ਕੀਤੀ ਜਾਂਦੀ ਹੈ। ਬਸ ਤੁਸੀਂ ਆਪਣੇ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਪੰਘੂੜੇ ਕੋਲ ਲੱਗੀ ਘੰਟੀ ਮਾਰ ਕੇ ਆਉਣੀ ਹੈ। ਉਸ ਉਪਰੰਤ ਬੱਚੇ ਨੂੰ ਸਾਂਭਣਾ, ਪਾਲਣਾ ਅਤੇ ਕੇਂਦਰ ਸਰਕਾਰ ਦੀ CARA ਏਜੰਸੀ ਰਾਹੀਂ ਲੋੜ੍ਹਵੰਦ ਪਰਿਵਾਰਾਂ ਨੂੰ ਗੋਦ ਦੇਣਾ ਸਾਡੀ ਸੰਸਥਾ ਦੀ ਜਿੰਮੇਵਾਰੀ ਹੈ। ਹੁਣ ਤੱਕ ਲਗਭਗ 20 ਲੜਕੇ ਅਤੇ ਲੜਕੀਆਂ ਗੋਦ ਦਿੱਤੇ ਜਾ ਚੁੱਕੇ ਹਨ । ਲੜਕੇ ਅਤੇ ਲੜਕੀਆਂ ਨੂੰ ਗੋਦ ਦੇ ਕੇ ਉਹਨਾਂ ਦਾ ਭਵਿੱਖ ਸੁਨਹੁਰੀ ਬਣਾਇਆ ਜਾ ਚੁੱਕਿਆ ਹੈ।
ਅਸੀਂ ਹੁਣ ਵੀ ਸੁਣਦੇ ਜਾਂ ਪੜ੍ਹਦੇ ਹਾਂ ਕਿ ਲੋਕ ਆਪਣੀ ਪਰਿਵਾਰਿਕ ਕਲੇਸ਼ ਕਾਰਨ ਖੁਦ ਮਰਦੇ ਹਨ ਅਤੇ ਨਾਲ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਮਾਰ ਦਿੰਦੇ ਹਨ ਜੋ ਕਿ ਬਹੁਤ ਵੱਡਾ ਪਾਪ ਹੈ। ਇਸ ਤੋਂ ਇਲਾਵਾ ਨਵ-ਜੰਮੇ ਬੱਚਿਆਂ ਨੂੰ ਅਸਰੁੱਖਿਅਤ ਥਾਵਾਂ ਤੇ ਸੁੱਟਿਆ ਜਾਂਦਾ ਹੈ , ਜਿੱਥੇ ਉਹਨਾਂ ਨੂੰ ਅਵਾਰਾ ਜਾਨਵਰ ਨੋਚ-ਨੋਚ ਕੇ ਖਾ ਜਾਂਦੇ ਹਨ। ਇਸ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਹੋ ਸਕਦਾ। ਇਸ ਲਈ ਸਾਡੀ ਸੰਸਥਾ ਬੇਨਤੀ ਕਰਦੀ ਹੈ ਕਿ ਬੱਚਿਆਂ ਨੂੰ ਮਾਰਨ ਦੀ ਬਜਾਏ ਸਾਨੂੰ ਦਿਉ ਤਾਂ ਕਿ ਬੇ-ਔਲਾਦ ਹਜਾਰਾਂ ਮਾਪੇ ਜੋ ਔਲਾਦ ਲਈ ਤਰਸ ਰਹੇ ਹਨ ਉਹਨਾਂ ਦੀ ਗੋਦ ਭਰੀ ਜਾ ਸਕੇ। ਇਸ ਤੋ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ 98153-78888 ਨੰਬਰ ਤੇ ਸੰਪਰਕ ਕਰ ਸਕਦੇ ਹੋ।



















