![]()
ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਦੇ ਜੀਵੀਕੇ ਗੋਇੰਦਵਾਲ ਤਾਪ ਬਿਜਲੀ ਘਰ ਨੂੰ ਖ਼ਰੀਦਣ ਲਈ ਮੈਦਾਨ ’ਚ ਉੱਤਰਨ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਕੈਬਨਿਟ ਸਬ-ਕਮੇਟੀ ਨੇ ਇਸ ਪ੍ਰਾਈਵੇਟ ਥਰਮਲ ਨੂੰ ਖ਼ਰੀਦਣ ਲਈ ਪੰਜਾਬ ਦੇ ਹਿੱਤਾਂ ਦੇ ਪੱਖ ਤੋਂ ਨਫ਼ੇ-ਨੁਕਸਾਨ ਦੇਖਣ ਲਈ 2 ਜੂਨ ਨੂੰ ਇੱਕ ਮੀਟਿੰਗ ਵੀ ਕੀਤੀ ਹੈ। ਕੈਬਨਿਟ ਸਬ-ਕਮੇਟੀ ਖ਼ਰੀਦ ਪ੍ਰਕਿਰਿਆ, ਭਵਿੱਖ ਦੀਆਂ ਬਿਜਲੀ ਲੋੜਾਂ ਆਦਿ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਇਸ ਬਾਰੇ ਵਿੱਤ ਦੇ ਪ੍ਰਬੰਧ ਅਤੇ ਕਾਨੂੰਨੀ ਮਸ਼ਵਰੇ ਵੀ ਲਏ ਜਾ ਰਹੇ ਹਨ। ਵੇਰਵਿਆਂ ਅਨੁਸਾਰ ਪਾਵਰਕੌਮ ਵੱਲੋਂ ਗੋਇੰਦਵਾਲ ਥਰਮਲ ਪਲਾਂਟ ਨੂੰ ਖ਼ਰੀਦਣ ਵਾਸਤੇ ਆਪਣੀ ਦਿਲਚਸਪੀ ਪਹਿਲਾਂ ਹੀ ਦਿਖਾਈ ਜਾ ਚੁੱਕੀ ਹੈ। ਅੱਗੇ ਥਰਮਲ ਦੀ ਖ਼ਰੀਦ ਲਈ ਵਿੱਤੀ ਬੋਲੀ ਦੇਣ ਦੀ ਆਖ਼ਰੀ ਤਰੀਕ 15 ਜੂਨ ਹੈ। ਖਬਰਾਂ ਅਨੁਸਾਰ ਪਾਵਰਕੌਮ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਦੀ ਮੀਟਿੰਗ ਵਿਚ ਇਸ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਨੇ ਇਹ ਫ਼ੈਸਲਾ ਹਾਲੇ ਕਰਨਾ ਹੈ ਕਿ ਗੋਇੰਦਵਾਲ ਥਰਮਲ ਦੀ ਖ਼ਰੀਦ ਲਈ ਕਿੰਨੀ ਰਾਸ਼ੀ ਦੀ ਬੋਲੀ ਦੇਣੀ ਹੈ। ਅਖੀਰ ਵਿਚ ਪੰਜਾਬ ਕੈਬਨਿਟ ਵਿਚ ਇਹ ਮਾਮਲਾ ਜਾਵੇਗਾ।



















