ਚਰਨਜੀਤ ਭੁੱਲਰ ਚੰਡੀਗੜ੍ਹ, 31 ਮਈ 2023
‘ਆਪ’ ਸਰਕਾਰ ਵੱਲੋਂ ਡਾ. ਇੰਦਰਬੀਰ ਸਿੰਘ ਨਿੱਜਰ ਦੀ ਵਜ਼ਾਰਤ ‘ਚੋਂ ਛੁੱਟੀ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਅਹਿਮ ਖੇਤੀ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਾਪਸ ਲਏ ਜਾਣ ਦਾ ਭੇਤ ਬਣ ਗਿਆ ਹੈ। ਜਿਸ ਤਰ੍ਹਾਂ ਸਰਕਾਰ ਨੇ ਇੱਕ ਮਜ਼ਬੂਤ ਮੰਤਰੀ ਧਾਲੀਵਾਲ ਦਾ ਸਿਆਸੀ ਕੱਟ ਛੋਟਾ ਕੀਤਾ ਹੈ, ਉਸ ਤੋਂ ਸਿਆਸੀ ਹਲਕੇ ਵੀ ਹੈਰਾਨ ਹਨ।
ਕੁਲਦੀਪ ਸਿੰਘ ਧਾਲੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਸਮਝੇ ਜਾਂਦੇ ਹਨ ਅਤੇ ਸਿਆਸਤ ਤੋਂ ਪਹਿਲਾਂ ਦੀ ਉਨ੍ਹਾਂ ਦੀ ਭਗਵੰਤ ਮਾਨ ਨਾਲ ਸਾਂਝ ਰਹੀ ਹੈ। ਉਨ੍ਹਾਂ ਨੇ ਆਪਣੀ ਵਿਦੇਸ਼ੀ ਨਾਗਰਿਕਤਾ ਵੀ ਛੱਡ ਦਿੱਤੀ ਸੀ। ਕਰੀਬ ਸਵਾ ਸਾਲ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਵਿੱਢੀ ਅਤੇ ਸਰਕਾਰ ਨੇ ਇਸ ਪ੍ਰਾਪਤੀ ‘ਤੇ ਮਾਣ ਵੀ ਕੀਤਾ।
ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਧਾਲੀਵਾਲ ਨੇ 31 ਮਈ ਤੱਕ ਦਾ ਕਬਜ਼ਕਾਰਾਂ ਨੂੰ ਅਲਟੀਮੇਟਮ ਵੀ ਦਿੱਤਾ ਸੀ, ਉਸ ਤੋਂ ਪਹਿਲਾਂ ਹੀ ਅੱਜ ਉਨ੍ਹਾਂ ਕੋਲੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਗਿਆ ਹੈ।
ਕੁਲਦੀਪ ਧਾਲੀਵਾਲ ਵੱਲੋਂ ਨਵੀਂ ਖੇਤੀ ਨੀਤੀ ਤਿਆਰ ਕੀਤੀ ਜਾ ਰਹੀ ਸੀ। ਸਿਆਸੀ ਹਲਕੇ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ। ਸੂਤਰ ਆਖਦੇ ਹਨ ਕਿ ‘ਆਪ’ ਦੀ ਹਾਈਕਮਾਨ ਅੰਦਰੋ-ਅੰਦਰੀ ਭਾਂਪ ਰਹੀ ਸੀ ਕਿ ਕੁਲਦੀਪ ਧਾਲੀਵਾਲ ਇੱਕ ਵੱਡੇ ਨੇਤਾ ਵਜੋਂ ਉੱਭਰ ਰਹੇ ਹਨ ਅਤੇ ਉਹ ਭਗਵੰਤ ਮਾਨ ਦੀ ਇੱਕ ਤਰੀਕੇ ਨਾਲ ਤਾਕਤ ਵੀ ਹਨ। ਮੁੱਖ ਮੰਤਰੀ ਦੇ ਵਫ਼ਾਦਾਰ ਸਮਝੇ ਜਾਂਦੇ ਕੁਲਦੀਪ ਧਾਲੀਵਾਲ ਦਾ ਸਿਆਸੀ ਕੱਦ ਛੋਟਾ ਕਰਨ ਦੇ ਕਾਰਨਾਂ ਦੀ ਕਿਸੇ ਨੂੰ ਵੀ ਸਮਝ ਨਹੀਂ ਪੈ ਰਹੀ ਹੈ। ਸੂਤਰ ਕਿਸੇ ਅੰਦਰੂਨੀ ਰਿਪੋਰਟ ਨੂੰ ਇਸ ਦੀ ਵਜ੍ਹਾ ਦੱਸ ਰਹੇ ਹਨ।
‘ਆਪ’ ਸਰਕਾਰ ਵੱਲੋਂ ਡਾ. ਇੰਦਰਬੀਰ ਸਿੰਘ ਨਿੱਜਰ ਤੋਂ ਅਸਤੀਫ਼ਾ ਲੈਣ ਪਿੱਛੇ ਕਈ ਕਾਰਨਾਂ ‘ਤੇ ਚਰਚਾ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਇੱਕ ਪੰਜਾਬੀ ਅਖ਼ਬਾਰ ਦੀ ਹਮਾਇਤ ਵਿਚ ਦਿੱਤੇ ਬਿਆਨ ਤੋਂ ਇਲਾਵਾ ਡਾ. ਨਿੱਜਰ ਦੇ ਰਿਸ਼ਤੇਦਾਰ ਦੀ ਮਜੀਠੀਆ ਪਰਿਵਾਰ ਨਾਲ ਨੇੜਤਾ ਇਸ ਦੀ ਕਾਰਨ ਬਣੀ ਹੈ। ਅਹਿਮ ਸੂਤਰ ਦੱਸਦੇ ਹਨ ਕਿ ਸਥਾਨਕ ਸਰਕਾਰਾਂ ਵਿਭਾਗ ਵਿਚ ਸਭ ਅੱਛਾ ਨਹੀਂ ਸੀ ਅਤੇ ਡਾ. ਨਿੱਜਰ ਦੇ ਇੱਕ ਰਿਸ਼ਤੇਦਾਰ ਬਾਰੇ ਰਿਪੋਰਟ ਮੁੱਖ ਮੰਤਰੀ ਕੋਲ ਪੁੱਜੀ ਸੀ।
ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਡਾ. ਨਿੱਜਰ ਅਤੇ ਧਾਲੀਵਾਲ ਨੂੰ ਖ਼ਬਰਦਾਰ ਵੀ ਕੀਤਾ ਸੀ। ਪੰਜਾਬ ਕੈਬਨਿਟ ਵਿਚ ਡਾ. ਨਿੱਜਰ ਗੁਰਸਿੱਖ ਚਿਹਰਾ ਸਨ ਅਤੇ ਹੁਣ ਉਨ੍ਹਾਂ ਦੀ ਥਾਂ ਗੁਰਮੀਤ ਸਿੰਘ ਖੁੱਡੀਆਂ ਗੁਰਸਿੱਖ ਚਿਹਰੇ ਵਜੋਂ ਲੈਣਗੇ। ਡਾ. ਨਿੱਜਰ ਨੂੰ ਕੈਬਨਿਟ ‘ਚੋਂ ਬਾਹਰ ਕਰਨ ਦਾ ਅਸਰ ਆਗਾਮੀ ਨਗਰ ਨਿਗਮ ਅੰਮ੍ਰਿਤਸਰ ਦੀ ਚੋਣ ‘ਤੇ ਵੀ ਪੈ ਸਕਦਾ ਹੈ। ‘ਆਪ’ ਦੇ ਵਿਧਾਇਕਾਂ ਅਤੇ ਬਾਕੀ ਵਜ਼ੀਰਾਂ ਵਿਚ ਇਸ ਕਾਰਵਾਈ ਦਾ ਸਖ਼ਤ ਸੁਨੇਹਾ ਗਿਆ ਹੈ।
ਖੁੱਡੀਆਂ ਨੂੰ ਕਿਉਂ ਦਿੱਤੀ ਵਜ਼ੀਰੀ
ਮੁੱਖ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਵਜ਼ਾਰਤ ਵਿਚ ਸ਼ਾਮਲ ਕਰ ਕੇ ਲੰਬੀ ਹਲਕੇ ਵਿਚ ਬਾਦਲਾਂ ਨੂੰ ਸਖ਼ਤ ਟੱਕਰ ਦੇਣ ਦਾ ਸੁਨੇਹਾ ਦਿੱਤਾ ਹੈ। ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਦਾ ਅਕਸ ਵੀ ਸਾਫ਼ ਸੁਥਰਾ ਹੈ ਅਤੇ ਨਰਮ ਸੁਭਾਅ ਵਜੋਂ ਜਾਣੇ ਜਾਂਦੇ ਹਨ। ਸ੍ਰੀ ਖੁੱਡੀਆਂ ਨੂੰ ਖੇਤੀ ਮਹਿਕਮੇ ਦੇਣ ਪਿੱਛੇ ਵੀ ਇਹੋ ਕਾਰਨ ਹੈ ਕਿ ਖੇਤੀ ਸੰਕਟ ਦਾ ਵੱਡਾ ਪ੍ਰਭਾਵ ਮਾਲਵਾ ਖ਼ਿੱਤੇ ਵਿਚ ਹੀ ਹੈ ਅਤੇ ਕਿਸਾਨ ਧਿਰਾਂ ਦੀ ਮਜ਼ਬੂਤੀ ਵੀ ਮਾਲਵੇ ਵਿਚ ਵੱਧ ਹੈ।
ਜਲੰਧਰ ਹਿੱਸੇ ਮੁੜ ਪੁਰਾਣੀ ਵਜ਼ੀਰੀ
ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਵਜ਼ੀਰ ਬਣਾ ਕੇ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ। ਜ਼ਿਲ੍ਹਾ ਜਲੰਧਰ ਨੂੰ ਇੱਕ ਦਫ਼ਾ ਮੁੜ ਸਥਾਨਕ ਸਰਕਾਰਾਂ ਵਿਭਾਗ ਮਿਲ ਗਿਆ ਹੈ। ਹਲਕਾ ਕਰਤਾਰਪੁਰ ਤੋਂ ਚੌਧਰੀ ਜਗਜੀਤ ਸਿੰਘ ਵੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਜਲੰਧਰ ਤੋਂ ਮਨੋਰੰਜਨ ਕਾਲੀਆ ਅਤੇ ਚੁੰਨੀ ਲਾਲ ਭਗਤ ਵੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹਿ ਚੁੱਕੇ ਹਨ।



















