ਮਿਸੀਸਾਗਾ ਦੀ ਮਸਜਿਦ ‘ਚ ਕਤਲੇਆਮ ਦੇ ਇਰਾਦੇ ਨਾਲ ਦਾਖਲ ਹੋਏ ਮੁਹੰਮਦ ਮੋਇਜ਼ ਓਮਰ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਨੇ ਪਿਛਲੇ ਹਫਤੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਆਫ ਕੈਨੇਡਾ ਨੇ ਕਿਹਾ ਕਿ ਮੋਇਜ਼ ਦੀ ਸਜ਼ਾ ਇਸ ਕਿਸਮ ਦੇ ਅਪਰਾਧਾਂ ‘ਚ ਮਿਲਦੀ ਸਜ਼ਾ ਤੋਂ ਜ਼ਿਆਦਾ ਹੈ ਕਿਉਂਕਿ ਇੱਥੇ ਅੱਤਵਾਦ ਦੀ ਝਲਕ ਵੀ ਨਜ਼ਰ ਆਉਂਦੀ ਹੈ। ਫੈਡਰਲ ਪ੍ਰੋਸੀਕਿਊਟਰ ਸਾਰਾਹ ਸ਼ੇਖ ਨੇ ਕਿਹਾ ਕਿ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਹਮਲਾ ਕੀਤਾ ਗਿਆ ਅਤੇ ਉਸ ਵੇਲੇ ਮਸਜਿਦ ਵਿੱਚ ਕਈ ਨਮਾਜੀ ਮੌਜੂਦ ਸਨ। 19 ਮਾਰਚ 2022 ਦੀ ਸਵੇਰ ‘ਡਾਰ ਅਲ-ਤੋਹੀਦ ਇਸਲਾਮਿਕ ਸੈਂਟਰ’ ਵਿਚ ਦਾਖਲ ਹੋਏ ਮੁਹੰਮਦ ਮੋਇਜ਼ ਓਮਰ ਨੇ ਸਭ ਤੋਂ ਪਹਿਲਾਂ ਮਸਜਿਦ ਵਿਚ ਮੌਜੂਦ ਲੋਕਾਂ ‘ਤੇ ਬੀਅਰ ਸਪ੍ਰੇਅ ਛਿੜਕਿਆ ਅਤੇ ਫਿਰ ਕੁਹਾੜੀ ਲਹਿਰਾਉਣ ਲੱਗਾ। ਕੁਹਾੜੀ ਤੋਂ ਇਲਾਵਾ ਉਸ ਕੋਲ ਕਈ ਕਿਸਮ ਦੇ ਤੇਜਧਾਰ ਹਥਿਆਰ ਸਨ। ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਦੇ ਦਿੱਤਾ। ਅਦਾਲਤ ਵਿਚ ਦਰਜ ਬਿਆਨ ਮੁਤਾਬਕ ਮੁਹੰਮਦ ਮੋਇਜ਼ ਓਮਰ ਮਸਜਿਦ ਵਿਚ ਮੌਜੂਦ ਨਮਾਜੀਆਂ ਨੂੰ ਅਤਿਵਾਦੀ ਦੱਸ ਰਿਹਾ ਸੀ। ਓਮਰ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਮਾਰਚ 2019 ਵਿਚ ਨਿਊਜ਼ੀਲੈਂਡ ਦੇ ਮਸਜਿਦ ‘ਤੇ ਹੋਏ ਹਮਲੇ ਦੀ ਵੀਡੀਓ ਫੁਟੇਜ ਵੀ ਮਿਲੀ। ਨਿਊਜ਼ੀਲੈਂਡ ਵਿਚ ਬੰਦੂਕਤਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ 51 ਜਣਿਆਂ ਦੀ ਹੱਤਿਆ ਕਰ ਦਿੱਤੀ ਸੀ।
ਮਿਸੀਸਾਗਾ : ਮਸਜਿਦ ‘ਤੇ ਹਮਲਾ ਕਰਨ ਵਾਲੇ ਨੂੰ ਹੋਈ 6 ਸਾਲ ਦੀ ਕੈਦ
Total Views: 168 ,
Real Estate
















