Punjab Police ਨੇ 25 ਸਾਲ ਮਗਰੋਂ ਝੂਠੇ ਮੁਕਾਬਲੇ ਦਾ ਸੱਚ ਕਬੂਲਿਆ

ਪੰਜਾਬ ਪੁਲੀਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ 25 ਸਾਲ ਪਹਿਲਾਂ ਜਿਸ ਪੁਲੀਸ ਮੁਕਾਬਲੇ ਵਿੱਚ ਅਤਿਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਦੱਸ ਕੇ ਸੁਖਪਾਲ ਸਿੰਘ ਨਾਂ ਦੇ ਵਿਅਕਤੀ ਨੂੰ ਮਾਰਿਆ ਗਿਆ ਸੀ, ਉਹ ਮੁਕਾਬਲਾ ਫਰਜ਼ੀ ਸੀ ਅਤੇ ਇਸ ਮਾਮਲੇ ’ਚ ਝੂਠੇ ਤੱਥਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਗਈ ਸੀ।ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪਹਿਲਾਂ ਹਾਈ ਕੋਰਟ ਨੂੰ ਦੱਸਿਆ ਸੀ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਖਪਾਲ ਸਿੰਘ ਜੁਲਾਈ-ਅਗਸਤ 1994 ਤੋਂ ਲਾਪਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਥਾਣੇ ਅਧੀਨ ਪੈਂਦੇ ਖੇਤਰ ’ਚ ਪੁਲੀਸ ਮੁਕਾਬਲੇ ਦੌਰਾਨ ਇੱਕ ਅਣਪਛਾਤਾ ਵਿਅਕਤੀ ਮਾਰਿਆ ਗਿਆ ਸੀ ਅਤੇ ਇਸ ਸਬੰਧੀ ਜੁਲਾਈ 1994 ਨੂੰ ਧਾਰਾ 307 ਤੇ 34 ਅਤੇ ਆਰਮਜ਼ ਐਕਟ ਤੇ ਟਾਡਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪੁਲੀਸ ਮੁਕਾਬਲੇ ’ਚ ਜੋ ਵਿਅਕਤੀ ਮਾਰਿਆ ਗਿਆ ਉਹ ਅਤਿਵਾਦੀ ਗੁਰਨਾਮ ਸਿੰਘ ਬੰਡਾਲਾ ਸੀ। ਹਾਲਾਂਕਿ ਬਾਅਦ ਵਿੱਚ ਪਤਾ ਲੱਗਿਆ ਕਿ ਬੰਡਾਲਾ ਜ਼ਿੰਦਾ ਸੀ ਅਤੇ ਉਸ ਨੂੰ 9 ਅਕਤੂਬਰ 1998 ਨੂੰ ਬਟਾਲਾ ਪੁਲੀਸ ਨੇ ਇੱਕ ਵੱਖਰੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਤਾਜ਼ਾ ਹਲਫਨਾਮੇ ’ਚ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਤੇ ਵਿਸ਼ੇਸ਼ ਜਾਂਚ ਟੀਮ ਦੇ ਚੇਅਰਪਰਸਨ ਗੁਰਪ੍ਰੀਤ ਦਿਓ ਨੇ ਦੱਸਿਆ, ‘ਰੋਪੜ ਜ਼ਿਲ੍ਹੇ ਤੇ ਮੋਰਿੰਡਾ ਥਾਣੇ ਵਿੱਚ 29 ਜੁਲਾਈ 1994 ਨੂੰ ਦਰਜ ਕੀਤੇ ਗਏ ਕੇਸ ਦੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਕੇਸ ਵਿੱਚ ਦਰਸਾਇਆ ਗਿਆ ਪੁਲੀਸ ਮੁਕਾਬਲਾ ਪੂਰੀ ਤਰ੍ਹਾਂ ਫਰਜ਼ੀ ਸੀ ਅਤੇ ਐੱਫਆਈਆਰ ਵੀ ਝੂਠੇ ਤੱਥਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ।’ ਉਨ੍ਹਾਂ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਸਿੱਟ ਨੇ ਰੋਪੜ ਦੇ ਜ਼ਿਲ੍ਹਾ ਅਟਾਰਨੀ (ਲੀਗਲ) ਤੋਂ ਸਲਾਹ ਲੈ ਕੇ 21 ਅਕਤੂਬਰ 2023 ਨੂੰ ਤਤਕਾਲੀ ਐੱਸਪੀ (ਡੀ) ਪਰਮਰਾਜ ਸਿੰਘ, ਡੀਐੱਸਪੀ ਜਸਪਾਲ ਸਿੰਘ ਤੇ ਏਐੱਸਆਈ ਗੁਰਦੇਵ ਸਿੰਘ ਖ਼ਿਲਾਫ਼ ਰੋਪੜ ਜ਼ਿਲ੍ਹੇ ਦੇ ਸਿੰਘ ਭਗਵੰਤਪੁਰਾ ਥਾਣੇ ’ਚ ਨਵਾਂ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਐੱਸਪੀ (ਹੈੱਡਕੁਆਰਟਰ) ਰੋਪੜ ਕਰ ਰਹੇ ਹਨ।ਇਸ ਮਾਮਲੇ ’ਚ 2013 ਵਿੱਚ ਪੀੜਤ ਦੀ ਪਤਨੀ ਦਲਬੀਰ ਕੌਰ ਤੇ ਪਿਤਾ ਜਗੀਰ ਸਿੰਘ ਵਾਸੀ ਪਿੰਡ ਕਾਲਾ ਅਫਗਾਨਾ ਨੇ ਵਕੀਲ ਆਰ ਕਾਰਤਿਕੇਯ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਵਿਨੋਦ ਐੱਸ ਭਾਰਦਵਾਜ ਨੇ ਘਟਨਾਕ੍ਰਮ ’ਤੇ ਗੌਰ ਕਰਨ ਮਗਰੋਂ ਮਾਮਲੇ ਦਾ ਨਿਬੇੜਾ ਕਰ ਦਿੱਤਾ ਹੈ।

Total Views: 331 ,
Real Estate