
* ਦਲਾਲ ਵਪਾਰੀਆਂ ਦਾ ਮੂੰਹ ਵੇਖਣ ਨੂੰ ਤਰਸੇ
* ਸ਼ਹਿਰੀ ਜਾਇਦਾਦ ਦੀ ਤੇਜ਼ੀ ਵੀ ਆਖ਼ਰੀ ਸਾਹਾਂ ‘ਤੇ
ਸ੍ਰੀ ਮੁਕਤਸਰ ਸਾਹਿਬ 19 ਜੁਲਾਈ ( ਘੁਮਾਣ ) ਵਾਹੀਯੋਗ ਜ਼ਮੀਨਾਂ ਦੀਆਂ ਅਮਰ ਵੇਲ ਵਾਂਗੂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪੈ ਗਈ ਹੈ ਅਤੇ ਖਰੀਦਦਾਰਾਂ ਦੀਆਂ ਵੱਡੀਆਂ ਗੱਡੀਆਂ ਵੇਖਣ ਨੂੰ ਦਲਾਲ ਤਰਸ ਗਏ ਹਨ । ਸਸਤੀਆਂ ਵੇਖ ਕੇ ਖਰੀਦੀਆਂ ਗਈਆਂ ਜ਼ਮੀਨਾਂ ਦੀ ਫ਼ਸਲ ਅਤੇ ਭਵਿੱਖ ਵੇਖ ਕੇ , ਖਰੀਦਦਾਰਾਂ ਦੇ , “ਮੇਰਾ ਮਨ ਡੋਲੇ , ਮੇਰਾ ਤਨ ਡੋਲੇ” ਦੀਆਂ ਖਬਰਾਂ ਹਨ । ਡੇਢ ਦਹਾਕਾ ਮੰਦੀ ਦਾ ਦੌਰ ਹੰਢਾ ਕੇ , ਲੰਬੇ ਸਮੇਂ ਤੋਂ ਬਾਅਦ , 2020-21 ਤੋਂ ਰਫ਼ਤਾਰ ਫੜਨ ਵਾਲਾ ਜਾਇਦਾਦ ਦੀ ਖਰੀਦ ਵੇਚ ਦਾ ਕਾਰੋਬਾਰ ਆਖ਼ਰੀ ਸਾਹ ਲੈ ਰਿਹਾ ਹੈ । ਦੂਜੇ ਪਾਸੇ ਜ਼ਮੀਨਾਂ ਦੀ ਖਰੀਦ ਵੇਲੇ ਅਸਲ ਕੀਮਤ ਤੋਂ ਵੱਧ ਕੀਮਤ ਵਿਖਾ ਕੇ ਤਬਾਦਲੇ ‘ਚ ਪਾਏ ਗਏ ਪਲਾਟਾਂ ਦੀ ਅਸਲ ਕੀਮਤ ਦਾ ਸੱਚ ਸਾਹਮਣੇ ਆਉਂਣ ਤੋਂ ਬਾਅਦ , ‘ਜ਼ਮੀਨਾਂ ਦੀ ‘ਅਸਲ ਕੀਮਤ’ ਸਾਹਮਣੇ ਆਉਂਣ ਲੱਗੀ’ ਹੈ। ਹੁਣ ਜਦੋਂ ਕਿ ਪੰਜਾਬ ਦੇ ਚੌਦਾਂ ਪੰਦਰਾਂ ਜ਼ਿਲ੍ਹਿਆਂ ਦਾ ਹੜ੍ਹਾਂ ਨੇ ਬੁਰੀ ਤਰ੍ਹਾਂ ਨੁਕਸਾਨ ਕੀਤਾ ਹੈ ਇਸ ਕਰਕੇ ਇਹ ਜਿਲ੍ਹੇ ਕਈ ਵਰ੍ਹੇ ਪਿੱਛੇ ਜਾ ਪਏ ਹਨ। ਇਸ ਨੁਕਸਾਨ ਦਾ ਪੰਜਾਬ ਦੀ ਪ੍ਰਾਪਰਟੀ ਦੇ ਕਾਰੋਬਾਰ ਉੱਤੇ ਵੀ ਗਹਿਰਾ ਪ੍ਰਭਾਵ ਪੈਣਾ ਯਕੀਨੀ ਮੰਨਿਆ ਜਾ ਰਿਹਾ ਹੈ।
ਬਹੁਤੇ ਪਿੰਡਾਂ ਦੀਆਂ ਰੇਤਲੀਆਂ ਜ਼ਮੀਨਾਂ, ਪਾਣੀ ਨੂੰ ਅਜੇ ਵੀ ਤਰਸਦੀਆਂ ਹਨ ਅਤੇ ਜਮੀਨ ਹੇਠਲੇ ਪਾਣੀ ਕੌੜੇ ਹਨ ਪ੍ਰੰਤੂ ਕਿਸਾਨਾਂ ਨੇ ਭਰਮ ਸਿਰਜ ਲਿਆ ਸੀ ਕਿ ਇਹ ਸੋਨਾ ਉਗਲਣ ਲੱਗੀਆਂ ਹਨ। ਜਿਸ ਕਰਕੇ ਪੱਕੀਆਂ ਜ਼ਮੀਨਾਂ ਦੀ ਵੇਖੋ ਵੇਖੀ ਟੇਲਾਂ ‘ਤੇ ਪੈਂਦੇ ਪਿੰਡਾਂ ਦੇ ਕਿਸਾਨ ਵੀ ਜ਼ਮੀਨਾਂ ਦੀਆਂ ਮੋਟੀਆਂ ਕੀਮਤਾਂ ਮੰਗਣ ਲੱਗ ਪਏ ਸਨ ਪਰ ਜ਼ਮੀਨਾਂ ਦੀ ਮਾਲਕੀ ਬਦਲਣ ਨਾਲ ਜ਼ਮੀਨਾਂ ਦੇ ਭਾਗ ਨਹੀਂ ਬਦਲਦੇ ,ਜ਼ਮੀਨਾਂ ਨੂੰ ਵੱਧ ਸਹੂਲਤਾਂ ਮਿਲਣ ਨਾਲ ਹੀ ਜ਼ਮੀਨਾਂ ਦੀਆਂ ਕੀਮਤਾਂ ਵਧਦੀਆਂ ਹਨ। ਜਿਹੜੇ ਖਰੀਦਦਾਰਾਂ ਨੇ ਬਾਹਰੋਂ ਆ ਕੇ ਸਸਤੀਆਂ ਝੋਨੇ ਵਾਲੀਆਂ ਸਮਝ ਕੇ ਜ਼ਮੀਨਾਂ ਦੀ ਖਰੀਦਦਾਰੀ ਕੀਤੀ ਸੀ , ਉਹਨਾਂ ਨੂੰ ਹੁਣ ‘ਚਾਨਣ’ ਹੋਣ ਲੱਗਾ ਹੈ ਕਿ ਵੇਚਣ ਵਾਲੇ ਜ਼ਮੀਨਾਂ ਦੀ ਕਿਸਮ ਵੇਖ ਕੇ ਵੇਚ ਕੇ ਗਏ ਹਨ , ਗਰਜ਼ਾਂ ਦੇ ਮਾਰੇ ਨਹੀਂ । ਉਰਦੂ ਦਾ ਇੱਕ ਸ਼ਿਅਰ ਮਾੜੀਆਂ ਜ਼ਮੀਨਾਂ ਅਤੇ ਕਿਰਸਾਨੀ ਦੀਆਂ ਤਲਖ਼ ਹਕੀਕਤਾਂ ਦੀ ਤਰਜਮਾਨੀ ਕਰਦਾ ਹੈ:
“ਜਿਸ ਖੇਤ ਸੇ ਦਹਿਕਾਨ ਕੋ ਨਾ ਹੋ ਮਯੱਸਰ ਰੋਟੀ,
ਉਸ ਖੇਤ ਕੋ ਹਰ ਗੋਸ਼ਾ ਏ ਗੰਦਮ ਜਲਾ ਦੋ।”
ਇਹੋ ਹਾਲ ਹਿਠਾੜ ਦੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਦਾ ਹੈ।
ਹਕੀਕਤ ਵਿੱਚ ਦਮ ਘੁੱਟਦੀ ਕਿਸਾਨੀ ਦੇ , ਇੱਕੋ ਇੱਕ ਵਾਰਸ ਦਾ ਵੀ ਵਿਦੇਸ਼ ਨੂੰ ਤੁਰ ਜਾਣਾ ਅਤੇ ਬੁੱਢੇ ਮਾਪਿਆਂ ਦੀਆਂ ਬੀਮਾਰੀ ਨਾਲ ਖਾਧੀਆਂ ਦੇਹਾਂ ਹੁਣ ਕਿਸਾਨੀ ਵਰਗਾ ,ਸਖਤ ਮਿਹਨਤ ਵਾਲਾ ਕੰਮ ਕਰਨ ਤੋਂ ਆਕੀ ਹਨ। ਜਿਸ ਕਰਕੇ ਉਨ੍ਹਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦਿਆਂ , ਪਿੰਡਾਂ ਵਿੱਚ ਕੋਈ ਬਜ਼ਾਰੀ ਕੀਮਤ ਵਾਲਾ ਠੇਕਾ ਨਹੀਂ ਭਰਦਾ। ਹਿਠਾੜ ਦੇ ਇਲਾਕੇ ਵਿੱਚ ਤਾਂ ਜ਼ਮੀਨਾਂ ਦੀ ਖਰੀਦ ਵੇਚ ਕਣਕ ਦੀ ਬਿਜਾਈ ਤੋਂ ਬਾਅਦ , ਸਿਰਫ ਹਾੜੀ ਦੇ ਸੀਜਨ ਵਿੱਚ ਹੀ ਹੁੰਦੀ ਸੀ ਕਿਉਂਕਿ ਅਸਲ ਜ਼ਮੀਨ ਦੀ ਪਰਖ ਤੇ ਕਿਸਮ ਦਾ ਸਾਉਣੀ ਦੀ ਫ਼ਸਲ ਦੌਰਾਨ ਹੀ ਪਤਾ ਲੱਗਦਾ ਹੈ । ਹੁਣ ਸਾਉਣੀ ਦੀ ਫ਼ਸਲ ਨੇ ਹੀ ਦੱਸਣਾ ਹੈ ਕਿ ਜ਼ਮੀਨ ਕਿੰਨੇ ਕੁ ਪਾਣੀਆਂ ‘ਚ ਹੈ। ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ਵੱਲੋਂ ਸਿਰਫ ਝੋਨਾ ਬੀਜਣ ਦਾ ਭਰਮ ਪਾਲਿਆ ਜਾ ਰਿਹਾ ਹੈ ਅਤੇ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਡਰਦਿਆਂ , ਕੋਈ ਰਿਸਕ ਲੈਣ ਨੂੰ ਤਿਆਰ ਨਹੀਂ। ਕਣਕ ਦੀ ਵਧੀਆ ਫ਼ਸਲ ਵੇਖ ਕੇ , ਝੋਨੇ ਵਾਲੀਆਂ ਸਮਝ ਕੇ ਖਰੀਦੀਆਂ ਜ਼ਮੀਨਾਂ ਵਿੱਚ ਹੁਣ ਖਰੀਦਾਰ ਗੁਆਰੇ ਦੀ ਫ਼ਸਲ ਬੀਜਣ ਲਈ ਮਜਬੂਰ ਹਨ।
ਜ਼ਮੀਨਾਂ ਦੇ ਗਾਹਕ ਹੁਣ ਬੀਤੇ ਦੀਆਂ ਗੱਲਾਂ ਹੋ ਗਏ ਹਨ ਅਤੇ ਭੰਮੀਰੀ ਬਣੇ ਫਿਰਦੇ ਦਲਾਲ , ਹੁਣ ਕਿੱਧਰੇ ਵੀ ਨਜ਼ਰ ਨਹੀਂ ਆਉਂਦੇ। ਜਿਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਆਉਂਣ ਵਾਲੇ ਦਿਨਾਂ ਵਿੱਚ ਜ਼ਮੀਨੀ ਖਰੀਦ ਵੇਚ ਦੇ ਕੰਮ ਨੂੰ ਮੰਦੀ ਦਾ ਲੰਮਾ ਸਮਾਂ ਵੇਖਣਾ ਪੈ ਸਕਦਾ ਹੈ।
ਜ਼ਮੀਨਾਂ ਦੇ ਖਰੀਦਦਾਰਾਂ ਦੀਆਂ ਹਰਲ-ਹਰਲ ਕਰਦੀਆਂ ਫਿਰਦੀਆਂ ਕਾਰਾਂ ਪੰਜਾਬ ‘ਚੋਂ ਹੋਈਆਂ ਗਾਇਬ
Total Views: 229 ,
Real Estate



















