ਵਿਅੰਗ– ਕੁਤਕੁਤਾਰੀਆਂ

ਸੁਣਾ ਬਈ ਅਮਲੀਆ ਕਿਵੇਂ ਅੱਜ ਉਦਾਸ ਜਿਹਾ ਲੱਗਦੈਂ। ਹਾਂ ਕਾਮਰੇਟ ਸਾਹਿਬ ਯਾਰ ਰੱਬ ਨੇ ਬੜਾ ਕਹਿਰ ਕਮਾਇਆ ਬਾਰਸ਼ ਐਨੀ ਕਰਤੀ ਕਿ ਪਿੰਡਾਂ ਦੇ ਪਿੰਡ, ਸ਼ਹਿਰ ਪਾਣੀ ਚ ਡੁੱਬਣ ਵਾਲੀ ਹਾਲਤ ਬਣੀ ਪਈ ਐ। ਅਮਲੀਆ ਇਹ ਦੇ ਚ ਰੱਬ ਦਾ ਗੁਨਾਂਹ ਨਹੀਂ ਇਹ ਦੇ ਚ ਅਸੀਂ ਲੋਕ ਜਿਆਦਾ ਦੋਸ਼ੀ ਐਂ। ਉਹ ਕਿਵੇਂ? ਅਮਲੀਆ ਅਸੀਂ ਪਿੰਡਾਂ ਵਾਲੇ ਲੋਕਾਂ ਨੇ ਸ਼ਾਮਲਾਟਾਂ ਰੋਕ ਲਈਆਂ, ਛੱਪੜ ਰੋਕ ਲੇ, ਸੇਮਨਾਲਿਆਂ ਚ ਫਸਲਾਂ ਬੀਜ ਲਈਆਂ। ਚੰਡੀਗੜ੍ਹ ਵਰਗੇ ਸ਼ਹਿਰ ਚ ਤਾਂ ਸੱਤਾ ਤੇ ਕਾਬਜ਼ ਰਹਿਣ ਵਾਲੀਆਂ ਸਰਕਾਰਾਂ ਦੇ ਫੀਲਿਆਂ ਨੇ ਨਿਕਾਸੀ ਨਾਲਿਆਂ ਦੀ ਥਾਂ ਤੇ ਕਬਜ਼ੇ ਕਰਕੇ ਕਲੋਨੀਆਂ ਬਣਾ ਦਿੱਤੀਆਂ। ਹੁਣ ਤੂੰ ਦੱਸ ਪਾਣੀ ਕਿੱਧਰ ਜਾਵੇ। ਦੂਜੀ ਗੱਲ ਜਿਹੜੇ ਸੇਮਨਾਲੇ ਕੱਢੇ ਐ ਉਹ ਪਾਣੀ ਦੇ ਸਹੀ ਵਹਾਅ ਚ ਨਹੀਂ ਕੱਢੇ ਗਏ। ਇੱਥੇ ਵੀ ਰਾਜਨੀਤਕ ਲੋਕਾਂ ਦਾ ਦੋਸ਼ ਐ। ਸਿਫਾਰਸ਼ੀਆਂ ਨੇ ਆਪਣੇ ਖੇਤ ਪਾਟਣ ਤੋਂ ਬਚਾਅ ਲਈ ਪਾਸੇ ਦੀ ਕਢਵਾ ਦਿੱਤੇ। ਜਿਸ ਕਰਕੇ ਉਹ ਉੱਛਲਕੇ ਨੀਵੀਆਂ ਜ਼ਮੀਨਾਂ ਚ ਮਾਰ ਕਰਦੇ ਐ। ਅਮਲੀਆ ਸਾਡੇ ਦੇਸ਼ ਦੇ ਰਾਜਨੀਤਕ , ਅਫਸਰ ਬਹੁ ਗਿਣਤੀ ਭਿ੍ਰਸ਼ਟ ਲੋਕਾਂ ਦੀ ਐ। ਉਹ ਪੈਸੇ ਦੀ ਦੌੜ ਵਿਚ ਲੱਗੇ ਹੋਏ ਐ। ਲੋਕ ਮਰਨ ਜਿਉਣ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜਦੋਂ ਲੋਕ ਡੁੱਬ ਜਾਂਦੇ ਐ , ਫਸਲਾਂ ਮਾਰੀਆਂ ਜਾਂਦੀਆਂ ਤਾਂ ਇਹ ਜਹਾਜ਼ਾਂ ਤੇ ਚੜ੍ਹਕੇ ਜਾਂ ਕਾਰਾਂ ਦੇ ਵੱਡੇ ਵੱਡੇ ਕਾਫਲੇ ਲੈ ਕੇ ਲੋਕਾਂ ਕੋਲ ਮਗਰਮੱਛ ਦੇ ਹੰਝੂ ਵਹਾਉਣ ਜਾਂਦੇ ਐ , ਦੇਣਾ ਲੈਣਾ ਕੁੱਛ ਨਹੀਂ। ਤੇਰੀ ਗੱਲ ਸਹੀ ਐ ਕਾਮਰੇਟਾ ਹੁਣ ਆਫਤ ਆਈ ਐ ਤਾਂ ਲੋਕ ਈ ਲੋਕਾਂ ਦੀ ਮਦਾਦ ਕਰੀ ਜਾਂਦੇ ਐ। ਸਰਕਾਰਾਂ ਕੁਛ ਨਹੀਂ ਕਰਦੀਆਂ। ਮੈਂ ਰੋਜ ਖਬਰਾਂ ਸੁਣਦਾਂ, ਦਿੱਲੀ ਦੀ ਸਰਕਾਰ ਨੇ ਤਾਂ ਪੰਜਾਬ ਲਈ ਕੋਈ ਹਾਅ ਦਾ ਨਾਹਰਾ ਨਹੀਂ ਮਾਰਿਆ। ਅੱਖਾਂ ਮੀਚੀਆਂ ਹੋਈਆਂ ਜਿਵੇ ਕੁਛ ਹੋਇਆ ਨਹੀਂ। ਕਿੰਨੇ ਲੋਕ ਘਰੋਂ ਬੇਘਰ ਹੋਗੇ। ਕਿੰਨੇ ਪਸ਼ੂ ਨੁਕਸਾਨੇ ਗਏ। ਫਸਲਾਂ ਮਰਗੀਆਂ। ਅਮਲੀਆ ਅਸਲ ਵਿਚ ਬਾਰਸ਼ ਕੋਈ ਬਹੁਤੀ ਪੰਜਾਬ ਚ ਨਹੀਂ ਹੋਈ। ਕੁਛ ਤਾਂ ਆਪਣੀਆਂ ਗਲਤੀਆਂ ਨੇ ਮਾਰਿਆ ਬਾਕੀ ਹਿਮਾਚਲ ਚ ਜਿਆਦਾ ਬਾਰਸ਼ ਹੋਣ ਕਰਕੇ ਸਾਰਾ ਪਾਣੀ ਦਰਿਆਵਾਂ ਰਾਹੀਂ ਪੰਜਾਬ ਚ ਆਕੇ ਮਾਰ ਕਰਦਾ। ਦਰਿਆਵਾਂ ਚੋਂ ਰਾਜਨੀਤਕ ਲੋਕਾਂ ਨੇ ਰੇਤਾ ਕੱਢ ਕੱਢ ਕੇ ਇਸਦੇ ਵਹਾਅ ਖਰਾਬ ਕਰ ਦਿੱਤੇ ਤੇ ਖਮਿਆਜਾ ਸਾਡੇ ਵਰਗੇ ਲੋਕ ਭੁਗਤ ਰਹੇ ਐ। ਬਾਕੀ ਸਰਕਾਰਾਂ ਨੂੰ ਵੀ ਜਿੰਨਾਂ ਕਰਨਾ ਚਾਹੀਦਾ ਸੀ ਨਹੀਂ ਕੀਤਾ। ਸੇਮ ਨਾਲਿਆਂ ਦੀ ਸਫਾਈ ਨਹੀਂ ਹੋਈ। ਦਰਿਆਵਾਂ ਤੇ ਬਣੇ ਸੁਰੱਖਿਅਤ ਬੰਨ੍ਹ ਮਜ਼ਬੂਤ ਨਹੀਂ ਕੀਤੇ। ਭਾਖੜਾ ਤੋਂ ਪਾਣੀ ਥੋੜ੍ਹਾ ਥੋੜ੍ਹਾ ਛੱਡਣ ਦੀ ਬਜਾਏ ਇਕਦਮ ਛੱਡ ਦਿੱਤਾ। ਜਿਸ ਕਰਕੇ ਪੰਜਾਬ ਦਾ ਵੱਡਾ ਨੁਕਸਾਨ ਹੋਇਆ। ਕਾਮਰੇਟਾ ਹੁਣ ਦੇ ਮਾਰੇ ਲੋਕ ਤਾਂ ਕਈ ਸਾਲ ਤਾਬ ਨਹੀਂ ਆਉਂਦੇ। ਅਮਲੀਆ ਇਕ ਗੱਲ ਹੋਰ ਕਿ ਜਦੋਂ ਪਾਣੀ ਮਾਰਦਾ ਪੰਜਾਬ ਨੂੰ ਮਾਰਦਾ ਤੇ ਪਾਣੀ ਦੇ ਹਿੱਸੇਦਾਰ ਮਾਲਕ ਹਰਿਆਣਾ ਰਾਜਸਥਾਨ , ਹਿਮਾਚਲ ਬਣ ਜਾਂਦੇ ਐ। ਆਹੋ ਹੁਣ ਵੀ ਵੰਡਾਉਣ ਹਿੱਸਾ ਫਿਰ। ਅਸੀਂ ਤਾਂ ਜਾ ਜਾ ਦੂਜੇ ਸੂਬਿਆਂ ਚ ਵੀ ਲੰਗਰ ਲਾਉਣੇ ਐਂ। ਹੁਣ ਸਾਡੇ ਵਾਰੀ ਕੋਈ ਵੀ ਨਹੀਂ ਬਹੁੜਿਆ। ਅੱਗੇ ਤੋਂ ਬੰਦ ਕਰਨਾਂ ਚਾਹੀਦਾ ਕਿ ਪੰਜਾਬ ਤੋਂ ਬਾਹਰ ਕੋਈ ਲੰਗਰ ਲੰਗਰ ਨਾ ਲਾਏ ਜਾਣ। ਖਵਾਉ ਇਨ੍ਹਾਂ ਨੂੰ ਹੋਰ ਮੰਨ। ਅਮਲੀਆ ਸਾਡੇ ਪੰਜਾਬੀਆਂ ਦੀ ਇਹ ਫਿਤਰਤ ਐ ਕਿ ਇਹ ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ ਆਪ ਦੁੱਖ ਝੱਲ ਲੈਂਦੇ ਐ। ਕਹਿੰਦੇ ਐ ਨਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪਰ ਕਾਮਰੇਟਾ ਇਹ ਆਪਣੇ ਨਾਲ ਐਂ ਈ ਹੁੰਦਾ ਰਹੂ ਕਿ ਇਹਦਾ ਕੋਈ ਹੱਲ ਹੈ? ਬਿਲਕੁੱਲ ਅਮਲੀਆ ਜੇ ਸਰਕਾਰ ਹੀਲਾ ਕਰੇ ਤਾਂ ਹਰੀਕੇ ਪੱਤਣ ਤੋਂ ਲੈ ਕੇ ਅੱਗੇ ਫਿਰੋਜ਼ਪੁਰ ਵੱਲ ਨੂੰ ਸਾਰਾ ਸਾਲ ਦਰਿਆ ਸੁੱਕਾ ਰਹਿੰਦਾ। ਜੇ ਦਰਿਆ ਦੇ ਦੁਆਲੇ ਵੱਡੇ ਬੰਨ੍ਹ ਬਣਾਕੇ ਪਾਣੀ ਨੂੰ ਝੀਲ ਦੇ ਰੂਪ ਚ ਸਟੋਰ ਕਰ ਲਿਆ ਜਾਵੇ ਤਾਂ ਇਸ ਵਿਚ ਸਾਰਾ ਸਾਲ ਪਾਣੀ ਜਮਾਂ ਰਹਿ ਸਕਦਾ। ਜਿਸ ਨਾਲ ਇਨ੍ਹਾਂ ਦਿਨਾਂ ਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਤੇ ਲੋੜ ਵੇਲੇ ਇਹ ਪਾਣੀ ਨਹਿਰਾਂ ਰਾਹੀਂ ਸਿੰਜਾਈ ਲਈ ਵਰਤਿਆਂ ਜਾ ਸਕਦਾ। ਇਸਦਾ ਓਵਰ ਫਲੋਅ ਹੁਸੈਨੀ ਵਾਲਾ ਤੇ ਬਣਾਇਆ ਜਾ ਸਕਦਾ । ਜੇ ਝੀਲ ਚ ਪਾਣੀ ਵਧੇ ਤਾਂ ਉਸਨੂੰ ਅੱਗੇ ਦਰਿਆ ਵਿਚ ਕੱਢਿਆ ਜਾ ਸਕਦਾ। ਇਸੇ ਤਰਾਂ ਘੱਗਰ ਦਰਿਆ ਤੇ ਵੀ ਹੋ ਸਕਦਾ। ਵਾਹ ਕਾਮਰੇਟਾ ਸਕੀਮ ਤਾਂ ਤੇਰੀ ਵਧੀਆ ਐਤਕੀਂ ਤੈਨੂੰ ਬੋਟਾਂ ਚ ਖੜ੍ਹਾ ਕਰਾਂਗੇ ਤੇ ਤੂੰ ਜਿੱਤਕੇ ਇਹ ਲੜਾਈ ਲੜੀਂ। ਚੰਗਾ ਮੈਂ ਚੱਲਦਾ ਚਾਰ ਰੋਟੀਆਂ ਵੀ ਰਾੜ੍ਹਨੀਆਂ ਮੇਰੇ ਕਿਹੜਾ ਘਰਵਾਲੀ ਨੇ ਪਕਾ ਦੇਣੀਆਂ। ਚੰਗਾ ਬਈ ਅਮਲੀਆ ਮੈਂ ਵੀ ਚੱਲਦਾਂ ਫੇਰ–।

ਗੁਰਭੇਜ ਸਿੰਘ ਚੌਹਾਨ
ਸਾਦਿਕ ( ਫਰੀਦਕੋਟ )
98143 06545
Total Views: 189 ,
Real Estate