ਡਾ: ਜਸਪਾਲਜੀਤ ਤੇ ਆਗਾਜਵੀਰ ਸਨਮਾਨਿਤ, ਤ੍ਰੈਮਾਸਿਕ ‘ਪਰਵਾਜ’ ਰਿਲੀਜ਼
ਬਠਿੰਡਾ, 10 ਅਕਤੂਬਰ, ਬਲਵਿੰਦਰ ਸਿੰਘ ਭੁੱਲਰ
ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮੰਚ ਦੇ ਸਰਪ੍ਰਸਤ ਸਤਨਾਮ ਸਿੰਘ ਸੋਕਰ, ਪ੍ਰਧਾਨ ਅਤਰਜੀਤ, ਪ੍ਰਸਿੱਧ ਸ਼ਾਇਰ ਵਿਜੇ ਵਿਵੇਕ, ਕੇਂਦਰੀ ਸਭਾ ਰਜਿ: ਦੇ ਸਕੱਤਰ ਰਾਜਿੰਦਰ ਰਾਜਨ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿਦਰਪ੍ਰੀਤ ਘਣੀਆ, ਕੇਂਦਰੀ ਪੰਜਾਬੀ ਸਾਹਿਤ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ, ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜਖਮੀ ਸ਼ਾਮਲ ਸਨ। ਇਹ ਸਮਾਗਮ ਪ੍ਰੋ: ਗੁਰਦਿਆਲ ਸਿੰਘ ਦੇ ਨਾਵਲ ਪਰਸਾ ਦੇ ਨਾਇਕ ਸਿਰੀ ਰਾਮ ਸਰਮਾ ਦੀ ਯਾਦ ਵਿੱਚ ਉਹਨਾਂ ਦੇ ਪੋਤਰੇ ਸੇਵਾਮੁਕਤ ਪ੍ਰਿੰ: ਸੁਰਜੀਤ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਬਠਿੰਡਾ ਸ਼ਹਿਰ ਦੇ ਦੋ ਲੇਖਕਾਂ ਡਾ: ਜਸਪਾਲਜੀਤ ਸਿੰਘ ਤੇ ਅਗਾਜਬੀਰ ਨੂੰ ਸਨਮਾਨਿਤ ਕੀਤਾ ਗਿਆ। ਦੋਵਾਂ ਸਨਮਾਨਿਤ ਸਖ਼ਸੀਅਤਾਂ ਨੇ ਇਸ ਸਨਮਾਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਮੰਚ ਦਾ ਤ੍ਰੈਮਾਸਿਕ ਮੈਗਜੀਨ ਪਰਵਾਜ ਲੋਕ ਅਰਪਣ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਤਰਜੀਤ ਨੇ ਮੰਚ ਦੀਆਂ ਪ੍ਰਾਪਤੀਆਂ ਦੇ ਵੇਰਵਾ ਸਾਂਝਾ ਕੀਤਾ ਅਤੇ ਸਨਮਾਨ ਸਮਾਹੋਰਾਂ ਦੀ ਲੜੀ ਜਾਰੀ ਰੱਖਣ ਦੀ ਲੋੜ ਤੇ ਜੋਰ ਦਿੱਤਾ।
ਜਸਪਾਲ ਮਾਨਖੇੜਾ ਨੇ ਸੰਬੋਧਨ ਕਰਦਿਆਂ ਸੱਚ ਦੀ ਆਵਾਜ਼ ਬੰਦ ਕਰਨ ਲਈ ਸਾਹਿਤਕਾਰਾਂ ਪੱਤਰਕਾਰਾਂ ਨੂੰ ਪਰੇਸਾਨ ਕਰਨ ਦੀ ਨਿੰਦਾ ਕਰਦਿਆਂ ਧੱਕੇਸ਼ਾਹੀ ਵਿਰੁੱਧ ਇਕੱਠੇ ਹੋਣ ਦੀ ਅਪੀਲ ਕੀਤੀ।
ਇਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਸਰਵ ਸ੍ਰੀ ਵਿਜੇ ਵਿਵੇਕ, ਪਵਨ ਹਰਚੰਦਪੁਰੀ, ਸੁਰਿੰਦਰਪ੍ਰੀਤ ਘਣੀਆ, ਕਰਮ ਸਿੰਘ ਜਖ਼ਮੀ, ਕਮਲ ਬਠਿੰਡਾ, ਬਲਵਿੰਦਰ ਸਿੰਘ ਭੁੱਲਰ, ਪੁਸ਼ਵਿੰਦਰ ਵਿਰਕ, ਗੁਰਮੀਤ ਕੋਟਗੁਰੂ, ਅਮਨਦੀਪ ਕੌਰ ਮਾਨ, ਕਮਲਜੀਤ ਕੁਟੀ, ਰਣਬੀਰ ਰਾਣਾ, ਰਮੇਸ ਕੁਮਾਰ ਗਰਗ, ਪੋਰਿੰਦਰ ਸਿੰਗਲਾ, ਅਮਨ ਦਾਤੇਵਾਸੀਆ, ਹਰਦਰਸ਼ਨ ਸੋਹਲ, ਜਸਕਰਨ ਕੋਟਗੁਰੂ, ਅਮਰ ਸਿੰਘ ਸਿੱਧੂ, ਦਿਲਬਾਗ ਗਸੰਘ, ਅਮਰਜੀਤ ਹਰੜ, ਅੰਮ੍ਰਿਤ ਬੰਗੇ, ਗੁਰਬਿੰਦਰ ਬਖ਼ਸੀ, ਨਿਰਮਲ ਸਿਵੀਆ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਪ੍ਰਿੰ: ਸਤਨਾਮ ਸਿੰਘ ਸ਼ੋਕਰ ਨੇ ਸਭਨਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਣ ਜਸਕਰਨ ਜੱਸ ਨੇ ਬਾਖੂਬੀ ਨਿਭਾਇਆ।



















