ਰਾਜਸੀ ਡਾਇਨਾਸੋਰਾਂ ਨੇ ਖੂਬਸੂਰਤ ਬਹੁ-ਸੱਭਿਆਚਾਰਕ ਮਨੀਪੁਰ ਉਜਾੜਿਆ

ਰਾਜਸੀ ਡਾਇਨਾਸੋਰਾਂ ਨੇ ਖੂਬਸੂਰਤ ਬਹੁ-ਸੱਭਿਆਚਾਰਕ ਮਨੀਪੁਰ ਉਜਾੜਿਆ: ਇਤਿਹਾਸਿਕ ਪਿਛੋਕੜ ਚ ਜਾਈਏ ਤਾਂ ਮਨੀਪੁਰ ਵਿੱਚ ਮੁੱਖ ਤੌਰ ਤੇ ਦੋ ਭਾਈਚਾਰੇ ਇਕ ਹਜਾਰ ਸਾਲ ਤੋੰ ਵੀ ਪਹਿਲਾਂ ਚੀਨੀ ਖੇਤਰਾਂ ਵਿੱਚੋਂ ਇੱਥੇ ਆ ਕੇ ਵਸੇ : ਮੈਤਈ ਤੇ ਕੁੱਕੀ । ਦੋਵਾਂ ਕਬੀਲਿਆਂ ਦੇ ਲੋਕਾਂ ਦੇ ਚਿਹਰੇ- ਮੁਹਰੇ ਤਿੱਬਤੀ ਚੀਨੀ ਲੋਕਾਂ ਨਾਲ ਮਿਲਦੇ ਵੀ ਹਨ। ਦੋਨਾਂ ਕਬੀਲਿਆਂ ਵਿੱਚ ਚੀਨ ਵਾਂਗ ਡ੍ਰੈਗਨ ਚਿੰਨ੍ਹ ਨੂੰ ਅੱਜ ਤੱਕ ਪੂਰੀ ਮਾਨਤਾ ਮਿਲੀ ਹੋਈ ਹੈ । ਕੁੱਕੀ ਲੋਕਾਂ ਦੀ ਭਾਸ਼ਾ ਸਿਨੋ- ਤਿਬਤਨ (Sino-Tibetan) ਹੈ ਅਤੈ ਮੈਤਈ ਲੋਕਾਂ ਦੀ ਭਾਸ਼ਾ ਤਿੱਬਤ-ਬਰਹਮੀ(Tibeto- Burman) ਹੈ। ਤਿੱਬਤੋ- ਬਰਮਨ ਵੀ ਸਿਨੋ-ਤਿੱਬਤਨ ਵਿੱਚੋਂ ਨਿਕਲੀ ਹੈ। ਇਸ ਤੋਂ ਸਾਫ ਹੈ ਕਿ ਭਾਸ਼ਾ ਦਾ ਵੀ ਬਹੁਤਾ ਵਖਰੇਵਾਂ ਨਹੀਂ । ਜਿੱਥੇ ਤੱਕ ਇਹਨਾਂ ਦੀ ਵਸੋਂ ਦਾ ਸਵਾਲ ਹੈ ; ਕੁੱਕੀ ਕਬੀਲੇ ਲੁਸ਼ਾਈ ਪਹਾੜੀਆਂ ਤੇ ਵਸ ਗਏ ਤੇ ਮੈਤਈ ਹੇਠਲੇ ਇਲਾਕਿਆਂ ਵਿੱਚ। ਲੁਸ਼ਾਈ ਖੇਤਰ ਦੀਆਂ ਪਹਾੜੀਆਂ ਮਿਆਂਮਾਰ ਨੇ ਨੇੜ ਹੋਣ ਕਾਰਨ ਇਹਨਾ ਦੀਆਂ ਮਿਆਂਮਾਰ (ਪੁਰਾਤਨ ਬਰਮਾ) ਨਾਲ ਸਮੇਂ-ਸਮੇਂ ਤੇ ਕਈ ਸਰਹਦੀ ਲੜਾਈਆਂ ਹੋਈਆਂ । ਅੰਗਰੇਜਾਂ ਨਾਲ ਵੀ ਕੁੱਕੀਆਂ ਦੀਆਂ ਕਾਫੀ ਲੜਾਈ ਰਹੀ ਪਰ ਅੰਗਰੇਜਾਂ ਵੱਲੋਂ ਕੁੱਕੀ ਲੋਕਾਂ ਦੀ ਬਰਮਾ (ਮਿਆਂਮਾਰ ) ਵਿਰੁੱਧ ਮੱਦਦ ਕਰਨ ਕਾਰਨ ਅੰਗਰੇਜਾਂ ਨਾਲ ਲੜਾਈ ਨਾ ਕਰਨ ਦਾ ਸਮਝੌਤਾ ਹੋ ਗਿਆ ਤੇ ਲਾਗੂ ਵੀ ਰਿਹਾ। ਭਾਰਤ ਦੀ ਅਜਾਦੀ ਤੋਂ ਪਹਿਲਾਂ ਤੱਕ ਮਨੀਪੁਰ ਭਾਰਤ ਦਾ ਹਿੱਸਾ ਨਹੀਂ ਸੀ। ਭਾਰਤ ਦੀ ਰਾਜਸੀ ਸੂਝ ਤੇ ਤਾਕਤ ਕਰਕੇ ਇਹ ਭਾਰਤ ਵਿੱਚ ਸਾਮਿਲ ਕੀਤਾ ਜਾ ਸਕਿਆ। ਭਾਰਤ ਦੇ ਲੋਕਤੰਤਰ ਵਿੱਚ ਮਨੀਪੁਰ ਦੇ ਰਾਜਸ਼ਾਹੀ ਪਰਿਵਾਰ ਨੂੰ ਆਪਣਾ ਰਾਜਭਾਗ ਖੁੱਸਣ ਦੇ ਡਰੋਂ ਉਸਨੇ ਭਾਰਤ ਵਿੱਚ ਮਨੀਪੁਰ ਨੂੰ ਸ਼ਾਮਲ ਕਰਨ ਤੇ ਇਤਰਾਜ ਨਾ ਕੀਤਾ, ਇਸ ਨਾਲ ਉਹ ਰਾਜਸੀ ਤਾਕਤ ਦੇ ਵੀ ਹਿੱਸੇਦਾਰ ਬਣੇ ਰਹੇ । ਮਨੀਪੁਰ ਲੋਕਾਂ ਦੀ ਬਹੁਗਿਣਤੀ ਲੋਕਤੰਤਰ ਵਿੱਚ ਸਰਕਾਰ ਚੁਣਨ ਦੇ ਅਧਿਕਾਰ ਮਿਲਣ ਕਾਰਨ ਭਾਰਤ ਨਾਲ ਰਹਿਣ ਚ ਕੋਈ ਇਤਰਾਜ ਨਹੀਂ ਕੀਤਾ। ਮੈਤਈ ਤੇ ਕੁੱਕੀ ਲੋਕਾਂ ਵਿੱਚ ਇਲਾਕਾਈ ਝਗੜਾ ਬੇਸ਼ੱਕ ਪਹਿਲਾਂ ਤੋਂ ਚਲਿਆ ਆ ਰਿਹਾ ਸੀ । ਮੈਤਈ ਬਹੁਗਿਣਤੀ ਵੀ ਸਨ। ਉਹਨਾਂ ਦੇ ਕਬੀਲੇ ਦਾ ਰਾਜਾ ਹੋਣ ਕਾਰਨ ਵੀ ਅਜਾਦੀ ਤੋੰ ਪਹਿਲਾਂ ਇਲਾਕਾਈ ਕਬਜੇ ਕਾਰਨ ਦੋਨਾ ਕਬੀਲਿਆਂ ਵਿੱਚ ਲੜਾਈ ਹੁੰਦੀ ਰਹੀ। ਅਜਾਦੀ ਤੋਂ ਬਾਦ ਇਹਨਾਂ ਦੀ ਆਪਸੀ ਲੜਾਈ ਸੀਮਤ ਹੋ ਗਈ ਕਿਉੰ ਕਿ ਚੁਣੀ ਗਈ ਸਰਕਾਰ ਨਿਰਪੱਖ ਰਹਿੰਦੀ ਸੀ । ਸਰਕਾਰ ਵੱਲੋਂ ਕਿਸੇ ਇੱਕ ਧਿਰ ਨਾਲ ਪਹਿਲਾਂ ਇਸ ਤਰਾਂ ਬੇਗਾਨਗੀ ਵਾਲਾ ਵਰਤਾਉ ਨਹੀਂ ਸੀ ਕੀਤਾ ਗਿਆ ਜਿਵੇਂ 2023 ਵਿੱਚ ਇਸ ਅਖਾਉਤੀ “ਸਭ ਕਾਰਨ ਸਾਥ- ਸਭ ਕਾਰਨ ਵਿਕਾਸ ” ਵਾਲਿਆਂ ਨੇ ਕੀਤੈ। ਪਿਛੋਕੜ ਦੇਖੀਏ ਤਾਂ ਜਿਆਦਾਤਰ ਮੈਤਈ ਲੋਕਾਂ ਨੇ ਹਿੰਦੂ ਧਰਮ ਅਪਣਾਇਆ 8% ਨੇ ਮੁਸਲਿਮ ਧਰਮ , ਕੁੱਕੀਆਂ ਨੇ ਕ੍ਰਿਸਚੀਅਨ ਧਰਮ, ਪਹਿਲਾਂ ਦੋਵੇਂ ਕਬੀਲੇ ਇੱਕੋ ਧਰਮ ਨੂੰ ਮੰਨਦੇ ਸਨ। ਮੈਤਈ ਤੇ ਕੁੱਕੀਆਂ ਤੋਲ ਇਲਾਵਾ ਭਾਰਤੀ ਤਾਮਿਲ ਲੋਕ ਵੀ ਮਨੀਪੁਰ ਆ ਵਸੇ ਜਿਹਨਾ ਨੂੰ ਮਿਆਂਮਾਰ ਨੇ 1963 ਵਿੱਚ ਆਪਣੇ ਦੇਸ਼ ਚੋਂ ਕੱਢ ਦਿੱਤਾ ਸੀ । ਇਹਨਾਂ ਲੋਕਾਂ ਨੇ ਵੀ ਮਨੀਪੁਰ ਵਿੱਚ ਆਰਥਿਕ ਤਰੱਕੀ ਵਿੱਚ ਮੱਦਦ ਕੀਤੀ। ਮੈਤਈ ਲੋਕਾਂ ਦੇ ਹਿੰਦੂ ਧਰਮ ਵਿੱਚ ਉਹਨਾਂ ਦੇ ਪੁਰਾਤਨ ਦੇਵਤੇ ਡ੍ਰੈਗਨ ਦੀ ਉਸੇ ਤਰਾਂ ਮਾਨਤਾ ਹੈ ਜਿਵੇਂ ਪਹਿਲਾਂ ਸੀ । ਕੁੱਕੀ ਲੋਕਾਂ ਵਿੱਚ ਵੀ ਚਰਚ ਤੋਂ ਬਿਨਾ ਡ੍ਰੈਗਨ ਦੀ ਮਾਨਤਾ ਹੈ। ਸਮਾਜਿਕ ਰੀਤੀ-ਰਿਵਾਜ ਵੇਲੇ ਕੁੱਕੀ ਤੇ ਮੈਤਈ ਦੋਵੇਂ ਡ੍ਰੈਗਨ ਨੂੰ ਮਾਨਤਾ ਦਿੰਦੇ ਹਨ। ਤਾਮਿਲ ਲੋਕ ਆਪਣੇ ਹਿੰਦੂ ਵਿਸ਼ਵਾਸ ਵਿੱਚ ਅੰਗਾਲਾ ਪ੍ਰਮੇਸ਼ਵਰੀ ਦੇਵੀ ਨੂੰ ਮੰਨਦੇ ਹਨ। ਮਨੀਪੁਰ ਵਿੱਚ ਮੈਤਈ ਕਬੀਲਿਆਂ ਦਾ ਕੰਗਲਾ ਫੋਰਟ ਅਤੇ ਪਾਖੰਬਾ ਮੰਦਰ , ਕੁੱਕੀ ਕਬੀਲਿਆਂ ਦੀ ਸੇਂਟ ਜੋਸਫ ਕੈਥੇਡਰਲ ਚਰਚ ਅਤੇ ਅੰਗਾਲਾ ਪ੍ਰਮੇਸ਼ਵਰੀ ਮੰਦਰ ਅਤੇ ਤਾਮਿਲ ਮੋਰੇਹ ਸੰਗਮ ਵੱਖ-ਵੱਖ ਸੱਭਿਆਚਾਰਾਂ ਦੀਆਂ ਸ਼ਾਨਦਾਰ ਨਿਸ਼ਾਨੀਆਂ ਹਨ। ਇਹਨਾਂ ਵਿੱਚੋਂ ਹੀ ਭਾਰਤ ਵਿੱਚ ਅਨੇਕਤਾ ਦੀ ਸ਼ਾਨਦਾਰ ਝਾਕੀ ਮਿਲਦੀ ਹੈ ਪਰ ਨਿਕੰਮੀ ਰਾਜਸੀ ਤੇ ਕੇਂਦਰ ਸਰਕਾਰ ਨੇ ਇਸਨੂੰ ਤਹਿਸ-ਨਹਿਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ । ਇਹ ਜੋ ਮਨੀਪੁਰ ਵਿੱਚ ਘਰ ਫੂਕੇ ਗਏ ਹਨ ਇਹ ਕਿਸ ਦੇ ਸਨ ਇਹ ਭਾਰਤੀ ਲੋਕਾਂ ਦੇ ਸਨ ਜੋ ਇੱਜਤਾਂ ਲੁੱਟੀ ਗਈ ਓਹ ਵੀ ਭਾਰਤ ਦੀ। ਇਹ ਰਾਜਸੀ ਡਾਇਨਾਸੋਰਾਂ ਨੂੰ ਸ਼ਾਇਦ ਇਹ ਸਮਝ ਆ ਜਾਵੇ ਤੇ ਅੱਗੇ ਤੋਂ ਅਜਿਹੇ ਘਿਨਾਉਣੇ ਰਾਜਸੀ ਤਜਰਬੇ ਨਾ ਕਰਨ।

Total Views: 371 ,
Real Estate