‘ਇੰਡੀਆ ਗਠਜੋੜ’ ਭੁਪਾਲ ਤੋਂ ਕਰੇਗਾ ਰੈਲੀਆਂ ਦਾ ਆਗਾਜ਼

‘ਇੰਡੀਆ’ ਗੱਠਜੋੜ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਤੋਂ ਸਾਂਝੀਆਂ ਰੈਲੀਆਂ ਸ਼ੁਰੂ ਕਰਨ ਦਾ ਫ਼ੈਸਲਾ ਲੈਂਦਿਆਂ ਕਿਹਾ ਹੈ ਕਿ ਸੀਟਾਂ ਦੀ ਵੰਡ ਬਾਰੇ ਗੱਲਬਾਤ ਛੇਤੀ ਸ਼ੁਰੂ ਕੀਤੀ ਜਾਵੇਗੀ। ‘ਇੰਡੀਆ’ ਦੀ ਤਾਲਮੇਲ ਕਮੇਟੀ ਦੀ ਇਥੇ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਹੋਈ ਪਲੇਠੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਕਮੇਟੀ ਦੇ 14 ’ਚੋਂ 12 ਮੈਂਬਰ ਹਾਜ਼ਰ ਸਨ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਗੱਠਜੋੜ ’ਚ ਸ਼ਾਮਲ ਡੀਐੱਮਕੇ ਪਾਰਟੀ ਦੇ ਆਗੂ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ਬਾਰੇ ਦਿੱਤੇ ਬਿਆਨ ’ਤੇ ਰੌਲਾ ਪਿਆ ਹੋਇਆ ਹੈ। ਕਮੇਟੀ ਦੇ ਮੈਂਬਰ ਅਤੇ ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਨੂੰ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਤਲਬ ਕੀਤੇ ਜਾਣ ਕਾਰਨ ਉਹ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਦੀ ਬਦਲਾਖੋਰੀ ਵਾਲੀ ਸਿਆਸਤ ਦੇ ਨਤੀਜੇ ਵਜੋਂ ਈਡੀ ਦੇ ਸੰਮਨ ਭਿਜਵਾਏ ਗਏ ਹਨ। ਸਾਂਝਾ ਬਿਆਨ ਪੜ੍ਹਦਿਆਂ ਵੇਣੂਗੋਪਾਲ ਨੇ ਕਿਹਾ,‘‘ਤਾਲਮੇਲ ਕਮੇਟੀ ਨੇ ਸੀਟਾਂ ਦੀ ਵੰਡ ਦਾ ਅਮਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਗੱਠਜੋੜ ’ਚ ਸ਼ਾਮਲ ਪਾਰਟੀਆਂ ਦੇ ਮੈਂਬਰ ਆਪਸ ’ਚ ਗੱਲਬਾਤ ਕਰਨਗੇ ਅਤੇ ਸੀਟਾਂ ਦੀ ਵੰਡ ਛੇਤੀ ਕਰ ਲਈ ਜਾਵੇਗੀ।’’ ਉਨ੍ਹਾਂ ਕਿਹਾ ਕਿ ਕਮੇਟੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਸਾਂਝੀਆਂ ਰੈਲੀਆਂ ਕਰਨ ਦਾ ਫ਼ੈਸਲਾ ਲਿਆ ਹੈ। ਕਾਂਗਰਸ ਆਗੂ ਨੇ ਕਿਹਾ,‘‘ਪਹਿਲੀ ਰੈਲੀ ਅਕਤੂਬਰ ਦੇ ਪਹਿਲੇ ਹਫ਼ਤੇ ਭੋਪਾਲ ’ਚ ਹੋਵੇਗੀ ਜੋ ਮਹਿੰਗਾਈ, ਬੇਰੁਜ਼ਗਾਰੀ ਅਤੇ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇਂਦਰਿਤ ਹੋਵੇਗੀ।’’ ਇਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ‘ਇੰਡੀਆ’ ਗੱਠਜੋੜ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ ਅਤੇ ਉਹ ਦੇਸ਼ ਦਾ ਨਾਮ ਬਦਲਣ ਲਈ ਵੀ ਤਿਆਰ ਹਨ। ‘ਉਹ ਨਾ ਤਾਂ ਭਾਰਤ ਅਤੇ ਨਾ ਹੀ ਇੰਡੀਆ ਨੂੰ ਪਿਆਰ ਕਰਦੇ ਹਨ। ਉਹ ਸਿਰਫ਼ ਸੱਤਾ ਨੂੰ ਪਿਆਰ ਕਰਦੇ ਹਨ।’ ਨੈਸ਼ਨਲ ਕਾਨਫਰੰਸ ਮੁਖੀ ਉਮਰ ਅਬਦੁੱਲਾ ਨੇ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਚਰਚਾ ਛੇਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ’ਤੇ ਇਕਸਾਰ ਫਾਰਮੂਲਾ ਲਾਗੂ ਹੋਣਾ ਮੁਸ਼ਕਲ ਹੈ। ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖ਼ਾਨ ਨੇ ਕਿਹਾ ਕਿ ਮੈਂਬਰਾਂ ’ਚ ਕੋਈ ਮੱਤਭੇਦ ਨਹੀਂ ਹਨ ਅਤੇ ਸੀਟਾਂ ਦੀ ਵੰਡ ਦਾ ਫ਼ੈਸਲਾ ਛੇਤੀ ਲੈ ਲਿਆ ਜਾਵੇਗਾ। ਵਿਧਾਨ ਸਭਾ ਚੋਣਾਂ ’ਚ ਵੀ ਸੀਟਾਂ ਦੀ ਵੰਡ ਹੋਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਕ ਦੇਸ਼-ਇਕ ਚੋਣ ਦਾ ਫ਼ੈਸਲਾ ਕਰ ਸਕਦੀ ਹੈ ਤਾਂ ਫਿਰ ਸੀਟਾਂ ਦੀ ਵੀ ਵੰਡ ਹੋਵੇਗੀ ਪਰ ਮੌਜੂਦਾ ਸਮੇਂ ’ਚ ਇਸ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ‘ਇੰਡੀਆ’ ਗੱਠਜੋੜ ਦੀ ਮੁੰਬਈ ’ਚ ਹੋਈ ਤੀਜੀ ਮੀਟਿੰਗ ਦੌਰਾਨ ਜਾਰੀ ਕੀਤੇ ਗਏ ਮਤੇ ’ਚ ਕਿਹਾ ਗਿਆ ਸੀ ਕਿ ਪਾਰਟੀਆਂ ਜਿਥੋਂ ਤੱਕ ਸੰਭਵ ਹੋਵੇ, ਰਲ ਕੇ ਚੋਣਾਂ ਲੜਨਗੀਆ ਅਤੇ ਵੱਖ ਵੱਖ ਸੂਬਿਆਂ ’ਚ ਸੀਟਾਂ ਦੀ ਵੰਡ ਛੇਤੀ ਸ਼ੁਰੂ ਕੀਤੀ ਜਾਵੇਗੀ। ਵਿਰੋਧੀ ਆਗੂਆਂ ਮੁਤਾਬਕ ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਬਿਹਾਰ ਵਰਗੇ ਸੂਬਿਆਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਇੰਨਾ ਰੌਲਾ ਨਹੀਂ ਹੈ ਪਰ ਦਿੱਲੀ, ਪੰਜਾਬ ਅਤੇ ਪੱਛਮੀ ਬੰਗਾਲ ’ਚ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Total Views: 227 ,
Real Estate