
ਕਿਸੇ ਵੀ ਵਿਸ਼ੇ ਨੂੰ ਸੁਆਦਲਾ ਜਾਂ ਨੀਰਸ ਗਰਦਾਨਿਆ ਜਾਣਾ ਉਸ ਵਿਸ਼ੇ ਤੇ ਨਹੀਂ ਸਗੋਂ ਉਸ ਵਿਸ਼ੇ ਨੂੰ ਪੜ੍ਹਨ ਪੜ੍ਹਾਉਣ ਦੇ ਤਰੀਕਿਆਂ ‘ਤੇ ਨਿਰਧਾਰਤ ਹੁੰਦਾ ਹੈ । ਅਧਿਆਪਕ ਦੁਆਰਾ ਕਿਸੇ ਵਿਸ਼ੇ ਨੂੰ ਪੜ੍ਹਾਉਣ ਦਾ ਢੰਗ ਅਤੇ ਉਸੇ ਤਰੀਕੇ ਵਿਦਿਆਰਥੀਆਂ ਦੁਆਰਾ ਕਿਸੇ ਵਿਸ਼ੇ ਨੂੰ ਪੜ੍ਹਨ ਦਾ ਢੰਗ ਕਿਸੇ ਵੀ ਵਿਸ਼ੇ ਨੂੰ ਸੁਆਦਲਾ ਵੀ ਬਣਾ ਸਕਦਾ ਹੈ ਅਤੇ ਨੀਰਸ ਵੀ । ਜਿਆਦਾਤਰ ਵਿਦਿਆਰਥੀ ਗਣਿਤ ਨੂੰ ਸਭ ਤੋਂ ਘੱਟ ਪਸੰਦ ਵਾਲਾ ਵਿਸ਼ਾ ਮੰਨਦੇ ਹਨ । ਇਸ ਸਭ ਵਿੱਚ ਦੋਸ਼ ਗਣਿਤ ਦਾ ਨਹੀਂ । ਕਾਰਣ ਇਹ ਹੈ ਕਿ ਕਦੇ ਇਹ ਲੋਕ ਵਿਦਿਆਰਥੀ ਜੀਵਨ ਦੌਰਾਨ ਗਣਿਤ ਦੇ ਰੂਬਰੂ ਉਸ ਤਰ੍ਹਾਂ ਹੋਏ ਹੀ ਨਹੀਂ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ।
ਇੱਕ ਗੱਲ ਸਥਾਪਤ ਵੀ ਹੈ ਤੇ ਅਸਾਨੀ ਨਾਲ ਕਹੀ ਵੀ ਜਾ ਸਕਦੀ ਹੈ ਕਿ ਜੇ ਕਿਸੇ ਵਿਸ਼ੇ ਨੂੰ ਅਸਾਨ ਬਨਾਉਣਾ ਹੈ ਤਾਂ ਉਸ ਨੂੰ ਰੋਜ਼ਾਨਾ ਜੀਵਨ ਨਾਲ ਜੋੜ ਕੇ ਹੀ ਪੜ੍ਹਾਇਆ ਜਾਵੇ । ਇਹ ਕਥਨ ਉਸ ਵੇਲੇ ਸਿਰਫ ਕਹਿਣ ਕਹਾਉਣ ਤੀਕ ਸੀਮਤ ਰਹਿ ਜਾਂਦਾ ਹੈ ਅਤੇ ਜਦੋਂ ਅਸੀਂ ਅਧਿਆਪਕ ਬਣ ਕੇ ਜਮਾਤ ਵਿੱਚ ਗਣਿਤ ਪੜ੍ਹਾਉਣ ਵੇਲੇ ਇਸਦੇ ਪਰੰਪਰਾਗਤ ਤਰੀਕਿਆਂ ਦੇ ਘੋੜੇ ‘ਤੇ ਸਵਾਰ ਹੁੰਦੇ ਹਾਂ । ਕੁਝ ਵਿਦਿਆਰਥੀ ਜਿਹਨਾਂ ਕੋਲ ਗਣਿਤ ਵਿਸ਼ੇ ਦੀ ਬੌਧਿਕ ਕੌਸ਼ਲਤਾ ਬਚਪਨ ਤੋਂ ਹੀ ਹੁੰਦੀ ਹੈ ਉਹ ਪਰੰਪਰਾਗਤ ਤਰੀਕਿਆਂ ਨਾਲ ਵੀ ਗਣਿਤ ਸਮਝ ਲੈਂਦੇ ਹਨ ।ਪਰ ਇਹ ਬੌਧਿਕ ਕੌਸ਼ਲਤਾ ਹਰ ਵਿਦਿਆਰਥੀ ਕੋਲ ਨਹੀਂ ਹੁੰਦੀ । ਸਾਡਾ ਅਸਲ ਚੈਲੇਂਜ ਉਹਨਾਂ ਵਿਦਿਆਰਥੀ ਨੂੰ ਗਣਿਤ ਸਮਝਣ ਯੋਗ ਬਨਾੳਣਾ ਹੈ ਜਿਹਨਾਂ ਵਿੱਚ ਗਣਿਤਕ ਬੌਧਿਕ ਕੌਸ਼ਲਤਾ ਮੁਕਾਬਲਤਨ ਘੱਟ ਹੁੰਦੀ ਹੈ ।
ਪ੍ਰਾਇਮਰੀ ਪੱਧਰ ਤੇ ਵਿਦਿਆਰਥੀ ਨੂੰ ਜਦੋਂ ਅੰਕਾਂ ਅਤੇ ਸੰਖਿਆਂਵਾਂ ਦਾ ਗਿਆਨ ਦੇਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਵਿਦਿਆਰਥੀ ਦੁਆਰਾ ਉਸ ਦੇ ਸਹਿਜ ਰੂਪ ਵਿੱਚ ਸਮਾਜ ਵਿੱਚੋਂ ਲਏ ਸੰਖਿਆ ਗਿਆਨ ਨੂੰ ਵਰਤਨਾ ਜਰੂਰੀ ਹੁੰਦੀ ਹੈ । ਗਿਣਨ ਤੋਂ ਗਿਣਤੀ ਅਤੇ ਗਿਣਤੀ ਤੋਂ ਸੰਖਿਆ ਦੇ ਸੰਕਲਪ ਦਾ ਨਿਰਮਾਣ ਹੁੰਦਾ ਹੈ । ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਚੀਜਾਂ ਦੀ ਗਿਣਤੀ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੰਖਿਆ ਦੀ ਸਮਝ ਨਿਰਮਾਣ ਕਰਨ ਦਾ ਮੁੱਢਲਾ ਕਦਮ ਹੈ । ਇਹ ਵਸਤਾਂ ਗਿਨਣ ਦਾ ਮੌਕਾ ਪ੍ਰਦਾਨ ਕਰਨ ਦਾ ਢੰਗ ਵੀ ਬਹੁਤ ਰੌਚਕ ਅਤੇ ਮਨੋਵਿਗਆਨਕ ਹੋਣਾ ਚਾਹੀਦਾ ਹੈ । ਬਾਲ ਮਨੋਵਿਗਿਆਨ ਨੂੰ ਬੱਚਿਆਂ ਨਾਲ ਬੱਚੇ ਹੋ ਕੇ ਸਮਝਿਆ ਸਕਦਾ ਹੈ । ਵਿਦਿਆਰਥੀ ਲਈ ਇੱਕ ਅਸਲ ਵਿੱਚ 1 ਦਾ ਚਿੰਨ ਨਹੀਂ ਹੁੰਦਾ ਸਗੋਂ ਉਸ ਲਈ ਤਾਂ ਇੱਕ ਰੋਟੀ ਹੋ ਸਕਦੀ ਹੈ , ਇੱਕ ਮੱਝ ਹੋ ਸਕਦੀ ਹੈ । ਵਿਦਿਆਰਥੀ ਚਿੰਨ੍ਹਾਂ ਨੂੰ ਰੱਟੇ ਦੇ ਰੂਪ ਵਿੱਚ ਗ੍ਰਹਿਣ ਤਾਂ ਕਰ ਲੈਂਦੇ ਹਨ ਪਰ ਸੰਖਿਆਵਾਂ ਜਿਸ ਤਰੀਕੇ ਉਸ ਅੰਦਰ ਰਚੀਆਂ ਹੋਣੀਆਂ ਚਾਹੀਦੀਆਂ ਹਨ ਉਸ ਤਰੀਕੇ ਰਚ ਨਹੀਂ ਪਾਉਂਦੀਆਂ । ਸੰਖਿਆਂਵਾਂ ਦਾ ਵਿਦਿਆਰਥੀ ਦੇ ਧੁਰ ਅੰਦਰ ਰਚ ਜਾਣ ਤੋਂ ਭਾਵ ਹੈ ਕਿ ਜੇਕਰ ਅਸੀਂ ਸੰਖਿਆ ਨੌਂ ( 9) ਬੋਲੀਏ ਤਾਂ ਉਸ 9 ਦੀ ਸਮੁੱਚੀ ਤਸਵੀਰ ਵਿਦਿਆਰਥੀ ਦੇ ਜ਼ਿਹਨ ਵਿੱਚ ਹੋਵੇ । ਉਸ ਨੂੰ ਝੱਟ ਪਤਾ ਲੱਗ ਜਾਵੇ ਕਿ ਨੌਂ ਉਸ ਸੰਖਿਆ ਹੈ ਜੋ ਦਸ ਤੋਂ ਇੱਕ ਊਣੀ ਹੁੰਦੀ ਹੈ, ਇਹ ਉਹ ਸੰਖਿਆ ਹੈ ਜੋ ਪੰਜ ਤੋਂ ਚਾਰ ਵੱਧ ਹੁੰਦੀ ਹੈ, ਇਹ ਉਹ ਸੰਖਿਆ ਹੈ ਜੋ ਸਾਢੇ ਚਾਰ ਦਾ ਦੁੱਗਣਾ ਹੁੰਦੀ ਹੈ , ਇਹ ਉਹ ਸੰਖਿਆ ਹੈ ਜਿਸਦਾ ਦੁੱਗਣਾ ਅਠਾਰਾਂ ਹੁੰਦਾ ਹੈ ਆਦਿ ਆਦਿ…. । ਵਿਦਿਆਰਥੀ ਅੰਦਰ ਇਸ ਤਰ੍ਹਾਂ ਦੀ ਸਮਝ ਪੈਦਾ ਕਰਨ ਲਈ ਸਾਡੇ ਵਿੱਚ ਸੰਖਿਆਵਾਂ ਦੇ ਚਿੰਨਾਂ ਦੇ ਰੱਟਾ ਲਵਾਉਣ ਦੀ ਕਾਹਲ ਨਹੀਂ ਹੋਣੀ ਚਾਹੀਦੀ । ਸਮਾਜ ਵਿੱਚ ਪਈਆਂ ਸੰਖਿਆ ਉਦਾਹਰਨਾਂ ਨੂੰ ਰੌਚਕ ਢੰਗ ਨਾਲ ਗੱਲਾਂ ਗੱਲਾਂ ਵਿੱਚ ਗੈਰ ਰਸਮੀ ਵਿਧੀ ਨਾਲ ਵਿਦਿਆਰਥੀਆਂ ਨੂੰ ਸੰਖਿਆਂਵਾਂ ਅਤੇ ਉਹਨਾਂ ਦੀਆਂ ਵੱਖ ਵੱਖ ਕਿਸਮ ਨਾਲ ਗਣਨਾਵਾਂ ਦੇ ਨਾਲ ਦੋ ਚਾਰ ਕੀਤਾ ਜਾ ਸਕਦਾ ਹੈ । ਵਿਦਿਆਰਥੀ ਨੂੰ ਇਹ ਅਹਿਸਾਸ ਵੀ ਨਾ ਹੋਵੇ ਕਿ ਉਹ ਪੜ੍ਹ ਰਿਹਾ ਹੈ ਅਤੇ ਉਹ ਸਹਿਜ ਰੂਪ ਵਿਚ ਸੰਖਿਆ ਅਤੇ ਉਸ ਸੰਖਿਆ ਦੇ ਵੱਖ ਵੱਖ ਰੂਪਾਂ ਨੂੰ ਆਪਣੇ ਅੰਦਰ ਗ੍ਰਹਿਣ ਕਰ ਲਏ । ਜੋੜ, ਘਟਾ , ਗੁਣਾ ਅਤੇ ਵੰਡ ਵਰਗੀਆਂ ਮੁੱਢਲੀਆਂ ਗਣਨਾਵਾਂ ਵੀ ਸਮਾਜ ਵਿੱਚ ਪੈਰ ਪੈਰ ‘ਤੇ ਪਈਆਂ ਹਨ । ਅਕਸਰ ਅਸੀਂ ਸੁਣਦੇ ਹਾਂ ਕਿ ਸੱਥ ਵਿੱਚ ਬੈਠਦੇ ਫਲਾਣੇ ਅਨਪੜ੍ਹ ਬੰਦੇ ਦਾ ਗਣਿਤ ਬਹੁਤ ਤੇਜ ਹੈ । ਉਸਨੇ ਗਣਿਤ ਪੜ੍ਹਨ ਦਾ ਕੋਈ ਰਸਮੀ ਤਰੀਕਾ ਨਹੀਂ ਅਪਣਾਇਆ ਹੁੰਦਾ ਸਗੋਂ ਸੰਖਿਆਵਾਂ ਨੂੰ ਸਮਾਜ ਵਿੱਚੋਂ ਪਿੰਡੇ ਤੇ ਹੰਢਾਇਆ ਹੁੰਦਾ ਹੈ । ਇੱਕ ਹੀ ਸੰਖਿਆ ਨੂੰ ਵਾਰ ਵਾਰ ਜੋੜਣਾ ਹੀ ਤਾਂ ਪਹਾੜਾ ਹੁੰਦਾ ਹੈ ਅਤੇ ਇਹ ਪਹਾੜਾ ਹੀ ਤਾਂ ਗੁਣਾ ਦਾ ਅਧਾਰ ਹੁੰਦਾ ਹੈ । ਇਹ ਤੱਥ ਸਹਿਜ ਰੂਪ ਵਿੱਚ ਵਿਦਿਆਰਥੀਆਂ ਦੇ ਅੰਦਰ ਪਹੁੰਚਾਉਣ ਲਈ ਸਾਨੂਂ ਪਹਾੜੇ ਦੀ ਵਰਤੋਂ ਦੀਆਂ ਵੱਖ ਵੱਖ ਉਦਾਹਰਨਾਂ ਪ੍ਰਯੋਗੀ ਰੂਪ ਵਿੱਚ ਵਿਦਿਆਰਥੀਆਂ ਦੇ ਸਨਮੁੱਖ ਕਰਨਾ ਪਵੇਗਾ । ਵਿਦਿਆਰਥੀਆਂ ਨੂੰ ਬਿਰਤਾਂਤ ਸਿਰਜ ਕੇ ਦੇਣਾ ਪਵੇਗਾ, ਅਜਿਹਾ ਬਿਰਤਾਂਤ ਜਿਸ ਵਿੱਚ ਉਹ ਅਚੇਤ ਰੂਪ ਵਿੱਚ ਪਹਾੜਾ, ਗੁਣਾ , ਜੋੜ, ਘਟਾ , ਵੰਡ ਆਦਿ ਦੀ ਦੀ ਵਰਤੋਂ ਕਰੇ । ਪ੍ਰਾਇਮਰੀ ਸਿੱਖਿਆ ਦੇ ਮੁੱਢਲੇ ਪੰਜ ਸਾਲ ਜੇਕਰ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਸੰਖਿਆ ਗਿਆਨ ਅਤੇ ਗਣਨਾਵਾਂ ਦਾ ਗਿਆਨ ਦੇਣ ਵਿੱਚ ਸਫਲ ਹੋ ਜਾਣ ਤਾਂ ਅਗਲੇਰਾਂ ਪੰਧ ਅਸਾਨ ਹੋ ਜਾਂਦਾ ਹੈ। ਸੰਖਿਆਂਵਾਂ ਦੀ ਚੰਗੀ ਸਮਝ ਹੀ ਵਿਦਿਆਰਥੀ ਨੂੰ ਭਾਜ , ਅਭਾਜ ਸੰਖਿਆ ਵਿਚਲਾ ਅੰਤਰ ਅਸਾਨੀ ਨਾਲ ਸਮਝਣ ਦੇ ਯੋਗ ਕਰ ਦਿੰਦੀ ਹੈ ।
ਕਿਸੇ ਵੀ ਵਿਸ਼ੇ ਦੇ ਉਮਰ ਅਨੁਸਾਰ ਜਾਂ ਜਮਾਤ ਅਨੁਸਾਰ ਕੁਝ ਪੜਾਅ ਹੁੰਦੇ ਹਨ। ਗਣਿਤ ਵਿਸ਼ੇ ਦੇ ਸੰਦਰਭ ਵਿੱਚ ਵੀ ਅਜਿਹੇ ਪੜਾਅ ਹਨ । ਉਸ ਅਨੁਸਾਰ ਜੋ ਮੁੱਢਲੇ ਸਾਲ ਹਨ ਉਸ ਸਮੇਂ ਦੌਰਾਨ ਜਿਹਨਾਂ ਗਣਿਤਕ ਪ੍ਰਯੋਗ ਕਰਾ ਕੇ ਪੜ੍ਹਾਇਆ ਜਾਵੇਗਾ ਉੱਨੇ ਹੀ ਬਿਹਤਰ ਨਤੀਜੇ ਸਾਹਮਣੇ ਆਉਣਗੇ । ਵਿਦਿਆਰਥੀ ਪ੍ਰਯੋਗਾਂ ਤੋਂ ਹੁੰਦਾ ਹੋਇਆਂ ਸਹਿਜੇ ਸਹਿਜੇ ਆਪਣੇ ਆਪ ਹੀ ਕਾਲਪਨਿਕ ਸ਼ਕਤੀ ਦੇ ਪ੍ਰਯੋਗ ਦੇ ਯੋਗ ਹੋ ਜਾਂਦਾ ਹੈ । ਗਣਿਤ ਦੀ ਪ੍ਰਯੋਗਸ਼ਾਲਾ ਦਾ ਸੰਕਲਪ ਅਜੇ ਵਿਦਿਅੱਕ ਸੰਸਥਾਵਾਂ ਤੀਕ ਉਸ ਪੱਧਰ ਤੇ ਨਹੀਂ ਪਹੁੰਚਿਆ ਜਿਸ ਪੱਧਰ ਤੀਕ ਪਹੁੰਚਣਾ ਚਾਹੀਦਾ । ਜਦੋਂ ਅਸੀਂ ਪੰਜਾਬ ਦੇ ਵਿਦਿਆਰਥੀਆਂ ਦੀ ਤੁਲਨਾ ਬਿਹਾਰ ਵਰਗੇ ਸੂਬੇ ਦੇ ਵਿਦਿਆਰਥੀਆਂ ਨਾਲ ਕਰਦੇ ਹਾਂ ਤਾਂ ਇੱਕ ਤੱਥ ਬਹੁਤ ਸਪਸ਼ਟ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਬਿਹਾਰ ਦੇ ਵਿਦਿਆਰਥੀ ਗਣਿਤ ਨੂੰ ਪਸੰਦ ਕਰਦੇ ਹਨ ਜਦੋਂ ਕਿ ਪੰਜਾਬ ਦੇ ਵਿਦਿਆਰਥੀਆਂ ਲਈ ਗਣਿਤ ਇੱਕ ਹਊਆ ਹੈ । ਗਣਿਤ ਸਾਡੇ ਵਿਦਿਆਰਥੀਆਂ ਲਈ ਭਾਰੀ ਭਰਕਮ ਫਾਰਮੂਲਿਆਂ ਦੇ ਸੰਗ੍ਰਹਿ ਤੋਂ ਵੱਧ ਕੁਝ ਬਣ ਹੀ ਨਹੀਂ ਪਾਇਆ । ਸੋ ਇਸ ਵਿਸ਼ੇ ਨੂੰ ਮੁੱਢਲੇ ਸਾਲਾ ਦੌਰਾਨ ਪ੍ਰਯੋਗੀ, ਬਾਲ ਮਨੋਵਿਗਿਆਨ ਅਧਾਰਤ ਅਤੇ ਰੌਚਕ ਬਨਾਉਣਾ ਸਮੇਂ ਦੀ ਲੋੜ ਹੈ । ਇਸ ਵਿਸ਼ੇ ਪ੍ਰਤੀ ਜੋ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਉਹਨਾਂ ਧਾਰਨਾਵਾਂ ਨੂੰ ਰੱਦ ਕਰਨ ਲਈ ਇਸ ਵਿਸ਼ੇ ਨੂੰ ਪੜ੍ਹਨ ਅਤੇ ਪੜ੍ਹਾਉਣ ਦੀ ਸਹੀ ਪਹੁੰਚ ਦੀ ਜ਼ਰੂਰਤ ਹੈ । ਜੇ ਇਹ ਸਹੀ ਪਹੁੰਚ ਨਾ ਅਪਣਾਈ ਗਈ ਤਾਂ ਆਉਂਦੇ ਸਮਿਆ ਤੀਕ ਵੀ ਇਹ ਵਿਸ਼ਾ ਸਾਡੇ ਬੱਚਿਆਂ ਲਈ ਹਊਆ ਹੀ ਬਣਿਆਂ ਰਹੇਗਾ ।



















