ਪਹਿਲਵਾਨ 15 ਤੱਕ ਪ੍ਰਦਰਸ਼ਨ ਮੁਅੱਤਲ ਕਰਨ ਲਈ ਹੋਏ ਸਹਿਮਤ

ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਣ ਮਗਰੋਂ ਜਿਨਸੀ ਸੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿੱਢਿਆ ਸੰਘਰਸ਼ 15 ਜੂਨ ਤੱਕ ਮੁਲਤਵੀ ਕਰਨ ਲਈ ਸਹਿਮਤ ਹੋ ਗਏ ਹਨ। ਸਰਕਾਰ ਨੇ ਪਹਿਲਵਾਨਾਂ ਨੂੰ ਯਕੀਨ ਦਿਵਾਇਆ ਕਿ ਦਿੱਲੀ ਪੁਲੀਸ ਸਿੰਘ ਖਿਲਾਫ਼ ਵਿੱਢੀ ਜਾਂਚ 15 ਜੂਨ ਤੱਕ ਮੁਕੰਮਲ ਕਰ ਲਏਗੀ ਤੇ ਉਦੋਂ ਤੱਕ ਉਡੀਕ ਕੀਤੀ ਜਾਵੇ। ਪਹਿਲਵਾਨਾਂ ਨੇ ਖੇਡ ਮੰਤਰੀ ਨਾਲ ਪੰਜ ਘੰਟੇ ਦੇ ਕਰੀਬ ਚੱਲੀ ਬੈਠਕ ਮਗਰੋਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਖਿਲਾਫ਼ ਦਰਜ ਕੇਸ ਵਾਪਸ ਲੈਣ ਦਾ ਵੀ ਭਰੋਸਾ ਦਿੱਤਾ ਹੈ। ਚੇਤੇ ਰਹੇ ਕਿ 28 ਮਈ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਦੀ ਪੁਲੀਸ ਨਾਲ ਝੜਪ ਹੋ ਗਈ ਸੀ। ਮਹਿਲਾ ਪਹਿਲਵਾਨਾਂ ਸਣੇ ਹੋਰਨਾਂ ਨੂੰ ਹਿਰਾਸਤ ’ਚ ਲੈਣ ਮਗਰੋਂ ਭਾਵੇਂ ਛੱਡ ਦਿੱਤਾ ਗਿਆ, ਪਰ ਦਿੱਲੀ ਪੁਲੀਸ ਨੇ ਪਹਿਲਵਾਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਮੀਿਟੰਗ ਮਗਰੋਂ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦਾ ਸੱਤਿਆਗ੍ਰਹਿ ਅਜੇ ਖ਼ਤਮ ਨਹੀਂ ਹੋਇਆ ਤੇ ਉਨ੍ਹਾਂ ਸਰਕਾਰ ਦੀ ਅਪੀਲ ’ਤੇ 15 ਜੂਨ ਤੱਕ ਆਪਣਾ ਸੰਘਰਸ਼ ਮੁਲਤਵੀ ਕੀਤਾ ਹੈ।’’ ਸਾਕਸ਼ੀ ਮਲਿਕ ਨੇ ਕਿਹਾ, ‘‘ਸਾਨੂੰ ਦੱਸਿਆ ਗਿਆ ਹੈ ਕਿ ਪੁਲੀਸ ਦੀ ਤਫ਼ਤੀਸ਼ 15 ਜੂਨ ਤੱਕ ਮੁਕੰਮਲ ਹੋ ਜਾਵੇਗੀ। ਉਦੋਂ ਤੱਕ ਸਾਨੂੰ ਉਡੀਕ ਕਰਨ ਤੇ ਸੰਘਰਸ਼ ਮੁਲਤਵੀ ਕਰਨ ਲਈ ਕਿਹਾ ਗਿਆ ਹੈ।’’ ਮਲਿਕ ਨੇ ਕਿਹਾ, ‘‘ਦਿੱਲੀ ਪੁਲੀਸ ਪਹਿਲਵਾਨਾਂ ਖਿਲਾਫ਼ 28 ਮਈ ਨੂੰ ਦਰਜ ਐੱਫਆਈਆਰ ਵੀ ਵਾਪਸ ਲਏਗੀ।’’

Total Views: 120 ,
Real Estate