ਦਿੱਲੀ ਤੇ ਮੁੰਬਈ ਵਿੱਚ 21 ਜੂਨ, 1961 ਮਗਰੋਂ ਬਾਹਠ ਸਾਲਾਂ ਵਿੱਚ ਪਹਿਲੀ ਵਾਰ ਮੌਨਸੂਨ ਨੇ ਇਕੱਠਿਆਂ ਦਸਤਕ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਮੌਨਸੂਨ ਮਿਥੇ ਸਮੇਂ ਨਾਲੋਂ ਦੋ ਦਿਨ ਪਹਿਲਾਂ, ਜਦੋਂਕਿ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਦੋ ਹਫ਼ਤਿਆਂ ਦੀ ਦੇਰੀ ਨਾਲ ਪਹੁੰਚਿਆ ਹੈ। ਵਿਭਾਗ ਦੇ ਅਧਿਕਾਰੀ ਮੁਤਾਬਕ ਮੌਨਸੂਨ ਦੀ ਸ਼ੁਰੂਆਤ ਮੱਠੀ ਰਹੀ, ਪਰ ਹੁਣ ਇਸ ਵਿੱਚ ਤੇਜ਼ੀ ਆ ਰਹੀ ਹੈ ਤੇ ਇਹ ਮਹਾਰਾਸ਼ਟਰ, ਸਮੁੱਚੇ ਕਰਨਾਟਕ, ਕੇਰਲ, ਤਾਮਿਲਨਾਡੂ, ਛੱਤੀਸਗੜ੍ਹ, ਉੜੀਸਾ, ਪੂਰਬੀ ਭਾਰਤ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਪੂਰਬੀ ਯੂਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ। ਆਮ ਤੌਰ ’ਤੇ ਕੇਰਲ ਵਿੱਚ ਮੌਨਸੂਨ 1 ਜੂਨ ਤੱਕ, ਮੁੰਬਈ ਵਿੱਚ 11 ਜੂਨ ਤੇ ਕੌਮੀ ਰਾਜਧਾਨੀ ਵਿੱਚ 27 ਜੂਨ ਤੱਕ ਪਹੁੰਚ ਜਾਂਦਾ ਹੈ। ਮੌਨਸੂਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ, ਜਿਸ ਵਿੱਚ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਵੱਡੇ ਹਿੱਸੇ ਸ਼ਾਮਲ ਹੋ ਗਿਆ ਹੈ, ਜੋ ਕਿ ਨਿਰਧਾਰਤ ਸਮੇਂ ਤੋਂ ਜਾਂ ਇਸ ਤੋਂ ਥੋੜ੍ਹਾ ਪਹਿਲਾਂ ਪਹੁੰਚ ਗਿਆ ਹੈ, ਪਰ ਮੱਧ ਭਾਰਤ ਵਿੱਚ ਇਹ ਅਜੇ ਵੀ ਨਿਰਧਾਰਿਤ ਸਮੇਂ ਨਾਲੋਂ 10-12 ਦਿਨ ਪਿੱਛੇ ਹੈ, ਜਿੱਥੇ ਜ਼ਿਆਦਾਤਰ ਕਿਸਾਨ ਖੇਤੀ ਲਈ ਮੀਂਹ ’ਤੇ ਟੇਕ ਰੱਖਦੇ ਹਨ। ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਮੌਨਸੂਨ ਹੁਣ ਵੇਰਾਵਲ, ਬੜੌਦਾ, ਉਦੈਪੁਰ, ਨਾਰਨੌਲ, ਅੰਬਾਲਾ ਅਤੇ ਕਟੜਾ ਤੋਂ ਹੋ ਕੇ ਲੰਘ ਗਿਆ ਹੈ। ਅਧਿਕਾਰੀਆਂ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਗੁਜਰਾਤ, ਰਾਜਸਥਾਨ, ਹਰਿਆਣਾ, ਪੰਜਾਬ ਦੇ ਕੁਝ ਹੋਰ ਹਿੱਸਿਆਂ ਅਤੇ ਜੰਮੂ-ਕਸ਼ਮੀਰ ਦੇ ਬਾਕੀ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।
ਦਿੱਲੀ ਤੇ ਮੁੰਬਈ ਵਿੱਚ ਇਕੋ ਸਮੇਂ ਮੌਨਸੂਨ ਦੀ ਦਸਤਕ,62 ਸਾਲਾਂ ਮਗਰੋਂ ਹੋਇਆ ਅਜਿਹਾ
Total Views: 166 ,
Real Estate
















